ਸਿਵਲ ਡਿਫੈਂਸ ਬਰਨਾਲਾ ਨੂੰ ਰੈੱਡ ਕ੍ਰਾਸ ਰਾਹੀਂ 2 ਹਿਊਮਨ ਡਮੀ ਭੇਟ

1

ਬਰਨਾਲਾ, 16 ਸਤੰਬਰ 2026 AJ DI Awaaj

Punjab Desk  :   ਡਿਪਟੀ ਕਮਿਸ਼ਨਰ-ਕਮ-ਪ੍ਰਧਾਨ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈਏਐੱਸ ਵੱਲੋਂ ਅੱਜ ਆਪਣੇ ਦਫਤਰ ਵਿਖੇ ਸਿਵਲ ਡਿਫੈਂਸ ਬਰਨਾਲਾ ਨੂੰ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਰਾਹੀਂ ਸੀਆਰਪੀ (Cardiopulmonary Resuscitation) ਟ੍ਰੇਨਿੰਗ ਲਈ 2 ਹਿਊਮਨ ਡਮੀ ਦਿੱਤੇ ਗਏ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਹਰਪ੍ਰੀਤ ਸਿੰਘ ਆਈਏਐੱਸ ਨੇ ਕਿਹਾ ਕਿ ਕਿਸੇ ਵੀ ਐਮਰਜੈਂਸੀ ਜਾਂ ਹਾਦਸੇ ਦੀ ਸਥਿਤੀ ਵਿੱਚ ਮੁਢਲੀ ਸਹਾਇਤਾ ਅਤੇ ਸੀਆਰਪੀ ਵਰਗੀਆਂ ਜੀਵਨ-ਰੱਖਿਅਕ ਤਕਨੀਕਾਂ ਦੀ ਜਾਣਕਾਰੀ ਬਹੁਤ ਮਹੱਤਵਪੂਰਨ ਹੁੰਦੀ ਹੈ। ਉਨ੍ਹਾਂ ਕਿਹਾ ਕਿ ਸਿਵਲ ਡਿਫੈਂਸ ਦੇ ਵਲੰਟੀਅਰ ਅਤੇ ਵਾਰਡਨ ਕਿਸੇ ਵੀ ਆਫ਼ਤ ਜਾਂ ਐਮਰਜੈਂਸੀ ਸਮੇਂ ਲੋਕਾਂ ਦੀ ਮਦਦ ਲਈ ਸਭ ਤੋਂ ਪਹਿਲਾਂ ਪਹੁੰਚਣ ਵਾਲੇ ਵਿਅਕਤੀਆਂ ਵਿੱਚ ਸ਼ਾਮਲ ਹੁੰਦੇ ਹਨ, ਇਸ ਲਈ ਉਨ੍ਹਾਂ ਨੂੰ ਨਿਯਮਤ ਤੌਰ ’ਤੇ ਪ੍ਰੈਕਟੀਕਲ ਟ੍ਰੇਨਿੰਗ ਦੇਣਾ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਹਿਊਮਨ ਡਮੀ ਰਾਹੀਂ ਸੀਆਰਪੀ ਦੀ ਪ੍ਰੈਕਟੀਕਲ ਸਿਖਲਾਈ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਦਿੱਤੀ ਜਾ ਸਕੇਗੀ। ਇਸ ਨਾਲ ਸਿਖਿਆਰਥੀ ਛਾਤੀ ’ਤੇ ਦਬਾਅ ਦੇਣ, ਮਰੀਜ਼ ਦੀ ਸਥਿਤੀ ਨੂੰ ਸਮਝਣ ਅਤੇ ਐਮਰਜੈਂਸੀ ਦੌਰਾਨ ਅਪਣਾਈ ਜਾਣ ਵਾਲੀ ਪ੍ਰਕਿਰਿਆ ਦਾ ਅਭਿਆਸ ਕਰ ਸਕਣਗੇ। ਉਨ੍ਹਾਂ ਕਿਹਾ ਕਿ ਅਜਿਹੇ ਸਿਖਲਾਈ ਉਪਕਰਨ ਸਿਵਲ ਡਿਫੈਂਸ ਦੇ ਮੈਂਬਰਾਂ ਦੀ ਤਿਆਰੀ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਆਫ਼ਤ ਪ੍ਰਬੰਧਨ ਅਤੇ ਐਮਰਜੈਂਸੀ ਰਿਸਪਾਂਸ ਸਮਰੱਥਾ ਨੂੰ ਵਧਾਉਣ ਵਿੱਚ ਸਹਾਇਕ ਸਾਬਤ ਹੋਣਗੇ।
ਡਿਪਟੀ ਕਮਿਸ਼ਨਰ ਨੇ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਵੱਲੋਂ ਕੀਤੇ ਜਾ ਰਹੇ ਮਨੁੱਖੀ ਭਲਾਈ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਰੈੱਡ ਕ੍ਰਾਸ ਵੱਲੋਂ ਸਮੇਂ-ਸਮੇਂ ’ਤੇ ਲੋਕ ਭਲਾਈ ਅਤੇ ਐਮਰਜੈਂਸੀ ਸੇਵਾਵਾਂ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਵਿੱਚ ਸਹਿਯੋਗ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਆਫ਼ਤ ਪ੍ਰਬੰਧਨ, ਸਿਵਲ ਡਿਫੈਂਸ ਅਤੇ ਲੋਕਾਂ ਦੀ ਸੁਰੱਖਿਆ ਨਾਲ ਜੁੜੀਆਂ ਗਤੀਵਿਧੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਲੋੜੀਂਦਾ ਸਹਿਯੋਗ ਜਾਰੀ ਰੱਖਿਆ ਜਾਵੇਗਾ।
ਇਸ ਮੌਕੇ ਸੈਕਟਰੀ ਜ਼ਿਲ੍ਹਾ ਰੈੱਡ ਕ੍ਰਾਸ ਸੋਸਾਇਟੀ ਸਰਵਣ ਸਿੰਘ, ਸਿਵਲ ਡਿਫੈਂਸ ਬਰਨਾਲਾ ਦੇ ਚੀਫ ਵਾਰਡਨ ਸ੍ਰੀ ਮਹਿੰਦਰ ਕਪਿਲ, ਪੋਸਟ ਵਾਰਡਨ ਸ੍ਰੀ ਅਖਿਲੇਸ਼ ਬਾਂਸਲ, ਸ੍ਰੀ ਕਿਸ਼ੋਰ ਸ਼ਰਮਾ, ਸ੍ਰੀਮਤੀ ਰਜਿੰਦਰ ਕੌਰ (ਸਾਰੇ ਪੋਸਟ ਵਾਰਡਨ),
ਡਿਪਟੀ ਪੋਸਟ ਵਾਰਡਨ ਸ੍ਰੀਮਤੀ ਰਿਤੂ ਸਿੰਗਲਾ, ਡਿਪਟੀ ਪੋਸਟ ਵਾਰਡਨ ਸ੍ਰੀ ਲਖਵਿੰਦਰ ਸ਼ਰਮਾ, ਸੈਕਟਰ ਵਾਰਡਨ ਸ੍ਰੀ ਧੀਰਜ ਸ਼ਰਮਾ, ਸੈਕਟਰ ਵਾਰਡਨ ਸ੍ਰੀ ਨਿਸ਼ਚਲ ਗਰਗ ਅਤੇ ਵਲੰਟੀਅਰ ਸ੍ਰੀ ਭਾਰਤ ਭੂਸ਼ਨ ਸਿੰਗਲਾ, ਸ੍ਰੀ ਅਵਤਾਰ ਫਰਵਾਹੀ, ਸ੍ਰੀ ਰੀਤਾ ਗੋਇਲ, ਸ੍ਰੀ ਸੌਰਵ ਗਰਗ ਅਤੇ ਸ੍ਰੀ ਉਰਦਿਸ਼ ਘਾਰੂ (ਸਾਰੇ ਵਲੰਟੀਅਰ) ਸਮੇਤ ਹੋਰ ਮੈਂਬਰ ਮੌਜੂਦ ਸਨ।