ਮਾਨਸਾ, 05 ਸਤੰਬਰ 2025 Aj DI Awaaj
Punjab Desk : ਕ੍ਰਿਸ਼ੀ ਵਿਗਿਆਨ ਕੇਂਦਰ (ਕੇ.ਵੀ.ਕੇ.) ਮਾਨਸਾ ਵੱਲੋਂ 01 ਸਤੰਬਰ ਤੋਂ 05 ਸਤੰਬਰ, 2025 ਤੱਕ ਪੰਜ ਰੋਜ਼ਾ ਵਿਕਾਸ਼ੀਲ ਸਿਖਲਾਈ ਪ੍ਰੋਗਰਾਮ “ਸਹਾਇਕ ਧੰਦੇ ਵਜੋਂ ਖੁੰਭਾਂ ਦੀ ਖੇਤੀ” ਆਯੋਜਿਤ ਕੀਤਾ ਗਿਆ। ਇਸ ਸਿਖਲਾਈ ਦੌਰਾਨ 20 ਕਿਸਾਨਾਂ ਨੂੰ ਇਸ ਲਾਭਕਾਰੀ ਧੰਦੇ ਰਾਹੀਂ ਆਪਣੀ ਆਮਦਨ ਵਧਾਉਣ ਲਈ ਪ੍ਰੈਕਟੀਕਲ ਕੁਸ਼ਲਤਾਵਾਂ ਬਾਰੇ ਜਾਣੂ ਕਰਵਾਇਆ ਗਿਆ।
ਇਸ ਦੌਰਾਨ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ), ਡਾ. ਤੇਜਪਾਲ ਸਿੰਘ ਸਰਾਂ ਨੇ ਸਿਖਲਾਈ ਸੈਸ਼ਨਾ ਦੀ ਅਗਵਾਈ ਕੀਤੀ ਅਤੇ ਪੰਜਾਬ ਦੇ ਮੌਸਮ ਲਈ ਢੁਕਵੇਂ ਵੱਖ-ਵੱਖ ਖੁੰਭਾਂ, ਜਿਵੇਂ ਬਟਨ, ਓਸਟਰ ਅਤੇ ਪੈਡੀ ਸਟ੍ਰਾਅ ਖੁੰਭ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਸਪਾਨ ਤਿਆਰ ਕਰਨ, ਕੰਪੋਸਟਿੰਗ, ਕੇਸਿੰਗ ਅਤੇ ਪੋਸਟ-ਹਾਰਵੈਸਟ ਪ੍ਰਬੰਧਨ ਵਰਗੇ ਜ਼ਰੂਰੀ ਪਹਿਲੂਆਂ ਨੂੰ ਸ਼ਾਮਲ ਕੀਤਾ ਅਤੇ ਘਰੇਲੂ ਖੁੰਭਾਂ ਦੀ ਖੇਤੀ ਲਈ ਸਸਤੀਆਂ ਤਕਨੀਕਾਂ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਖੁੰਭਾਂ ਦੀ ਖੇਤੀ ਲਈ ਘੱਟ ਜਗ੍ਹਾ ਦੀ ਲੋੜ ਹੁੰਦੀ ਹੈ ਅਤੇ ਇਹ ਮੁਨਾਫ਼ਾ ਵੀ ਛੇਤੀ ਵਾਪਸੀ ਦਿੰਦੀ ਹੈ, ਇਸ ਲਈ ਛੋਟੇ ਕਿਸਾਨਾਂ ਲਈ ਇਹ ਇੱਕ ਸ਼ਾਨਦਾਰ ਸਹਾਇਕ ਧੰਦਾ ਹੈ। ਇਸ ਦੇ ਨਾਲ ਹੀ, ਬਟਨ ਖੁੰਭ ਲਈ ਕੰਪੋਸਟ ਤਿਆਰ ਕਰਨ ਵਿੱਚ ਹੱਥੀਂ ਸਿਖਲਾਈ ਬਾਰੇ ਜਾਣਕਾਰੀ ਦਿੱਤੀ ਗਈ।
ਬਾਗਬਾਨੀ ਵਿਕਾਸ ਅਫ਼ਸਰ, ਪਰਮੇਸ਼ਵਰ ਨੇ ਪੰਜਾਬ ਵਿੱਚ ਖੁੰਭ ਦੀ ਖੇਤੀ ਲਈ ਉਪਲਬਧ ਸਰਕਾਰੀ ਸਬਸਿਡੀ ਜਿਸ ਵਿੱਚ ਕੰਪੋਸਟ ਯੂਨਿਟਾਂ ਅਤੇ ਸਪਾਨ ਲੈਬ ‘ਤੇ 50 ਫ਼ੀਸਦੀ ਤੱਕ ਮਦਦ ਮਿਲਦੀ ਹੈ, ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਕਿਸਾਨਾਂ ਨੂੰ ਇਨ੍ਹਾਂ ਸਬਸਿਡੀਆਂ ਦਾ ਲਾਭ ਉਠਾਉਣ ਅਤੇ ਆਪਣੇ ਕੰਮ ਨੂੰ ਵਧਾਉਣ ਦੀ ਸਲਾਹ ਦਿੱਤੀ।
ਇਸ ਤੋਂ ਇਲਾਵਾ, ਐਸ.ਬੀ.ਆਈ ਮੈਨੇਜਰ ਨੇ ਸਹਾਇਕ ਧੰਦਿਆਂ ਲਈ ਕਰਜ਼ਾ ਸਹੂਲਤਾਂ ਬਾਰੇ ਜਾਣਕਾਰੀ ਦਿੱਤੀ, ਜਿਸ ਵਿੱਚ ਕਿਸਾਨ ਕ੍ਰੈਡਿਟ ਕਾਰਡ ਅਤੇ ਐਗਰੀ-ਇਨਫਰਾ ਫੰਡ ਵਰਗੀਆਂ ਘੱਟ-ਵਿਆਜ ਵਾਲੀਆਂ ਸਕੀਮਾਂ ਸ਼ਾਮਲ ਹਨ, ਜੋ ਖੁੰਭਾਂ ਦੀ ਖੇਤੀ ਵਰਗੇ ਕੰਮਾਂ ਲਈ ਲਚੀਲੇ ਭੁਗਤਾਨ ਵਿਕਲਪਾਂ ਨਾਲ ਤਿਆਰ ਕੀਤੀਆਂ ਗਈਆਂ ਹਨ।
ਇਸ ਸਰਟੀਫਾਈਡ ਕਿੱਤਾ-ਮੁੱਖੀ ਸਿਖਲਾਈ ਕੋਰਸ ਵਿਚ ਖੁੰਭ ਦੀ ਖੇਤੀ ਸ਼ੁਰੂ ਕਰਨ ਲਈ ਕਿਸਾਨਾਂ ਨੂੰ ਸਿਖਲਾਈ ਦਿੱਤੀ ਗਈ, ਜਿਸ ਵਿੱਚ ਕੰਪੋਸਟ, ਸਪਾਨ ਅਤੇ ਕੇਸਿੰਗ ਤਿਆਰ ਕਰਨਾ ਸ਼ਾਮਲ ਹੈ, ਜਿਸ ਨਾਲ ਉਹ ਖੁੰਭਾਂ ਦੀ ਖੇਤੀ ਦੇ ਸਾਰੇ ਪਹਿਲੂਆਂ ਨੂੰ ਸ਼ਾਮਲ ਕਰਦੇ ਹੋਏ ਇੱਕ ਸਹਾਇਕ ਧੰਦਾ ਸ਼ੁਰੂ ਕਰ ਸਕਦੇ ਹਨ।
