ਪੰਜਾਬ ਦੇ ਸਰਕਾਰੀ ਦਫ਼ਤਰਾਂ ਵਿੱਚ ਤਿੰਨ ਦਿਨ ਹੜਤਾਲ, ਕੰਮਕਾਜ ਠੱਪ

25

ਪੰਜਾਬ 05 Aug 2026 AJ DI Awaaj

Punjab Desk : ਜੇਕਰ ਤੁਸੀਂ ਪੰਜਾਬ ਦੇ ਕਿਸੇ ਸਰਕਾਰੀ ਦਫ਼ਤਰ ਵਿੱਚ ਆਪਣਾ ਕੋਈ ਕੰਮ ਕਰਵਾਉਣ ਦੀ ਯੋਜਨਾ ਬਣਾ ਰਹੇ ਹੋ, ਤਾਂ ਪਹਿਲਾਂ ਹਾਲਾਤ ਦੀ ਜਾਣਕਾਰੀ ਲੈ ਲਵੋ। ਪੰਜਾਬ ਸਟੇਟ ਮਿਨਿਸਟੀਰੀਅਲ ਸਰਵਿਸਿਜ਼ ਯੂਨੀਅਨ (ਪੀਐਸਐਮਐਸਯੂ) ਨੇ ਰਾਜ ਭਰ ਵਿੱਚ ਤਿੰਨ ਦਿਨਾਂ ਦੇ ਰੋਸ ਪ੍ਰੋਗਰਾਮ ਦਾ ਐਲਾਨ ਕੀਤਾ ਹੈ, ਜਿਸ ਕਾਰਨ ਸਰਕਾਰੀ ਦਫ਼ਤਰਾਂ ਦਾ ਕੰਮਕਾਜ ਵੱਡੇ ਪੱਧਰ ‘ਤੇ ਪ੍ਰਭਾਵਿਤ ਰਹੇਗਾ।

ਯੂਨੀਅਨ ਦੇ ਐਲਾਨ ਅਨੁਸਾਰ ਪਹਿਲੇ ਦੋ ਦਿਨ ਕਰਮਚਾਰੀ “ਕਲਮ ਛੱਡ” ਅਤੇ “ਕੰਪਿਊਟਰ ਸ਼ਟਡਾਊਨ” ਹੜਤਾਲ ਕਰਨਗੇ, ਜਦਕਿ ਤੀਜੇ ਦਿਨ ਸਮੂਹਿਕ ਛੁੱਟੀ ਲੈ ਕੇ ਚੰਡੀਗੜ੍ਹ ਕੂਚ ਕੀਤਾ ਜਾਵੇਗਾ। ਯੂਨੀਅਨ ਨੇ ਆਪਣੇ ਮੈਂਬਰਾਂ ਨੂੰ ਦਫ਼ਤਰਾਂ ਵਿੱਚ ਹਾਜ਼ਰ ਰਹਿ ਕੇ ਵੀ ਕਿਸੇ ਤਰ੍ਹਾਂ ਦਾ ਸਰਕਾਰੀ ਕੰਮ ਨਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਨਾਲ ਹੀ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਕਿਸੇ ਕਰਮਚਾਰੀ ਨੂੰ ਕੰਮ ਕਰਦੇ ਹੋਏ ਪਾਇਆ ਗਿਆ ਤਾਂ ਉਸ ਦਾ ਯੂਨੀਅਨ ਵੱਲੋਂ ਬਾਈਕਾਟ ਕੀਤਾ ਜਾਵੇਗਾ।

ਯੂਨੀਅਨ ਦਾ ਕਹਿਣਾ ਹੈ ਕਿ ਉਹ ਲੰਬੇ ਸਮੇਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਸਰਕਾਰ ਨਾਲ ਗੱਲਬਾਤ ਕਰ ਰਹੀ ਹੈ, ਪਰ ਅਜੇ ਤੱਕ ਕੋਈ ਠੋਸ ਹੱਲ ਨਹੀਂ ਨਿਕਲਿਆ। ਯੂਨੀਅਨ ਦੇ ਪ੍ਰਧਾਨ ਵਿੱਕੀ ਜੁਨੇਜਾ ਨੇ ਕਿਹਾ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ।

ਇੱਕ ਲੱਖ ਤੋਂ ਵੱਧ ਕਰਮਚਾਰੀ ਹੜਤਾਲ ‘ਤੇ

ਯੂਨੀਅਨ ਦੇ ਦਾਅਵੇ ਅਨੁਸਾਰ ਪੰਜਾਬ ਭਰ ਦੇ ਇੱਕ ਲੱਖ ਤੋਂ ਵੱਧ ਸਰਕਾਰੀ ਕਰਮਚਾਰੀ ਇਸ ਹੜਤਾਲ ਵਿੱਚ ਸ਼ਾਮਲ ਹਨ। ਇਸ ਕਾਰਨ ਪ੍ਰਸ਼ਾਸਨਿਕ ਕੰਮਕਾਜ ਦੇ ਨਾਲ-ਨਾਲ ਆਮ ਲੋਕਾਂ ਨੂੰ ਮਿਲਣ ਵਾਲੀਆਂ ਕਈ ਸਰਕਾਰੀ ਸੇਵਾਵਾਂ ਵੀ ਪ੍ਰਭਾਵਿਤ ਹੋਣਗੀਆਂ।

ਕਿਹੜੀਆਂ ਸੇਵਾਵਾਂ ਰਹਿਣਗੀਆਂ ਪ੍ਰਭਾਵਿਤ?

  • ਤਹਿਸੀਲ ਅਤੇ ਮਾਲ ਵਿਭਾਗ: ਜ਼ਮੀਨਾਂ ਦੀ ਰਜਿਸਟਰੀ, ਇੰਤਕਾਲ, ਐਨਓਸੀ ਅਤੇ ਜਾਤੀ, ਰਿਹਾਇਸ਼ ਤੇ ਆਮਦਨ ਪ੍ਰਮਾਣ ਪੱਤਰਾਂ ਨਾਲ ਸੰਬੰਧਿਤ ਕੰਮ ਪ੍ਰਭਾਵਿਤ ਰਹਿਣਗੇ। ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਵੀ ਨਹੀਂ ਹੋਵੇਗੀ।
  • ਟਰਾਂਸਪੋਰਟ ਵਿਭਾਗ: ਡਰਾਈਵਿੰਗ ਲਾਇਸੈਂਸ, ਵਾਹਨਾਂ ਦੀ ਰਜਿਸਟ੍ਰੇਸ਼ਨ (ਆਰਸੀ) ਅਤੇ ਫਿਟਨੈੱਸ ਸਰਟੀਫਿਕੇਟ ਨਾਲ ਜੁੜੀਆਂ ਸੇਵਾਵਾਂ ਪ੍ਰਭਾਵਿਤ ਰਹਿਣਗੀਆਂ।
  • ਸਿਹਤ ਵਿਭਾਗ: ਸਰਕਾਰੀ ਹਸਪਤਾਲਾਂ ਅਤੇ ਸਿਹਤ ਦਫ਼ਤਰਾਂ ਵਿੱਚ ਕਲਰਕੀ ਕੰਮ ਰੁਕਣ ਕਾਰਨ ਮੈਡੀਕਲ ਬਿੱਲਾਂ ਦੀ ਪ੍ਰਕਿਰਿਆ, ਦਿਵਿਆਂਗਤਾ ਪ੍ਰਮਾਣ ਪੱਤਰ ਅਤੇ ਫੂਡ ਸੇਫਟੀ ਨਾਲ ਸੰਬੰਧਿਤ ਕੰਮਾਂ ਵਿੱਚ ਦੇਰੀ ਹੋ ਸਕਦੀ ਹੈ।
  • ਸੇਵਾ ਕੇਂਦਰ: ਸੇਵਾ ਕੇਂਦਰਾਂ ਰਾਹੀਂ ਭੇਜੇ ਗਏ ਦਸਤਾਵੇਜ਼ਾਂ ਦੀ ਵੈਰੀਫਿਕੇਸ਼ਨ ਵੀ ਨਹੀਂ ਕੀਤੀ ਜਾਵੇਗੀ।

ਕਲਰਕੀ ਸਟਾਫ ਸਰਕਾਰੀ ਫਾਈਲਾਂ ਦੀ ਮੂਵਮੈਂਟ ਅਤੇ ਦਫ਼ਤਰੀ ਕਾਰਵਾਈ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ। ਇਸ ਲਈ ਹੜਤਾਲ ਦੌਰਾਨ ਕਈ ਵਿਭਾਗਾਂ ਦਾ ਰੋਜ਼ਾਨਾ ਕੰਮਕਾਜ ਲਗਭਗ ਠੱਪ ਰਹਿਣ ਦੀ ਸੰਭਾਵਨਾ ਹੈ।