ਘਰ-ਘਰ ਪੋਲੀਓ ਮੁਹਿੰਮ ਤਹਿਤ ਟੀਮਾਂ ਵੱਲੋਂ ਲਗਾਤਾਰ ਦੌਰੇ

20

ਕੀਰਤਪੁਰ ਸਾਹਿਬ 30 ਜੂਨ 2026 AJ DI Awaaj

Punjab Desk : ਸਿਵਲ ਸਰਜਨ ਰੂਪਨਗਰ ਦੇ ਦਿਸ਼ਾ-ਨਿਰਦੇਸ਼ਾਂ ਅਤੇ ਪੰਜਾਬ ਸਰਕਾਰ ਦੀਆਂ ਗਾਈਡਲਾਈਨਾਂ ਅਨੁਸਾਰ ਪੀ.ਐਚ.ਸੀ ਕੀਰਤਪੁਰ ਸਾਹਿਬ ਅਧੀਨ ਪੋਲੀਓ ਮੁਹਿੰਮ ਲਗਾਤਾਰ ਚਲਾਈ ਜਾ ਰਹੀ ਹੈ। ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਪੇਂਡੂ ਅਤੇ ਸ਼ਹਿਰੀ ਖੇਤਰਾਂ ਵਿੱਚ ਘਰ-ਘਰ ਜਾ ਕੇ ਬੱਚਿਆਂ ਨੂੰ ਪੋਲੀਓ ਦੀਆਂ ਬੂੰਦਾਂ ਪਿਲਾਈਆਂ ਜਾ ਰਹੀਆਂ ਹਨ। ਇਸ ਮੁਹਿੰਮ ਦਾ ਮਕਸਦ 0 ਤੋਂ 5 ਸਾਲ ਦੇ ਹਰ ਬੱਚੇ ਤੱਕ ਵੈਕਸੀਨ ਪਹੁੰਚਾਉਣਾ ਹੈ।
ਸੀਨੀਅਰ ਮੈਡੀਕਲ ਅਫਸਰ ਡਾ.ਸੁਰਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਦਿਨ ਬੂਥਾਂ ‘ਤੇ ਲਗਭਗ 9,221 ਬੱਚਿਆਂ ਨੂੰ ਪੋਲੀਓ ਦੀ ਦਵਾਈ ਪਿਲਾਈ ਗਈ ਸੀ, ਜਦਕਿ ਕੁੱਲ ਟਾਰਗੇਟ 12 ਹਜ਼ਾਰ ਬੱਚਿਆਂ ਦਾ ਸੀ, ਦੂਜੇ ਦਿਨ ਟੀਮਾਂ ਵੱਲੋਂ ਘਰ-ਘਰ ਜਾ ਕੇ ਬਾਕੀ ਰਹਿ ਗਏ ਬੱਚਿਆਂ ਨੂੰ ਦਵਾਈ ਪਿਲਾਈ ਗਈ। ਉਨ੍ਹਾਂ ਕਿਹਾ ਕਿ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਕੋਈ ਵੀ ਬੱਚਾ ਇਸ ਮੁਹਿੰਮ ਤੋਂ ਬਾਹਰ ਨਾ ਰਹਿ ਜਾਵੇ।
ਜ਼ਿਲ੍ਹਾ ਮਾਨੀਟਰਿੰਗ ਸੁਪਰਵਾਈਜ਼ਰ ਡਾ.ਹਰਸ਼ ਕਾਲੀਆ ਵੱਲੋਂ ਦਾਣਾ ਮੰਡੀ ਅਤੇ ਬੰਗਾਲਾ ਬਸਤੀ ਸਮੇਤ ਵੱਖ-ਵੱਖ ਇਲਾਕਿਆਂ ਦਾ ਦੌਰਾ ਕੀਤਾ ਗਿਆ। ਉਨ੍ਹਾਂ ਟੀਮਾਂ ਦੇ ਕੰਮ ‘ਤੇ ਤਸੱਲੀ ਪ੍ਰਗਟ ਕਰਦਿਆਂ ਹੋਰ ਸੁਧਾਰ ਲਈ ਦਿਸ਼ਾ-ਨਿਰਦੇਸ਼ ਵੀ ਦਿੱਤੇ। ਐਸ.ਆਈ. ਸਿਕੰਦਰ ਸਿੰਘ ਨੇ ਦੱਸਿਆ ਕਿ ਪੀ.ਐਚ.ਸੀ ਅਧੀਨ 18 ਸੁਪਰਵਾਈਜ਼ਰ ਕੰਮ ਕਰ ਰਹੇ ਹਨ, ਜਿਨ੍ਹਾਂ ਦੀ ਅਗਵਾਈ ਡਾ. ਦਿਨੇਸ਼ ਕੁਮਾਰ ਕਰ ਰਹੇ ਹਨ।
ਉਨ੍ਹਾਂ ਹੋਰ ਦੱਸਿਆ ਕਿ ਜਿਨ੍ਹਾਂ ਘਰਾਂ ਵਿੱਚ ਬੱਚੇ ਮੌਜੂਦ ਨਹੀਂ ਮਿਲੇ, ਉੱਥੇ ਨਿਸ਼ਾਨ ਲਗਾ ਕੇ ਅਗਲੇ ਤਿੰਨ ਦਿਨਾਂ ਤੱਕ ਫਾਲੋਅਪ ਕੀਤਾ ਜਾਵੇਗਾ। ਲਗਭਗ 22,307 ਘਰਾਂ ਦਾ ਦੌਰਾ ਕੀਤਾ ਗਿਆ ਹੈ ਅਤੇ ਕਰੀਬ 2,300 ਬੱਚਿਆਂ ਨੂੰ ਦਵਾਈ ਪਿਲਾਈ ਗਈ ਹੈ। ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪਣੇ ਹਰ ਬੱਚੇ ਨੂੰ ਪੋਲੀਓ ਦੀ ਦਵਾਈ ਜ਼ਰੂਰ ਪਿਲਵਾਈ ਜਾਵੇ।