ਜਲੰਧਰ 30 June 2026 AJ DI Awaaj
Punjab Desk : ਜਲੰਧਰ ਕੈਂਟ ਰੇਲਵੇ ਸਟੇਸ਼ਨ ‘ਤੇ ਆਪਣੇ ਆਪ ਨੂੰ ਰੇਲਵੇ ਵਿਜੀਲੈਂਸ ਇੰਸਪੈਕਟਰ ਦੱਸ ਕੇ ਘੁੰਮ ਰਹੇ ਇੱਕ ਨੌਜਵਾਨ ਨੂੰ ਰੇਲਵੇ ਅਧਿਕਾਰੀਆਂ ਨੇ ਗ੍ਰਿ*ਫ਼ਤਾਰ ਕਰ ਲਿਆ। ਦੋਸ਼ੀ ਪਿਛਲੇ ਕਰੀਬ ਛੇ ਮਹੀਨਿਆਂ ਤੋਂ ਫਰ*ਜ਼ੀ ਅਧਿਕਾਰੀ ਬਣ ਕੇ ਰੇਲਵੇ ਸਟਾਫ ‘ਤੇ ਰੋਹਬ ਝਾੜ ਰਿਹਾ ਸੀ ਅਤੇ ਵੀਆਈਪੀ ਸਹੂਲਤਾਂ ਦਾ ਲਾਭ ਲੈਂਦੇ ਹੋਏ ਏਸੀ ਕੋਚਾਂ ਵਿੱਚ ਮੁਫ਼ਤ ਸਫ਼ਰ ਕਰ ਰਿਹਾ ਸੀ।
ਗ੍ਰਿ*ਫ਼ਤਾਰ ਕੀਤੇ ਗਏ ਵਿਅਕਤੀ ਦੀ ਪਛਾਣ ਜਾਵੇਦ ਅਲੀ ਵਜੋਂ ਹੋਈ ਹੈ। ਹਾਲ ਹੀ ਵਿੱਚ ਉਹ ਜਲੰਧਰ ਕੈਂਟ ਦੇ ਚੈਕਿੰਗ ਸਟਾਫ ‘ਤੇ ਆਪਣਾ ਪ੍ਰਭਾਵ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸਦੇ ਸ਼ੱਕੀ ਵਿਵਹਾਰ ਕਾਰਨ ਕਰਮਚਾਰੀਆਂ ਨੂੰ ਸ਼ੱਕ ਹੋ ਗਿਆ। ਉਨ੍ਹਾਂ ਨੇ ਤੁਰੰਤ ਸੀਨੀਅਰ ਅਧਿਕਾਰੀਆਂ ਨੂੰ ਇਸ ਬਾਰੇ ਸੂਚਿਤ ਕੀਤਾ।
ਮੌਕੇ ‘ਤੇ ਪਹੁੰਚੇ ਕਮਰਸ਼ੀਅਲ ਮੂਵਮੈਂਟ ਇੰਸਪੈਕਟਰ ਨੇ ਜਦੋਂ ਦੋਸ਼ੀ ਤੋਂ ਅਧਿਕਾਰਤ ਰੇਲਵੇ ਪਛਾਣ ਪੱਤਰ ਮੰਗਿਆ ਤਾਂ ਉਹ ਘਬਰਾ ਗਿਆ ਅਤੇ ਕੋਈ ਵੀ ਵੈਧ ਦਸਤਾਵੇਜ਼ ਪੇਸ਼ ਨਹੀਂ ਕਰ ਸਕਿਆ। ਇਸ ਤੋਂ ਬਾਅਦ ਉਸਦੀ ਅਸਲ ਪਹਿਚਾਣ ਸਾਹਮਣੇ ਆ ਗਈ।
ਸੂਚਨਾ ਮਿਲਦੇ ਹੀ ਸਰਕਾਰੀ ਰੇਲਵੇ ਪੁਲਿਸ (ਜੀਆਰਪੀ) ਅਤੇ ਰੇਲਵੇ ਸੁਰੱਖਿਆ ਬਲ (ਆਰਪੀਐਫ) ਦੀ ਟੀਮ ਮੌਕੇ ‘ਤੇ ਪਹੁੰਚੀ ਅਤੇ ਦੋਸ਼ੀ ਨੂੰ ਗ੍ਰਿ*ਫ਼ਤਾਰ ਕਰ ਲਿਆ।
ਮੁੱਢਲੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਜਾਵੇਦ ਅਲੀ ਪਹਿਲਾਂ ਵੀ ਇਸੇ ਤਰ੍ਹਾਂ ਦੇ ਮਾਮਲੇ ਵਿੱਚ ਫੜਿਆ ਜਾ ਚੁੱਕਾ ਹੈ। ਕਰੀਬ ਇੱਕ ਸਾਲ ਪਹਿਲਾਂ ਉਸ ਨੂੰ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਰੇਲਵੇ ਸਟੇਸ਼ਨ ‘ਤੇ ਫਰਜ਼ੀ ਇੰਸਪੈਕਟਰ ਬਣ ਕੇ ਧੋਖਾਧੜੀ ਕਰਨ ਦੇ ਦੋਸ਼ ਹੇਠ ਗ੍ਰਿ*ਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ।
ਜਾਂਚ ਅਨੁਸਾਰ ਦੋਸ਼ੀ ਅੰਮ੍ਰਿਤਸਰ ਵਿੱਚ ਵੀਆਈਪੀ ਸਹੂਲਤਾਂ ਦਾ ਲਾਭ ਲੈਣ ਤੋਂ ਬਾਅਦ ਏਸੀ ਕੋਚ ਵਿੱਚ ਮੁਫ਼ਤ ਲੁਧਿਆਣਾ ਜਾਣ ਦੇ ਇਰਾਦੇ ਨਾਲ ਜਲੰਧਰ ਕੈਂਟ ਪਹੁੰਚਿਆ ਸੀ।
ਫਿਰੋਜ਼ਪੁਰ ਡਿਵੀਜ਼ਨ ਦੇ ਸੀਨੀਅਰ ਡਿਵੀਜ਼ਨਲ ਕਮਰਸ਼ੀਅਲ ਮੈਨੇਜਰ ਪਰਮਦੀਪ ਸਿੰਘ ਸੈਣੀ ਨੇ ਦੱਸਿਆ ਕਿ ਦੋਸ਼ੀ ਖ਼ਿਲਾਫ਼ ਧੋ*ਖਾਧੜੀ, ਸਰਕਾਰੀ ਅਧਿਕਾਰੀ ਦੀ ਨਕਲ ਕਰਨ ਅਤੇ ਸਰਕਾਰੀ ਡਿਊਟੀ ਵਿੱਚ ਰੁਕਾਵਟ ਪੈਦਾ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ।














