October 15, 2026 Aj Di Awaaj
International Desk: ਬਰਤਾਨੀਆ ਵਿੱਚ ਪੜ੍ਹਾਈ ਕਰਨ ਦੀ ਯੋਜਨਾ ਬਣਾ ਰਹੇ ਭਾਰਤੀ ਅਤੇ ਖ਼ਾਸ ਕਰਕੇ ਪੰਜਾਬੀ ਵਿਦਿਆਰਥੀਆਂ ਲਈ ਚਿੰਤਾ ਵਧ ਸਕਦੀ ਹੈ। ਯੂਕੇ ਦੇ ਗ੍ਰਹਿ ਮੰਤਰਾਲੇ ਵੱਲੋਂ ਸਟੱਡੀ ਵੀਜ਼ਾ ਨਿਯਮ ਸਖ਼ਤ ਕੀਤੇ ਜਾਣ ਕਾਰਨ ਉੱਥੋਂ ਦੀਆਂ ਯੂਨੀਵਰਸਿਟੀਆਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਦਾਖ਼ਲੇ ਸਬੰਧੀ ਵਧੇਰੇ ਸਾਵਧਾਨੀ ਵਰਤ ਰਹੀਆਂ ਹਨ।
ਵੀਜ਼ਾ ਰੱਦ ਹੋਣ ਦੀ ਹੱਦ ਘਟਾਈ
‘ਫਾਇਨਾਂਸ਼ੀਅਲ ਟਾਈਮਜ਼’ ਦੀ ਰਿਪੋਰਟ ਮੁਤਾਬਕ, ਯੂਨੀਵਰਸਿਟੀਆਂ ਨੂੰ ਡਰ ਹੈ ਕਿ ਜੇ ਉਨ੍ਹਾਂ ਦੇ ਦਾਖ਼ਲਾ ਪ੍ਰਾਪਤ ਵਿਦਿਆਰਥੀਆਂ ਵਿੱਚੋਂ 5 ਫ਼ੀਸਦੀ ਤੋਂ ਵੱਧ ਦੇ ਵੀਜ਼ੇ ਰੱਦ ਹੋ ਜਾਂਦੇ ਹਨ, ਤਾਂ ਉਨ੍ਹਾਂ ਉੱਤੇ ਵਿਦੇਸ਼ੀ ਵਿਦਿਆਰਥੀਆਂ ਦੀ ਭਰਤੀ ਕਰਨ ਸਬੰਧੀ ਪਾਬੰਦੀ ਲੱਗ ਸਕਦੀ ਹੈ। ਪਹਿਲਾਂ ਇਹ ਹੱਦ 10 ਫ਼ੀਸਦੀ ਸੀ।
ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਰੱਦ ਹੋਣ ਦੀ ਦਰ 5.2 ਫ਼ੀਸਦੀ
ਰਿਪੋਰਟ ਵਿੱਚ ਦਿੱਤੇ ਅੰਕੜਿਆਂ ਅਨੁਸਾਰ, ਸਾਲ 2026 ਦੀ ਪਹਿਲੀ ਛਿਮਾਹੀ ਦੌਰਾਨ ਭਾਰਤੀ ਵਿਦਿਆਰਥੀਆਂ ਦੇ ਸਟੱਡੀ ਵੀਜ਼ੇ ਰੱਦ ਹੋਣ ਦੀ ਦਰ ਵਧ ਕੇ 5.2 ਫ਼ੀਸਦੀ ਹੋ ਗਈ। ਇਸ ਦੇ ਮੁਕਾਬਲੇ ਪਾਕਿਸਤਾਨ ਵਿੱਚ ਇਹ ਦਰ 40.9 ਫ਼ੀਸਦੀ, ਨਾਈਜੀਰੀਆ ਵਿੱਚ 22.7 ਫ਼ੀਸਦੀ ਅਤੇ ਬੰਗਲਾਦੇਸ਼ ਵਿੱਚ 23.5 ਫ਼ੀਸਦੀ ਦਰਜ ਕੀਤੀ ਗਈ।
ਪੰਜਾਬੀ ਵਿਦਿਆਰਥੀਆਂ ਦੀਆਂ ਵਧ ਸਕਦੀਆਂ ਹਨ ਮੁਸ਼ਕਲਾਂ
ਯੂਕੇ ਵਿੱਚ ਪੜ੍ਹਾਈ ਲਈ ਅਰਜ਼ੀ ਦੇਣ ਵਾਲੇ ਪੰਜਾਬੀ ਵਿਦਿਆਰਥੀਆਂ ਨੂੰ ਵੀ ਇਸ ਸਖ਼ਤੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਯੂਨੀਵਰਸਿਟੀਆਂ ਵੱਲੋਂ ਵੀਜ਼ਾ ਰੱਦ ਹੋਣ ਦੇ ਜੋਖ਼ਮ ਨੂੰ ਘਟਾਉਣ ਲਈ ਦਾਖ਼ਲਾ ਪ੍ਰਕਿਰਿਆ ਦੀ ਹੋਰ ਸਖ਼ਤੀ ਨਾਲ ਜਾਂਚ ਕੀਤੀ ਜਾ ਸਕਦੀ ਹੈ।
ਰਿਪੋਰਟ ਮੁਤਾਬਕ, ਇਸ ਅਨਿਸ਼ਚਿਤਤਾ ਦੇ ਮਾਹੌਲ ਵਿੱਚ ਲਗਭਗ 15 ਯੂਨੀਵਰਸਿਟੀਆਂ ਨੇ ਪਾਕਿਸਤਾਨ ਤੋਂ ਵਿਦਿਆਰਥੀਆਂ ਦੀ ਭਰਤੀ ਮੁਅੱਤਲ ਕਰ ਦਿੱਤੀ ਹੈ।
ਇਸ ਲਈ ਯੂਕੇ ਵਿੱਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਨੂੰ ਅਰਜ਼ੀ ਦੇਣ ਤੋਂ ਪਹਿਲਾਂ ਯੂਨੀਵਰਸਿਟੀ ਦੀਆਂ ਸ਼ਰਤਾਂ, ਵਿੱਤੀ ਦਸਤਾਵੇਜ਼ਾਂ ਅਤੇ ਵੀਜ਼ਾ ਸਬੰਧੀ ਤਾਜ਼ਾ ਅਧਿਕਾਰਤ ਨਿਯਮਾਂ ਦੀ ਜਾਂਚ ਕਰਨੀ ਚਾਹੀਦੀ ਹੈ।



















