ਦਰਿਆਵਾਂ ਅਤੇ ਖੱਡਾਂ ਦੇ ਡੰਗਿਆਂ ਦੀ ਮਜ਼ਬੂਤੀ

23

ਨੰਗਲ 25 ਜੂਨ 2026 AJ DI Awaaj

Punjab Desk : ਭੰਗਲਾ ਅਤੇ ਮਹਿੰਦਪੁਰ ਪਿੰਡਾਂ ਵਿੱਚ ਦਰਿਆਵਾਂ ਤੇ ਖੱਡਾਂ ਦੇ ਡੰਗਿਆਂ ਦੀ ਮਜ਼ਬੂਤੀ ਲਈ ਕਰਵਾਏ ਜਾ ਰਹੇ ਕੰਮ ਪਿੰਡਾਂ ਦੀ ਸੁਰੱਖਿਆ ਲਈ ਇੱਕ ਵੱਡਾ ਕਦਮ ਸਾਬਤ ਹੋ ਰਹੇ ਹਨ। ਲਗਭਗ 1.50 ਕਰੋੜ ਰੁਪਏ ਦੀ ਲਾਗਤ ਨਾਲ ਲੱਗ ਰਹੇ ਡੰਗੇ ਬਰਸਾਤੀ ਮੌਸਮ ਜਾਂ ਵੱਧ ਪਾਣੀ ਦੇ ਦਬਾਅ ਦੌਰਾਨ ਪਿੰਡਾਂ ਨੂੰ ਸੁਰੱਖਿਅਤ ਰੱਖਣ ਵਿੱਚ ਅਹਿਮ ਭੂਮਿਕਾ ਨਿਭਾਉਣਗੇ। ਇਸ ਨਾਲ ਨਾ ਸਿਰਫ਼ ਆਬਾਦੀ ਵਾਲੇ ਇਲਾਕਿਆਂ ਨੂੰ ਬਚਾਅ ਮਿਲੇਗਾ, ਸਗੋਂ ਖੇਤਾਂ ਵਿੱਚ ਖੜੀਆਂ ਫਸਲਾਂ ਨੂੰ ਵੀ ਨੁਕਸਾਨ ਤੋਂ ਬਚਾਇਆ ਜਾ ਸਕੇਗਾ।

      ਪਿੰਡ ਵਾਸੀਆਂ ਨੇ ਦੱਸਿਆ ਕਿ ਪਹਿਲਾਂ ਹਰ ਸਾਲ ਬਰਸਾਤ ਦੇ ਦੌਰਾਨ ਦਰਿਆਵਾਂ/ਖੱਡਾਂ ਦੇ ਪਾਣੀ ਨਾਲ ਖਤਰਾ ਬਣਿਆ ਰਹਿੰਦਾ ਸੀ, ਪਰ ਹੁਣ ਡੰਗਿਆਂ ਦੀ ਮਜ਼ਬੂਤੀ ਨਾਲ ਇਹ ਚਿੰਤਾ ਕਾਫ਼ੀ ਹੱਦ ਤੱਕ ਦੂਰ ਹੋ ਜਾਵੇਗੀ। ਮਹਿੰਦਪੁਰ ਰੋਡ ਅਤੇ ਭੰਗਲਾ ਨਾਲ ਜੁੜੇ ਇਲਾਕਿਆਂ ਨੂੰ ਇਸ ਪ੍ਰੋਜੈਕਟ ਦਾ ਖਾਸ ਫਾਇਦਾ ਮਿਲੇਗਾ, ਕਿਉਂਕਿ ਇਹ ਇਲਾਕੇ ਨਹਿਰ ਦੇ ਨੇੜੇ ਹੋਣ ਕਾਰਨ ਵਧੇਰੇ ਪ੍ਰਭਾਵਿਤ ਹੁੰਦੇ ਸਨ।

     ਇਸ ਦੇ ਨਾਲ-ਨਾਲ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿੰਡਾਂ ਦੇ ਸਰਵਪੱਖੀ ਵਿਕਾਸ ਲਈ ਵੱਡੀਆਂ ਗ੍ਰਾਂਟਾਂ ਦਾ ਵੀ ਐਲਾਨ ਕੀਤਾ ਗਿਆ ਹੈ। ਪਿੰਡ ਵਿੱਚ ਸੈਂਟਰ ਲਈ 10 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ, ਜਦਕਿ ਸਕੂਲ ਦੇ ਵਿਕਾਸ ਲਈ ਕਰੀਬ 40 ਲੱਖ ਰੁਪਏ ਅਤੇ 1.20 ਕਰੋੜ ਰੁਪਏ ਦੀ ਵੱਡੀ ਗ੍ਰਾਂਟ ਜਾਰੀ ਕੀਤੀ ਗਈ ਹੈ। ਇਸ ਤੋਂ ਇਲਾਵਾ 1 ਕਰੋੜ ਰੁਪਏ ਹੋਰ ਵੀ ਵਿਕਾਸ ਕਾਰਜਾਂ ਲਈ ਦਿੱਤੇ ਜਾਣ ਦੀ ਗੱਲ ਕਹੀ ਗਈ ਹੈ।

     ਇੰਫਰਾਸਟਰਕਚਰ ਨੂੰ ਮਜ਼ਬੂਤ ਕਰਨ ਲਈ ਸੜਕਾਂ ਦੇ ਨਿਰਮਾਣ ‘ਤੇ ਵੀ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਪਿੰਡ ਤੋਂ ਮਹਿੰਦਪੁਰ ਜਾਣ ਵਾਲੇ ਰਸਤੇ ਲਈ ਕਰੀਬ 50 ਲੱਖ ਰੁਪਏ ਦੀ ਲਾਗਤ ਨਾਲ ਸੜਕ ਬਣਾਈ ਜਾ ਰਹੀ ਹੈ, ਜਦਕਿ ਹੋਰ ਦੋ ਮਹੱਤਵਪੂਰਨ ਰਸਤੇ ਵੀ ਤਿਆਰ ਕੀਤੇ ਜਾਣਗੇ। ਇਹ ਸਾਰੇ ਪ੍ਰੋਜੈਕਟ ਪਿੰਡ ਦੀ ਕਨੈਕਟਿਵਟੀ ਅਤੇ ਆਵਾਜਾਈ ਸਹੂਲਤਾਂ ਨੂੰ ਬਿਹਤਰ ਬਣਾਉਣ ਵਿੱਚ ਮਦਦਗਾਰ ਸਾਬਤ ਹੋਣਗੇ।

     ਪਿੰਡ ਵਾਸੀਆਂ ਨੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਕਿਹਾ ਕਿ ਇਨ੍ਹਾਂ ਵਿਕਾਸ ਕਾਰਜਾਂ ਨਾਲ ਪਿੰਡਾਂ ਦੀ ਤਸਵੀਰ ਬਦਲੇਗੀ। ਉਨ੍ਹਾਂ ਨੇ ਭਰੋਸਾ ਜਤਾਇਆ ਕਿ ਲੋਕਾਂ ਦੇ ਸਹਿਯੋਗ ਅਤੇ ਸਰਕਾਰ ਦੀ ਵਚਨਬੱਧਤਾ ਨਾਲ ਵਿਕਾਸ ਦੀ ਇਹ ਯਾਤਰਾ ਲਗਾਤਾਰ ਜਾਰੀ ਰਹੇਗੀ ਅਤੇ ਭਵਿੱਖ ਵਿੱਚ ਹੋਰ ਵੀ ਵੱਡੇ ਪ੍ਰੋਜੈਕਟ ਪਿੰਡਾਂ ਦੀ ਤਰੱਕੀ ਲਈ ਲਿਆਂਦੇ ਜਾਣਗੇ।