ਅਮਰਗੜ੍ਹ ਸ਼ਹਿਰ ਵਿੱਚ ਚਲਾਇਆ ਵਿਸ਼ੇਸ ਸਫ਼ਾਈ ਅਭਿਆਨ

1

ਅਮਰਗੜ੍ਹ/ਮਾਲੇਰਕੋਟਲਾ, 19 ਸਤੰਬਰ 2026 AJ DI Awaaj

Punjab Desk :     ਸਵੱਛਤਾ ਹੀ ਸੇਵਾਮੁਹਿੰਮ ਤਹਿਤ ਨਗਰ ਪੰਚਾਇਤ ਅਮਰਗੜ੍ਹ ਵੱਲੋਂ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਦੇ ਉਦੇਸ਼ ਨਾਲ ਸ਼ਹਿਰ ਦੇ ਮੇਨ ਰੋਡ ਦੀ ਵਿਸ਼ੇਸ਼ ਸਫ਼ਾਈ ਕਰਵਾਈ ਗਈ। ਇਹ ਸਫ਼ਾਈ ਅਭਿਆਨ ਕਾਰਜ ਸਾਧਕ ਅਫ਼ਸਰ ਅਸੀਸ ਕੁਮਾਰ ਦੀ ਅਗਵਾਈ ਹੇਠ ਕਰਵਾਇਆ ਗਿਆ।

                ਇਸ ਮੌਕੇ ਸਫ਼ਾਈ ਕਰਮਚਾਰੀਆਂ ਵੱਲੋਂ ਮੇਨ ਰੋਡ ਅਤੇ ਆਲੇ-ਦੁਆਲੇ ਦੇ ਖੇਤਰਾਂ ਦੀ ਸਫ਼ਾਈ ਕਰਕੇ ਇਕੱਠਾ ਕੀਤੇ ਕੂੜੇ ਦਾ ਯੋਗ ਨਿਪਟਾਰਾ ਕੀਤਾ ਗਿਆ। ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕਰਦਿਆਂ ਗਿੱਲੇ ਅਤੇ ਸੁੱਕੇ ਕੂੜੇ ਨੂੰ ਵੱਖ-ਵੱਖ ਰੱਖਣ ਲਈ ਵੀ ਪ੍ਰੇਰਿਤ ਕੀਤਾ ਗਿਆ।

                ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ 17 ਸਤੰਬਰ ਤੋਂ 2 ਅਕਤੂਬਰ 2026 ਤੱਕ ਸਵੱਛਤਾ ਹੀ ਸੇਵਾਮੁਹਿੰਮ ਚਲਾਈ ਜਾ ਰਹੀ ਹੈ। ਇਸ ਸਾਲ ਦੀ ਮੁਹਿੰਮ ਦਾ ਥੀਮ ਸਵੱਛਤਾ ਵਿੱਚ ਸਹਭਾਗਸਵੱਛ ਭਾਰਤ, ਵਿਕਸਿਤ ਭਾਰਤਹੈ, ਜਿਸ ਤਹਿਤ ਸਫ਼ਾਈ, ਸੈਨੀਟੇਸ਼ਨ ਅਤੇ ਜਨ-ਭਾਗੀਦਾਰੀ ਨਾਲ ਸਬੰਧਤ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ।

                ਕਾਰਜ ਸਾਧਕ ਅਫ਼ਸਰ ਅਸ਼ੀਸ਼ ਕੁਮਾਰ ਨੇ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਕੂੜਾ ਸੜਕਾਂ, ਗਲੀਆਂ, ਨਾਲੀਆਂ ਜਾਂ ਜਨਤਕ ਥਾਵਾਂ ਤੇ ਨਾ ਸੁੱਟਿਆ ਜਾਵੇ ਅਤੇ ਨਿਰਧਾਰਤ ਸਥਾਨਾਂ ਤੇ ਹੀ ਕੂੜਾ ਸੁੱਟਿਆ ਜਾਵੇ। ਉਨ੍ਹਾਂ ਕਿਹਾ ਕਿ ਸਿਰਫ਼ ਨਗਰ ਪੰਚਾਇਤ ਦੇ ਸਫ਼ਾਈ ਕਰਮਚਾਰੀਆਂ ਦੀ ਮਿਹਨਤ ਨਾਲ ਨਹੀਂ, ਸਗੋਂ ਹਰ ਨਾਗਰਿਕ ਦੀ ਜ਼ਿੰਮੇਵਾਰ ਭਾਗੀਦਾਰੀ ਨਾਲ ਹੀ ਅਮਰਗੜ੍ਹ ਨੂੰ ਸਾਫ਼-ਸੁਥਰਾ ਬਣਾਇਆ ਜਾ ਸਕਦਾ ਹੈ।

                ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਮੇਰਾ ਸ਼ਹਿਰ, ਮੇਰੀ ਜ਼ਿੰਮੇਵਾਰੀਦੀ ਭਾਵਨਾ ਨਾਲ ਸਫ਼ਾਈ ਮੁਹਿੰਮ ਵਿੱਚ ਸਰਗਰਮ ਭਾਗ ਲੈਣ, ਇਕ ਵਾਰ ਵਰਤੋਂ ਵਿੱਚ ਆਉਣ ਵਾਲੇ ਪਲਾਸਟਿਕ ਤੋਂ ਗੁਰੇਜ਼ ਕਰਨ ਅਤੇ ਹੋਰਨਾਂ ਨੂੰ ਵੀ ਸਫ਼ਾਈ ਲਈ ਪ੍ਰੇਰਿਤ ਕਰਨ।