ਆਈ.ਟੀ. ਦੀ ਨੌਕਰੀ ਛੱਡ ਮਿੱਟੀ ਨਾਲ ਜੋੜਿਆ ਭਵਿੱਖ

20
ਮਾਲੇਰਕੋਟਲਾ, 19 ਸਤੰਬਰ 2026 AJ DI Awaaj
Punjab Desk   : ਕਾਮਯਾਬੀ ਦੀ ਮੰਜ਼ਿਲ ਹਮੇਸ਼ਾ ਵੱਡੇ ਸ਼ਹਿਰ, ਵਿਦੇਸ਼ ਜਾਂ ਉੱਚ ਤਨਖਾਹ ਵਾਲੀ ਨੌਕਰੀ ਵਿੱਚ ਹੀ ਨਹੀਂ ਹੁੰਦੀ। ਕਈ ਵਾਰ ਆਪਣੀ ਮਿੱਟੀ ਨਾਲ ਜੁੜ ਕੇ ਕੀਤਾ ਗਿਆ ਨਵਾਂ ਉਪਰਾਲਾ ਆਰਥਿਕ ਖੁਸ਼ਹਾਲੀ ਦੇ ਨਾਲ ਉਹ ਪਰਿਵਾਰਕ ਸਕੂਨ ਵੀ ਦਿੰਦਾ ਹੈ, ਜਿਸ ਦੀ ਕੀਮਤ ਪੈਸਿਆਂ ਵਿੱਚ ਨਹੀਂ ਮਾਪੀ ਜਾ ਸਕਦੀ। ਇਸੇ ਸੋਚ ਨੂੰ ਹਕੀਕਤ ਵਿੱਚ ਬਦਲਿਆ ਹੈ ਪਿੰਡ ਸ਼ੇਖੂਪੁਰ ਕਲ੍ਹਾਂ (ਚੱਕ) ਦੇ 35 ਸਾਲਾ ਅਗਾਂਹਵਧੂ ਕਿਸਾਨ ਮਨਪ੍ਰੀਤ ਸਿੰਘ ਪੁੱਤਰ ਸ੍ਰੀ ਕਸ਼ਮੀਰ ਸਿੰਘ ਨੇ, ਜੋ ਢਾਈ ਏਕੜ ਜ਼ਮੀਨ ਤੋਂ ਸਬਜ਼ੀਆਂ, ਵਰਮੀ ਕੰਪੋਸਟ ਅਤੇ ਸਹਾਇਕ ਧੰਦਿਆਂ ਰਾਹੀਂ ਕਰੀਬ 15 ਲੱਖ ਰੁਪਏ ਸਾਲਾਨਾ ਆਮਦਨ ਹਾਸਲ ਕਰ ਰਿਹਾ ਹੈ।
ਡੀ. ਫਾਰਮਾ ਦੇ ਨਾਲ ਕੰਪਿਊਟਰ ਹਾਰਡਵੇਅਰ ਅਤੇ ਸਾਫਟਵੇਅਰ ਦਾ ਡਿਪਲੋਮਾ ਕਰ ਚੁੱਕੇ ਮਨਪ੍ਰੀਤ ਨੇ ਕਰੀਬ ਅੱਠ ਸਾਲ ਪ੍ਰਾਈਵੇਟ ਖੇਤਰ ਵਿੱਚ ਨੌਕਰੀ ਕੀਤੀ। ਸਕੀ ਭੈਣ ਅਤੇ ਕਈ ਨਜ਼ਦੀਕੀ ਰਿਸ਼ਤੇਦਾਰ ਕੈਨੇਡਾ ਵਿੱਚ ਹੋਣ ਦੇ ਬਾਵਜੂਦ ਉਸ ਨੇ ਵਿਦੇਸ਼ ਜਾਣ ਦੀ ਥਾਂ ਆਪਣੀ ਧਰਤੀ ’ਤੇ ਹੀ ਭਵਿੱਖ ਸਿਰਜਣ ਦਾ ਫੈਸਲਾ ਕੀਤਾ। ਰਵਾਇਤੀ ਕਣਕ-ਝੋਨੇ ਦੇ ਫਸਲੀ ਚੱਕਰ ਤੋਂ ਹਟ ਕੇ ਉਸ ਨੇ ਸਬਜ਼ੀਆਂ ਦੀ ਕਾਸ਼ਤ ਅਤੇ ‘ਬਲੈਕ ਗੋਲਡ’ ਵਜੋਂ ਜਾਣੀ ਜਾਂਦੀ ਵਰਮੀ ਕੰਪੋਸਟ ਨੂੰ ਆਮਦਨ ਦਾ ਅਹਿਮ ਜ਼ਰੀਆ ਬਣਾਇਆ।
ਇਸ ਉਪਰਾਲੇ ਦੀ ਖਾਸੀਅਤ ਇਹ ਹੈ ਕਿ ਇਹ ਸਿਰਫ਼ ਮਨਪ੍ਰੀਤ ਦੀ ਨਹੀਂ, ਸਗੋਂ ਪੂਰੇ ਪਰਿਵਾਰ ਦੀ ਸਾਂਝੀ ਸਫਲਤਾ ਬਣ ਚੁੱਕੀ ਹੈ। ਐਮ.ਏ. ਇੰਗਲਿਸ਼ ਤੱਕ ਪੜ੍ਹੀ ਉਸ ਦੀ ਪਤਨੀ ਬੇਅੰਤ ਕੌਰ, ਜੋ ਪਹਿਲਾਂ ਅੰਗਰੇਜ਼ੀ ਅਧਿਆਪਕ ਵਜੋਂ ਸੇਵਾਵਾਂ ਨਿਭਾ ਚੁੱਕੀ ਹੈ, ਹੁਣ ਖੇਤੀ ਕਾਰੋਬਾਰ ਅਤੇ ਇਸ ਨਾਲ ਜੁੜੇ ਕੰਮਾਂ ਵਿੱਚ ਪਤੀ ਦਾ ਹੱਥ ਵਟਾ ਰਹੀ ਹੈ। ਇਸੇ ਤਰ੍ਹਾਂ ਮਾਤਾ ਪਰਮਜੀਤ ਕੌਰ ਘਰ ਦੀ ਜ਼ਿੰਮੇਵਾਰੀ ਸੰਭਾਲਣ ਦੇ ਨਾਲ ਪਸ਼ੂਆਂ ਦੀ ਦੇਖ-ਰੇਖ ਅਤੇ ਡੇਅਰੀ ਉਤਪਾਦ ਤਿਆਰ ਕਰਨ ਦੇ ਰੋਜ਼ਮਰ੍ਹਾ ਕੰਮਾਂ ਵਿੱਚ ਸਰਗਰਮ ਯੋਗਦਾਨ ਪਾ ਰਹੇ ਹਨ।
ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਸਦੇ ਪਰਿਵਾਰ ਕੋਲ ਛੇ ਮੱਝਾਂ ਅਤੇ ਦੋ ਗਾਵਾਂ ਹਨ। ਦੁੱਧ ਦੇ ਨਾਲ ਪਨੀਰ, ਦਹੀਂ ਅਤੇ ਚਾਟੀ ਦੀ ਲੱਸੀ ਤਿਆਰ ਕੀਤੀ ਜਾਂਦੀ ਹੈ। ਅਚਾਰ, ਸੌਂਫ, ਧਨੀਆ ਪਾਊਡਰ ਅਤੇ ਹਲਦੀ ਵਰਗੇ ਘਰੇਲੂ ਉਤਪਾਦਾਂ ਨੇ ਵੀ ਇਸ ਖੇਤੀ ਮਾਡਲ ਨੂੰ ਹੋਰ ਵਿਭਿੰਨਤਾ ਦਿੱਤੀ ਹੈ।
ਬਾਗਬਾਨੀ ਵਿਭਾਗ ਤੋਂ ਮਿਲੀ ਸਿਖਲਾਈ, ਬੀਜ ਅਤੇ ਤਕਨੀਕੀ ਸਲਾਹ ਨਾਲ ਮਨਪ੍ਰੀਤ ਨੇ ਵਿਗਿਆਨਕ ਖੇਤੀ ਨੂੰ ਅਪਣਾਇਆ। ਹੁਣ ਇੱਕ ਏਕੜ ਵਿੱਚ ਨੈੱਟ ਹਾਊਸ ਸਥਾਪਿਤ ਕਰਨ ਦੀ ਤਿਆਰੀ ਹੈ। ਮਨਪ੍ਰੀਤ ਸਿੰਘ ਨੇ ਦੱਸਿਆ ਕਿ ਵਿਚੋਲਿਆਂ ’ਤੇ ਨਿਰਭਰ ਹੋਣ ਦੀ ਥਾਂ ਉਹ ਆਪਣੀ ਪੈਦਾਵਾਰ ਦੀ ਲੁਧਿਆਣਾ ਤੱਕ ਖੁਦ ਮਾਰਕੀਟਿੰਗ ਕਰਦਾ ਹੈ ਅਤੇ ਇਸ ਮੰਤਵ ਲਈ ਫੂਡ ਵੈਨ ਵੀ ਤਿਆਰ ਕਰਵਾਈ ਹੈ।  ਕਿਸਾਨ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਸੋਸ਼ਲ ਮੀਡੀਆ ਰਾਹੀਂ ਵੀ ਆਪਣੇ ਉਤਪਾਦਾਂ ਨੂੰ ਗਾਹਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ।
ਮਨਪ੍ਰੀਤ ਲਈ ਇਸ ਬਦਲਾਅ ਦੀ ਸਭ ਤੋਂ ਵੱਡੀ ਪ੍ਰਾਪਤੀ ਕੇਵਲ ਵਧੀ ਆਮਦਨ ਨਹੀਂ, ਸਗੋਂ ਆਪਣੇ ਪਰਿਵਾਰ ਦੇ ਨੇੜੇ ਰਹਿ ਕੇ ਇਕੱਠੇ ਕੰਮ ਕਰਨ ਦਾ ਸਕੂਨ ਅਤੇ ਆਪਣੀ ਮਿਹਨਤ ’ਤੇ ਖੜ੍ਹੇ ਹੋਣ ਦੀ ਸੰਤੁਸ਼ਟੀ ਵੀ ਹੈ। ਉਸ ਦੀ ਕਹਾਣੀ ਨੌਜਵਾਨਾਂ ਨੂੰ ਇਹ ਸੁਨੇਹਾ ਦਿੰਦੀ ਹੈ ਕਿ ਜ਼ਮੀਨ ਛੋਟੀ ਹੋ ਸਕਦੀ ਹੈ, ਪਰ ਸੋਚ, ਮਿਹਨਤ ਅਤੇ ਸੰਭਾਵਨਾਵਾਂ ਦੀ ਕੋਈ ਹੱਦ ਨਹੀਂ ਹੁੰਦੀ