ਧਨੌਲਾ, 27 ਮਈ 2026 Aj Di Awaaj
Punjab Desk: ਸਿਵਲ ਸਰਜਨ ਬਰਨਾਲਾ ਡਾ. ਹਰੀ ਪਾਲ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਟੀਕਾਕਰਨ ਅਧਿਕਾਰੀ ਡਾ. ਹਰਜੀਤ ਸਿੰਘ ਦੀ ਅਗਵਾਈ ਵਿੱਚ ਸੀ.ਐੱਚ.ਸੀ ਧਨੌਲਾ ਅਤੇ ਇਸਦੇ ਅਧੀਨ ਆਉਂਦੇ ਵੱਖ-ਵੱਖ ਆਯੂਸ਼ਮਾਨ ਅਰੋਗਿਆ ਕੇਂਦਰਾਂ ‘ਤੇ ਮਮਤਾ ਦਿਵਸ ਮਨਾਇਆ ਗਿਆ। ਇਸ ਮੌਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਦਾ ਮੁਫ਼ਤ ਟੀਕਾਕਰਨ ਅਤੇ ਸਿਹਤ ਜਾਂਚ ਕੀਤੀ ਗਈ।
ਸੀਨੀਅਰ ਮੈਡੀਕਲ ਅਫ਼ਸਰ ਡਾ. ਸਤਵੰਤ ਸਿੰਘ ਔਜਲਾ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਹਰ ਬੁੱਧਵਾਰ ਮਮਤਾ ਦਿਵਸ ਮੌਕੇ ਬੱਚਿਆਂ ਅਤੇ ਗਰਭਵਤੀ ਔਰਤਾਂ ਲਈ ਵਿਸ਼ੇਸ਼ ਕੈਂਪ ਲਗਾਇਆ ਜਾਂਦਾ ਹੈ, ਜਿੱਥੇ ਮਾਂ ਅਤੇ ਬੱਚੇ ਨੂੰ ਵੱਖ ਵੱਖ ਰੋਗਾਂ ਤੋਂ ਬਚਾਉਣ ਲਈ ਉਹਨਾਂ ਦਾ ਮੁਫ਼ਤ ਟੀਕਾਕਰਨ ਕੀਤਾ ਜਾਂਦਾ ਹੈ।
ਉਹਨਾਂ ਦੱਸਿਆ ਕਿ ਮਮਤਾ ਦਿਵਸ ਮਨਾਉਣ ਦਾ ਮੁੱਖ ਉਦੇਸ਼ ਮਾਂ ਅਤੇ ਸ਼ਿਸ਼ੂ ਮੌਤ ਦਰ ਨੂੰ ਸਿਫ਼ਰ ‘ਤੇ ਲੈ ਕੇ ਆਉਣਾ ਹੈ। ਇਸੇ ਉਦੇਸ਼ ਦੀ ਪੂਰਤੀ ਲਈ ਸੀ.ਐੱਚ.ਸੀ ਧਨੌਲਾ ਵਿਖੇ ਜਨਾਨਾ ਰੋਗਾਂ ਦੇ ਮਾਹਿਰ ਡਾ. ਮਨਦੀਪ ਕੌਰ ਬੱਲ ਅਤੇ ਆਯੂਸ਼ਮਾਨ ਅਰੋਗਿਆ ਕੇਂਦਰਾਂ ‘ਤੇ ਕਮਿਊਨਿਟੀ ਹੈਲਥ ਅਫ਼ਸਰਾਂ ਵੱਲੋਂ ਗਰਭਵਤੀ ਔਰਤਾਂ ਦੀ ਮੁਫ਼ਤ ਸਿਹਤ ਜਾਂਚ ਕੀਤੀ ਗਈ। ਸੀਨੀਅਰ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਮਮਤਾ ਦਿਵਸ ਮੌਕੇ ਲਾਏ ਗਏ ਮੁਫ਼ਤ ਕੈਂਪ ਵਿੱਚ ਗਰਭਵਤੀ ਔਰਤਾਂ ਨੂੰ ਆਇਰਨ ਫੋਲਿਕ ਐਸਿਡ ਅਤੇ ਕੈਲਸ਼ੀਅਮ ਦੀਆਂ ਗੋਲੀਆਂ ਵੀ ਮੁਫ਼ਤ ਵੰਡੀਆਂ ਗਈਆਂ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦੁੱਧ, ਹਰੀਆਂ ਸਬਜ਼ੀਆਂ, ਫਲ਼ ਅਤੇ ਦਾਲਾਂ ਆਦਿ ਆਪਣੀ ਖ਼ੁਰਾਕ ਵਿੱਚ ਸ਼ਾਮਿਲ ਕਰਨ ਦੀ ਸਲਾਹ ਦਿੱਤੀ ਗਈ। ਉਹਨਾਂ ਨੇ ਲੋਕਾਂ ਨੂੰ ਹਰ ਬੁੱਧਵਾਰ ਲੱਗਣ ਵਾਲੇ ਇਨ੍ਹਾਂ ਕੈਂਪਾਂ ਦਾ ਵੱਧ ਤੋਂ ਵੱਧ ਲਾਭ ਲੈਣ ਦੀ ਅਪੀਲ ਕੀਤੀ ਤਾਂ ਜੋ ਗਰਭਵਤੀ ਔਰਤਾਂ ਤੇ ਬੱਚਿਆਂ ਦਾ ਸੌ ਫ਼ੀਸਦੀ ਟੀਕਾਕਰਨ ਯਕੀਨੀ ਬਣਾਇਆ ਜਾ ਸਕੇ।
ਉਹਨਾਂ ਦੱਸਿਆ ਕਿ ਝਲੂਰ ਸਥਿਤ ਆਯੂਸ਼ਮਾਨ ਅਰੋਗਿਆ ਕੇਂਦਰ ਨੂੰ ਬਿਹਤਰ ਸਿਹਤ ਸੇਵਾਂਵਾਂ ਪ੍ਰਦਾਨ ਕਰਨ ਸਦਕਾ ਨੈਸ਼ਨਲ ਕੁਆਲਿਟੀ ਅਸ਼ੌਰੇਂਸ ਸਟੈਂਡਰਡ ਅਧੀਨ ਨਿਰਧਾਰਿਤ ਮਾਣਕਾਂ ਨੂੰ ਪੂਰਾ ਕਰਨ ਉਪਰੰਤ ਰਾਸ਼ਟਰੀ ਮਾਨਤਾ ਮਿਲ ਚੁੱਕੀ ਹੈ। ਇਸ ਕੇਂਦਰ ‘ਤੇ ਸੀ.ਐੱਚ.ਓ ਰਮਨਦੀਪ ਕੌਰ ਦੀ ਅਗਵਾਈ ਵਿੱਚ ਲੱਗੇ ਕੈਂਪ ਵਿਚ ਏ.ਐੱਨ.ਐੱਮ ਰਣਪ੍ਰੀਤ ਕੌਰ, ਆਸ਼ਾ ਫ਼ੈਸਿਲੀਟੇਟਰ ਸਿਮਰਜੀਤ ਕੌਰ ਅਤੇ ਆਸ਼ਾ ਵਰਕਰ ਹਾਜ਼ਰ ਸਨ।














