ਪੰਜਾਬੀਆਂ ਨੂੰ ਸ਼ਾਹੀ ਇਮਾਮ ਦੀ ਅਪੀਲ: ਘੱਟੋ-ਘੱਟ ਤਿੰਨ ਬੱਚੇ ਹੋਣ ਲਾਜ਼ਮੀ

25

Punjab 10 Feb 2026 AJ DI Awaaj

Punjab Desk :  ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ ਉਸਮਾਨ ਲੁਧਿਆਣਵੀ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਹੈ ਕਿ ਹਰ ਘਰ ਵਿੱਚ ਘੱਟੋ-ਘੱਟ ਤਿੰਨ ਬੱਚੇ ਹੋਣੇ ਚਾਹੀਦੇ ਹਨ, ਤਾਂ ਜੋ ਪੰਜਾਬ ਦੀ ਅਸਲੀ ਪਛਾਣ, ਸਭਿਆਚਾਰ ਅਤੇ ਸਮਾਜਿਕ ਬਣਤਰ ਕਾਇਮ ਰਹਿ ਸਕੇ। ਉਨ੍ਹਾਂ ਕਿਹਾ ਕਿ ਜੇ ਘਰਾਂ ਵਿੱਚ ਇੱਕ ਜਾਂ ਦੋ ਬੱਚੇ ਹੀ ਰਹਿਣਗੇ, ਤਾਂ ਭਵਿੱਖ ਵਿੱਚ ਪੰਜਾਬ ਦੀ ਹੋਂਦ ‘ਤੇ ਸਵਾਲ ਖੜ੍ਹੇ ਹੋ ਸਕਦੇ ਹਨ।

ਉਨ੍ਹਾਂ ਨੇ ਚਿੰਤਾ ਜਤਾਈ ਕਿ ਪੰਜਾਬ ਦੇ ਨੌਜਵਾਨ ਵੱਡੀ ਗਿਣਤੀ ਵਿੱਚ ਵਿਦੇਸ਼ਾਂ, ਖ਼ਾਸ ਕਰਕੇ ਕੈਨੇਡਾ, ਰੁਖ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਜੇ ਸਾਰੇ ਹੀ ਬਾਹਰ ਚਲੇ ਗਏ ਤਾਂ ਪੰਜਾਬ ਵਿੱਚ ਰਹਿਣ ਵਾਲਾ ਕੌਣ ਹੋਵੇਗਾ। ਉਨ੍ਹਾਂ ਮੁਤਾਬਕ ਗੁਰੂਘਰ, ਪਿੰਡਾਂ ਦੀ ਸਾਂਝ, ਰਵਾਇਤਾਂ ਅਤੇ ਸਭਿਆਚਾਰ ਉਦੋਂ ਤੱਕ ਹੀ ਜਿਊਂਦੇ ਰਹਿੰਦੇ ਹਨ, ਜਦੋਂ ਤੱਕ ਪੰਜਾਬ ਵਿੱਚ ਸਿੱਖ ਵਸਦੇ ਹਨ।

ਸ਼ਾਹੀ ਇਮਾਮ ਨੇ ਕਿਹਾ ਕਿ ਉਹ ਅਕਸਰ ਸਿੱਖ ਭਰਾਵਾਂ ਨਾਲ ਮਿਲ ਕੇ ਪੁੱਛਦੇ ਹਨ ਕਿ ਉਨ੍ਹਾਂ ਦੇ ਕਿੰਨੇ ਬੱਚੇ ਹਨ। ਬਹੁਤ ਸਾਰੇ ਲੋਕ ਕਹਿੰਦੇ ਹਨ ਕਿ ਇੱਕ ਬੱਚਾ ਕਾਫ਼ੀ ਹੈ, ਪਰ ਇਸ ਸੋਚ ਨਾਲ ਪੰਜਾਬ ਦਾ ਭਵਿੱਖ ਅੰਧਕਾਰਮਈ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਗੁਰੂਆਂ-ਪੀਰਾਂ ਦੀ ਧਰਤੀ ਨੂੰ ਬਚਾਉਣਾ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।

ਉਨ੍ਹਾਂ ਇਹ ਵੀ ਕਿਹਾ ਕਿ ਵੱਡੇ-ਵੱਡੇ ਗੁਰੂਘਰ, ਪੁਰਾਤਨ ਮਸਜਿਦਾਂ, ਇਤਿਹਾਸਕ ਯਾਦਗਾਰਾਂ, ਪਿੰਡਾਂ ਦਾ ਭਾਈਚਾਰਾ ਅਤੇ ਆਪਸੀ ਮੁਹੱਬਤ ਉਸੇ ਵੇਲੇ ਤੱਕ ਕਾਇਮ ਰਹਿ ਸਕਦੀ ਹੈ, ਜਦੋਂ ਤੱਕ ਪੰਜਾਬ ਵਿੱਚ ਬਾਬਾ ਨਾਨਕ ਦਾ ਨਾਮ ਲੈਣ ਵਾਲੇ ਸਿੱਖ ਮੌਜੂਦ ਹਨ। ਜੇ ਅਸੀਂ ਆਪਣੀ ਜਨਸੰਖਿਆ ਅਤੇ ਜੜ੍ਹਾਂ ਨੂੰ ਨਜ਼ਰਅੰਦਾਜ਼ ਕਰਾਂਗੇ ਤਾਂ ਪੰਜਾਬ ਦੀ ਸਮਾਜਿਕ ਅਤੇ ਭੂਗੋਲਿਕ ਸਥਿਤੀ ਪ੍ਰਭਾਵਿਤ ਹੋ ਸਕਦੀ ਹੈ।