ਪੰਜਾਬ ਵਿਜੀਲੈਂਸ ‘ਤੇ ਭ੍ਰਿਸ਼*ਟਾਚਾਰ ਦੇ ਗੰਭੀਰ ਦੋਸ਼, CBI ਨੇ ਕੀਤੀ ਵੱਡੀ ਕਾਰਵਾਈ

42

ਪੰਜਾਬ 12 May 2026 AJ DI Awaaj

Punjab Desk :  ਪੰਜਾਬ ਵਿਜੀਲੈਂਸ ਬਿਊਰੋ ਇੱਕ ਵੱਡੇ ਰਿਸ਼ਵਤ ਮਾਮਲੇ ਤੋਂ ਬਾਅਦ ਸਵਾਲਾਂ ਦੇ ਘੇਰੇ ਵਿੱਚ ਆ ਗਿਆ ਹੈ। ਭ੍ਰਿਸ਼*ਟਾਚਾਰ ਖ਼ਿਲਾਫ਼ ਕਾਰਵਾਈ ਕਰਨ ਵਾਲੀ ਏਜੰਸੀ ਹੁਣ ਖੁਦ ਜਾਂਚ ਦਾ ਸਾਹਮਣਾ ਕਰ ਰਹੀ ਹੈ। ਕੇਂਦਰੀ ਜਾਂਚ ਬਿਊਰੋ (CBI) ਨੇ ਇੱਕ ਟੈਕਸ ਅਧਿਕਾਰੀ ਤੋਂ ਰਿਸ਼ਵਤ ਮੰਗਣ ਦੇ ਦੋਸ਼ ਵਿੱਚ ਵਿਜੀਲੈਂਸ ਨਾਲ ਜੁੜੇ ਤਿੰਨ ਵਿਚੋਲਿਆਂ ਨੂੰ ਗ੍ਰਿ*ਫ਼ਤਾਰ ਕੀਤਾ ਹੈ।

ਮਾਮਲੇ ਵਿੱਚ ਸਭ ਤੋਂ ਹੈਰਾਨ ਕਰਨ ਵਾਲੀ ਗੱਲ ਇਹ ਸਾਹਮਣੇ ਆਈ ਹੈ ਕਿ ਨਿੱਜੀ ਵਿਅਕਤੀਆਂ ਨੂੰ ਪੰਜਾਬ ਪੁਲਿਸ ਵੱਲੋਂ AK-47 ਰਾਈਫਲਾਂ ਨਾਲ ਲੈਸ ਗਨਮੈਨ ਮੁਹੱਈਆ ਕਰਵਾਏ ਗਏ ਸਨ। ਹੁਣ CBI ਇਹ ਪਤਾ ਲਗਾਉਣ ਵਿੱਚ ਜੁਟੀ ਹੈ ਕਿ ਇਨ੍ਹਾਂ ਵਿਚੋਲਿਆਂ ਨੂੰ ਇਹ ਵੀਆਈਪੀ ਸੁਰੱਖਿਆ ਕਿਵੇਂ ਮਿਲੀ।

ਇਹ ਮਾਮਲਾ ਇੱਕ ਟੈਕਸ ਅਧਿਕਾਰੀ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ। ਸ਼ਿਕਾਇਤਕਰਤਾ ਦੇ ਮੁਤਾਬਕ, ਉਸਦੇ ਖ਼ਿਲਾਫ਼ ਦਰਜ ਮਾਮਲਾ ਰੱਦ ਕਰਨ ਦੇ ਬਦਲੇ ਵਿੱਕੀ ਗੋਇਲ ਅਤੇ ਉਸਦੇ ਪੁੱਤਰ ਰਾਘਵ ਗੋਇਲ ਨੇ 20 ਲੱਖ ਰੁਪਏ ਦੀ ਮੰਗ ਕੀਤੀ ਸੀ। ਦੋਸ਼ ਹੈ ਕਿ ਡੀਜੀਪੀ ਵਿਜੀਲੈਂਸ ਦੇ ਰੀਡਰ ਓ.ਪੀ. ਰਾਣਾ ਨੇ ਵੀ ਭਰੋਸਾ ਦਿੱਤਾ ਸੀ ਕਿ ਰਕਮ ਦੇਣ ਤੋਂ ਬਾਅਦ ਕੇਸ ਬੰਦ ਕਰ ਦਿੱਤਾ ਜਾਵੇਗਾ। ਬਾਅਦ ਵਿੱਚ ਸੌਦਾ 13 ਲੱਖ ਰੁਪਏ ਅਤੇ ਇੱਕ ਮਹਿੰਗੇ Samsung Galaxy Z Fold 7 ਫੋਨ ‘ਤੇ ਤੈਅ ਹੋਇਆ।

ਸ਼ਿਕਾਇਤ ਮਿਲਣ ਤੋਂ ਬਾਅਦ CBI ਨੇ 11 ਮਈ 2026 ਨੂੰ ਚੰਡੀਗੜ੍ਹ ਵਿੱਚ ਜਾਲ ਬਿਛਾਇਆ। ਕਾਰਵਾਈ ਦੌਰਾਨ ਅੰਕਿਤ ਵਧਵਾ ਨੂੰ 13 ਲੱਖ ਰੁਪਏ ਅਤੇ ਮੋਬਾਈਲ ਫੋਨ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ। ਕਾਰਵਾਈ ਦੀ ਭਣਕ ਲੱਗਣ ‘ਤੇ ਵਿੱਕੀ ਗੋਇਲ, ਰਾਘਵ ਗੋਇਲ ਅਤੇ ਓ.ਪੀ. ਰਾਣਾ ਮੌਕੇ ਤੋਂ ਫਰਾਰ ਹੋ ਗਏ।

ਹਾਲਾਂਕਿ ਬਾਅਦ ਵਿੱਚ ਵਿੱਕੀ ਅਤੇ ਰਾਘਵ ਗੋਇਲ ਨੂੰ ਪੰਜਾਬ-ਹਰਿਆਣਾ ਸਰਹੱਦ ਨੇੜੇ ਅੰਬਾਲਾ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ, ਜਦਕਿ ਓ.ਪੀ. ਰਾਣਾ ਅਜੇ ਵੀ ਫਰਾਰ ਦੱਸਿਆ ਜਾ ਰਿਹਾ ਹੈ। ਛਾਪੇਮਾਰੀ ਦੌਰਾਨ 9 ਲੱਖ ਰੁਪਏ ਨਕਦ ਅਤੇ ਕਈ ਅਹਿਮ ਦਸਤਾਵੇਜ਼ ਵੀ ਬਰਾਮਦ ਕੀਤੇ ਗਏ।

ਮਾਮਲੇ ਦਾ ਸਭ ਤੋਂ ਚਰਚਿਤ ਪੱਖ AK-47 ਗਨਮੈਨ ਹਨ। CBI ਹੁਣ ਜਾਂਚ ਕਰ ਰਹੀ ਹੈ ਕਿ ਨਿੱਜੀ ਵਿਚੋਲਿਆਂ ਨੂੰ ਪੁਲਿਸ ਸੁਰੱਖਿਆ ਕਿਉਂ ਦਿੱਤੀ ਗਈ ਸੀ ਅਤੇ ਉਹ ਵੀ ਆਟੋਮੈਟਿਕ ਹਥਿਆਰਾਂ ਨਾਲ ਲੈਸ ਗਨਮੈਨਾਂ ਦੇ ਨਾਲ। ਮੰਨਿਆ ਜਾ ਰਿਹਾ ਹੈ ਕਿ ਜਾਂਚ ਦੀ ਲਪੇਟ ਵਿੱਚ ਕੁਝ ਸੀਨੀਅਰ ਅਧਿਕਾਰੀ ਵੀ ਆ ਸਕਦੇ ਹਨ।

ਇਸ ਮਾਮਲੇ ‘ਤੇ ਪੰਜਾਬ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਸ਼ਰਦ ਸੱਤਿਆ ਚੌਹਾਨ ਨੇ ਕਿਹਾ ਕਿ ਵਿਭਾਗ CBI ਦੀ ਜਾਂਚ ਵਿੱਚ ਪੂਰਾ ਸਹਿਯੋਗ ਦੇਵੇਗਾ ਅਤੇ ਕਾਨੂੰਨ ਆਪਣਾ ਕੰਮ ਕਰੇਗਾ।