ਐੱਸ.ਡੀ.ਐੱਮ. ਆਯੂਸ਼ ਗੋਇਲ ਵੱਲੋਂ ਭਦੌੜ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਦਾ ਜਾਇਜ਼ਾ

2
ਭਦੌੜ, 31 ਜੁਲਾਈ 2026 AJ DI Awaaj
Punjab Desk :    ਉਪ ਮੰਡਲ ਮੈਜਿਸਟਰੇਟ ਤਪਾ ਸ੍ਰੀ ਆਯੂਸ਼ ਗੋਇਲ ਆਈ.ਏ.ਐੱਸ. ਵੱਲੋਂ ਨਗਰ ਕੌਂਸਲ ਭਦੌੜ ਅਧੀਨ ਚੱਲ ਰਹੇ ਵੱਖ-ਵੱਖ ਵਿਕਾਸ ਕਾਰਜਾਂ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਵਿਕਾਸ ਪ੍ਰੋਜੈਕਟਾਂ ਦੀ ਪ੍ਰਗਤੀ ਦਾ ਨਿਰੀਖਣ ਕਰਦਿਆਂ ਸਬੰਧਤ ਅਧਿਕਾਰੀਆਂ ਅਤੇ ਠੇਕੇਦਾਰਾਂ ਨੂੰ ਨਿਰਧਾਰਤ ਸਮੇਂ ਅੰਦਰ ਉੱਚ ਗੁਣਵੱਤਾ ਨਾਲ ਕੰਮ ਮੁਕੰਮਲ ਕਰਨ ਦੀਆਂ ਹਦਾਇਤਾਂ ਦਿੱਤੀਆਂ।
 ਇਸ ਮੌਕੇ ਐੱਸ.ਡੀ.ਐੱਮ. ਨੇ ਭਦੌੜ ਵਾਸੀਆਂ ਨਾਲ ਗੱਲਬਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਅਤੇ ਮੰਗਾਂ ਵੀ ਸੁਣੀਆਂ। ਉਨ੍ਹਾਂ ਨੇ ਸਬੰਧਤ ਅਧਿਕਾਰੀਆਂ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦਾ ਤੁਰੰਤ ਅਤੇ ਤਰਜੀਹੀ ਅਧਾਰ ‘ਤੇ ਨਿਪਟਾਰਾ ਕਰਨ ਦੇ ਨਿਰਦੇਸ਼ ਦਿੱਤੇ, ਤਾਂ ਜੋ ਨਾਗਰਿਕਾਂ ਨੂੰ ਬਿਹਤਰ ਸਹੂਲਤਾਂ ਯਕੀਨੀ ਬਣਾਈਆਂ ਜਾ ਸਕਣ।
 ਇਸ ਮੌਕੇ ਸ੍ਰੀ ਆਯੂਸ਼ ਗੋਇਲ ਨੇ ਏਥੇ ਨਾਨਕਸਰ ਰੋਡ ਦਾ ਵੀ ਦੌਰਾ ਕੀਤਾ। ਉਨ੍ਹਾਂ ਨੇ ਸੜਕ ਨਿਰਮਾਣ ਵਿੱਚ ਵਰਤੇ ਜਾ ਰਹੇ ਮਟੀਰੀਅਲ ਦੀ ਗੁਣਵੱਤਾ ਦੀ ਚੈਕਿੰਗ ਕਰਦਿਆਂ ਮਟੀਰੀਅਲ ਦੇ ਸੈਂਪਲ ਭਰਵਾਏ ਤਾਂ ਜੋ ਮਿਆਰੀ ਨਿਰਮਾਣ ਨੂੰ ਯਕੀਨੀ ਬਣਾਇਆ ਜਾ ਸਕੇ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਵਿਕਾਸ ਕਾਰਜਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਜਾਂ ਗੁਣਵੱਤਾ ਨਾਲ ਸਮਝੌਤਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
 ਐੱਸ.ਡੀ.ਐੱਮ. ਨੇ ਸਬੰਧਤ ਠੇਕੇਦਾਰਾਂ ਨੂੰ ਹਦਾਇਤ ਕੀਤੀ ਕਿ ਸਾਰੇ ਵਿਕਾਸ ਕਾਰਜ ਨਿਰਧਾਰਤ ਸਮੇਂ ਅੰਦਰ ਤੇਜ਼ੀ ਨਾਲ ਅਤੇ ਮਿਆਰੀ ਤਰੀਕੇ ਨਾਲ ਮੁਕੰਮਲ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਜਲਦ ਤੋਂ ਜਲਦ ਇਨ੍ਹਾਂ ਦਾ ਲਾਭ ਮਿਲ ਸਕੇ।
 ਇਸ ਮੌਕੇ ਨਗਰ ਕੌਂਸਲ ਭਦੌੜ ਦੇ ਪ੍ਰਧਾਨ ਜਗਦੀਪ ਸਿੰਘ ਜੱਗੀ, ਵੱਖ ਵੱਖ ਕੌਂਸਲਰ, ਸਬੰਧਤ ਵਿਭਾਗਾਂ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਹਾਜ਼ਰ ਸਨ।