ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਬਰਨਾਲਾ
*ਵਿਭਾਗ ਮੁਖੀਆਂ ਨੂੰ ਸਮਾਗਮ ਨੂੰ ਸਫ਼ਲ ਬਣਾਉਣ ਲਈ ਦਿੱਤੀਆਂ ਹਦਾਇਤਾਂ
ਬਰਨਾਲਾ, 8 ਜਨਵਰੀ: Aj Di Awaaj
26 ਜਨਵਰੀ 2025 (ਗਣਤੰਤਰ ਦਿਵਸ) ਸਬੰਧੀ ਜ਼ਿਲ੍ਹਾ ਪੱਧਰੀ ਸਮਾਗਮ ਇੱਥੇ ਬਾਬਾ ਕਾਲਾ ਮਹਿਰ ਸਟੇਡੀਅਮ ਵਿਖੇ ਕਰਵਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਦਾ ਜਾਇਜ਼ਾ ਡਿਪਟੀ ਕਮਿਸ਼ਨਰ ਮੈਡਮ ਪੂਨਮਦੀਪ ਕੌਰ ਨੇ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵੱਖ ਵੱਖ ਵਿਭਾਗਾਂ ਦੇ ਮੁਖੀਆਂ ਨਾਲ ਮੀਟਿੰਗ ਕਰਕੇ ਲਿਆ।
ਇਸ ਮੌਕੇ ਉਨ੍ਹਾਂ ਖੇਡ ਵਿਭਾਗ, ਖੇਤੀਬਾੜੀ, ਜੰਗਲਾਤ ਸਮੇਤ ਵੱਖ ਵੱਖ ਵਿਭਾਗਾਂ ਨੂੰ ਝਾਕੀਆਂ ਬਾਰੇ ਨਿਰਦੇਸ਼ ਦਿੱਤੇ। ਇਸ ਤੋਂ ਇਲਾਵਾ ਉਨ੍ਹਾਂ ਸਾਰੇ ਚੌਕਾਂ ਦੀ ਸਜਾਵਟ, ਮੁੱਖ ਮਹਿਮਾਨ ਜੀ ਦੇ ਸਵਾਗਤ, ਸਟੇਜ ਦੀਆਂ ਡਿਊਟੀਆਂ, ਇਨਾਮਾਂ ਦੀ ਵੰਡ ਬਾਰੇ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਇਸ ਮੌਕੇ ਕੀਤੇ ਜਾਣ ਵਾਲੇ ਸੱਭਿਆਚਾਰਕ ਅਤੇ ਦੇਸ਼ ਭਗਤੀ ਦੇ ਪ੍ਰੋਗਰਾਮ ਦੀਆਂ ਸਾਰੀਆਂ ਤਿਆਰੀਆਂ ਪੂਰੀਆਂ ਕਰਨ ਬਾਰੇ ਸਬੰਧਿਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਗਏ। ਨਾਲ ਹੀ ਮਾਰਚ ਪਾਸਟ, ਝੰਡਾ ਲਹਿਰਾਉਣ ਦੀ ਰਸਮ ਆਦਿ ਸਬੰਧੀ ਡਿਊਟੀਆਂ ਲਗਾਈਆਂ ਗਈਆਂ।
ਉਨ੍ਹਾਂ ਹਦਾਇਤ ਕੀਤੀ ਕਿ ਸਮਾਗਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਲਈ ਪੁਖਤਾ ਪ੍ਰਬੰਧ ਕੀਤੇ ਜਾਣ। ਉਨ੍ਹਾਂ ਹਦਾਇਤ ਕੀਤੀ ਸਟੇਡੀਅਮ ਦੀ ਸਜਾਵਟ ਸਮੇਤ ਹਰ ਕੰਮ ਸਮੇਂ ਸਿਰ ਨੇਪਰੇ ਚਾੜ੍ਹ ਲਿਆ ਜਾਵੇ ਤਾਂ ਜੋ ਸਮਾਗਮ ਸਫ਼ਲਤਾ ਪੂਰਵਕ ਕਰਵਾਇਆ ਜਾ ਸਕੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਸਤਵੰਤ ਸਿੰਘ, ਐੱਸ ਪੀ ਸੌਰਭ ਜਿੰਦਲ, ਸਹਾਇਕ ਕਮਿਸ਼ਨਰ (ਜ) ਰਾਜਨ ਗੋਇਲ, ਐੱਸ ਡੀ ਐਮ ਬਰਨਾਲਾ ਸ. ਗੁਰਬੀਰ ਸਿੰਘ ਕੋਹਲੀ ਤੇ ਹੋਰ ਅਧਿਕਾਰੀ/ ਕਰਮਚਾਰੀ ਹਾਜ਼ਰ ਸਨ।
