ਨਵੀਂ ਦਿੱਲੀ: 11 Sep 2026 AJ DI Awaaj
National Desk : ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ 18ਵੇਂ ਬ੍ਰਿਕਸ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਅੱਜ ਨਵੀਂ ਦਿੱਲੀ ਪਹੁੰਚ ਗਏ ਹਨ। ਪਾਲਮ ਹਵਾਈ ਅੱਡੇ ’ਤੇ ਕੇਂਦਰੀ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਬ੍ਰਿਕਸ ਸੰਮੇਲਨ ਤੋਂ ਪਹਿਲਾਂ ਪੁਤਿਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਕਾਰ ਦੁਵੱਲੀ ਮੁਲਾਕਾਤ ਹੋਵੇਗੀ। ਇਸ ਦੌਰਾਨ ਭਾਰਤ-ਰੂਸ ਰੱਖਿਆ ਸਹਿਯੋਗ, ਵਪਾਰ, ਆਰਥਿਕ ਸਬੰਧਾਂ, ਊਰਜਾ ਸੁਰੱਖਿਆ ਅਤੇ ਹੋਰ ਰਣਨੀਤਕ ਮੁੱਦਿਆਂ ’ਤੇ ਚਰਚਾ ਹੋਣ ਦੀ ਉਮੀਦ ਹੈ।
ਕ੍ਰੇਮਲਿਨ ਮੁਤਾਬਕ ਪੁਤਿਨ 11 ਸਤੰਬਰ ਨੂੰ ਬ੍ਰਿਕਸ ਵਪਾਰ ਫੋਰਮ ਦੇ ਪੂਰਨ ਸੈਸ਼ਨ ਨੂੰ ਸੰਬੋਧਨ ਕਰਨਗੇ। ਉਹ ਭਾਰਤੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਇਲਾਵਾ ‘ਇਨੋਪਰੋਮ ਇੰਡੀਆ’ ਉਦਯੋਗਿਕ ਵਪਾਰ ਮੇਲੇ ਦਾ ਦੌਰਾ ਵੀ ਕਰਨਗੇ।
ਭਾਰਤ ਦੀ ਪ੍ਰਧਾਨਗੀ ਹੇਠ ਬ੍ਰਿਕਸ ਸੰਮੇਲਨ 12 ਅਤੇ 13 ਸਤੰਬਰ ਨੂੰ ਨਵੀਂ ਦਿੱਲੀ ਵਿੱਚ ਹੋਵੇਗਾ। ਸੰਮੇਲਨ ਦੌਰਾਨ ਡਿਜੀਟਲ ਤਕਨਾਲੋਜੀ, ਸਰਹੱਦ ਪਾਰ ਭੁਗਤਾਨ, ਊਰਜਾ ਸੁਰੱਖਿਆ, ਗਲੋਬਲ ਸਪਲਾਈ ਚੇਨ, MSME ਵਿਕਾਸ ਅਤੇ ਵਿਸ਼ਵਵਿਆਪੀ ਸ਼ਾਸਨ ਵਿੱਚ ਸੁਧਾਰ ਸਮੇਤ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋਣ ਦੀ ਸੰਭਾਵਨਾ ਹੈ।
ਪੁਤਿਨ ਦੀ ਭਾਰਤ ਯਾਤਰਾ ਨੂੰ ਦੋਵਾਂ ਦੇਸ਼ਾਂ ਦੀ ਲੰਬੇ ਸਮੇਂ ਤੋਂ ਚੱਲ ਰਹੀ ਰਣਨੀਤਕ ਭਾਈਵਾਲੀ ਨੂੰ ਹੋਰ ਮਜ਼ਬੂਤ ਕਰਨ ਦੇ ਨਜ਼ਰੀਏ ਨਾਲ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।



















