25000 ਰੁਪਏ ਰਿਸ਼ਵਤ ਲੈਂਦਾ ਵੇਰਕਾ ਦਾ ਸਹਾਇਕ ਮੈਨੇਜਰ ਪੰਜਾਬ ਵਿਜੀਲੈਂਸ ਬਿਊਰੋ ਵੱਲੋਂ ਕਾਬੂ

4

ਕੱਚੇ ਮਾਲ ਦੇ ਨਮੂਨੇ ਪਾਸ ਕਰਨ ਬਦਲੇ ਮੁਲਜ਼ਮ ਪਹਿਲਾਂ ਲੈ ਚੁੱਕਾ ਸੀ 50,000 ਰੁਪਏ

ਚੰਡੀਗੜ੍ਹ, 29 ਅਪ੍ਰੈਲ, 2025 (ਅੱਜ ਦੀ ਆਵਾਜ਼ ਬਿਊਰੋ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਭ੍ਰਿਸ਼ਟਾਚਾਰ ਵਿਰੁੱਧ ਜ਼ੀਰੋ-ਸਹਿਣਸ਼ੀਲਤਾ ਨੀਤੀ ਤਹਿਤ ਇੱਕ ਵੱਡੀ ਕਾਰਵਾਈ ਕਰਦਿਆਂ, ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਵੇਰਕਾ ਪਸ਼ੂ ਖੁਰਾਕ ਪਲਾਂਟ, ਘਣੀਏ ਕੇ ਬਾਂਗਰ, ਜ਼ਿਲ੍ਹਾ ਗੁਰਦਾਸਪੁਰ ਵਿਖੇ ਤਾਇਨਾਤ ਸਹਾਇਕ ਮੈਨੇਜਰ (ਕੁਆਲਿਟੀ ਅਸ਼ੋਰੈਂਸ) ਸ਼ਲਿੰਦਰ ਕੁਮਾਰ ਨੂੰ 25,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕੀਤਾ ਹੈ।
ਅੱਜ ਇੱਥੇ ਇਹ ਖੁਲਾਸਾ ਕਰਦੇ ਹੋਏ, ਰਾਜ ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਕਿ ਉਕਤ ਮੁਲਜ਼ਮ ਨੂੰ ਅੰਮ੍ਰਿਤਸਰ ਦੇ ਇੱਕ ਨਿਵਾਸੀ ਦੁਆਰਾ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਸੀ ਜਿਸਦੇ ਪਰਿਵਾਰ ਦੀ ਫਰਮ ਇੱਕ ਦਹਾਕੇ ਤੋਂ ਵੱਧ ਸਮੇਂ ਤੋਂ ਉਕਤ ਵੇਰਕਾ ਪਲਾਂਟ ਨੂੰ ਕੱਚਾ ਮਾਲ ਸਪਲਾਈ ਕਰ ਰਹੀ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਦੱਸਿਆ ਕਿ ਉਸਦਾ ਪੁੱਤਰ ਪਿਛਲੇ 10-12 ਸਾਲਾਂ ਤੋਂ ਵੇਰਕਾ ਕੈਟਲ ਫੀਡ ਪਲਾਂਟ ਨੂੰ ਡੀ-ਆਇਲ ਕੀਤੇ ਚੌਲ ਅਤੇ ਡੀ-ਆਇਲ ਕੀਤੀ ਸਰ੍ਹੋਂ ਦੀ ਸਪਲਾਈ ਕਰ ਰਿਹਾ ਹੈ। ਉਸਨੇ ਦੋਸ਼ ਲਗਾਇਆ ਕਿ ਉਕਤ ਮੁਲਾਜ਼ਮ ਉਨ੍ਹਾਂ ਦੀ ਹਾਲੀਆ ਖੇਪ ਨੂੰ ਪਾਸ ਕਰਨ ਬਦਲੇ ਰਿਸ਼ਵਤ ਮੰਗ ਰਿਹਾ ਹੈ ਅਤੇ ਧਮਕੀ ਦਿੱਤੀ ਹੈ ਕਿ ਨਹੀਂ ਤਾਂ ਉਹ ਬੇਬੁਨਿਆਦ ਇਤਰਾਜ਼ ਲਗਾ ਦੇਵੇਗਾ ਅਤੇ ਅੱਗੇ ਤੋਂ ਫਰਮ ਨੂੰ ਟੈਂਡਰਾਂ ਵਿੱਚ ਯੋਗ ਹੋਣ ਤੋਂ ਬਲੈਕਲਿਸਟ ਕਰਵਾ ਦੇਵੇਗਾ।
ਬੁਲਾਰੇ ਨੇ ਦੱਸਿਆ ਕੀਤਾ ਕਿ 28 ਮਾਰਚ, 2025 ਨੂੰ ਪਲਾਂਟ ਵੱਲੋਂ ਮਿਲੇ ਇੱਕ ਈ-ਮੇਲ ਡਿਮਾਂਡ ਨੋਟਿਸ ਦੇ ਜਵਾਬ ਵਿੱਚ ਸ਼ਿਕਾਇਤਕਰਤਾ ਨੇ ਪਲਾਂਟ ਨੂੰ ਕੱਚੇ ਮਾਲ ਨਾਲ ਭਰੇ ਛੇ ਟਰੱਕ ਭੇਜੇ ਸਨ ਪਰ ਮੁਲਜਮ ਨੇ ਇਹ ਖੇਪ ਪਾਸ ਕਰਨ ਲਈ 1,00,000 ਰੁਪਏ ਦੀ ਮੰਗ ਕੀਤੀ ਪਰ ਰਿਸ਼ਵਤ ਦੇਣ ਲਈ ਸੌਦਾ 75,000 ਰੁਪਏ ਵਿੱਚ ਤੈਅ ਹੋ ਗਿਆ ਸੀ ਜੋ ਕਿ ਤਿੰਨ ਕਿਸ਼ਤਾਂ ਵਿੱਚ ਅਦਾ ਕੀਤੀ ਜਾਣੀ ਸੀ। ਉਕਤ ਮੁਲਾਜ਼ਮ ਪਹਿਲਾਂ ਹੀ ਦੋ ਕਿਸ਼ਤਾਂ ਵਿੱਚ 50,000 ਰੁਪਏ ਸ਼ਿਕਾਇਤਕਰਤਾ ਕੋਲੋਂ ਰਿਸ਼ਵਤ ਵਜੋਂ ਲੈ ਚੁੱਕਾ ਹੈ ਅਤੇ ਬਾਕੀ ਰਹਿੰਦੇ 25,000 ਰੁਪਏ ਮੰਗ ਰਿਹਾ ਹੈ।
ਉਨ੍ਹਾਂ ਦਸਿਆ ਕਿ ਸ਼ਿਕਾਇਤ ਦੀ ਮੁੱਢਲੀ ਤਸਦੀਕ ਤੋਂ ਬਾਅਦ ਵਿਜੀਲੈਂਸ ਬਿਊਰੋ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 25,000 ਰੁਪਏ ਦੀ ਤੀਜੀ ਕਿਸ਼ਤ ਪ੍ਰਾਪਤ ਕਰਦਿਆਂ ਮੁਲਜ਼ਮ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ।
ਇਸ ਸਬੰਧ ਵਿੱਚ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਰੇਂਜ ਅੰਮ੍ਰਿਤਸਰ ਦੇ ਥਾਣੇ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਸਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਇਸ ਕੇਸ ਦੀ ਹੋਰ ਜਾਂਚ ਜਾਰੀ ਹੈ।