ਪੰਜਾਬ ਰਾਜ ਖੁਰਾਕ ਕਮਿਸ਼ਨ ਅਤੇ ਰੀਜਨਰੇਟਿੰਗ ਪੰਜਾਬ ਨੇ ਮਿੱਟੀ ਦੀ ਸਿਹਤ ਅਤੇ ਖੁਰਾਕ ਸੁਰੱਖਿਆ ਲਈ ਜੀਵਿਤ ਮਿੱਟੀ ਮਿਸ਼ਨ ਅਤੇ ਧਰਤੀ ਦੀਆਂ ਧੀਆਂ ਪਹਿਲਕਦਮੀਆਂ ਸ਼ੁਰੂ ਕਰਨ ਲਈ ਡੂੰਘਾਈ ਨਾਲ ਵਿਚਾਰ ਚਰਚਾ

1

ਪੀ.ਐਸ.ਐਫ.ਸੀ., ਰੀਜਨਰੇਟਿੰਗ ਪੰਜਾਬ ਵੱਲੋਂ 100 ਮਹਿਲਾ ਚੈਂਪੀਅਨਾਂ, ਪਿੰਡਾਂ ਲਈ ‘ਸੁਆਇਲ ਕੱਪ’ ਅਤੇ ਸਕੂਲ ਪੱਧਰੀ ਪ੍ਰੋਗਰਾਮਾਂ ਨਾਲ ਸੁਆਇਲ ਰੀਜਨਰੇਟਿੰਗ ਕ੍ਰਾਂਤੀ ਦੇ ਆਗਾਜ਼ ਬਾਰੇ ਯੋਜਨਾਬੰਦੀ

ਚੰਡੀਗੜ੍ਹ, 23 ਜੂਨ 2026 Aj Di Awaaj

Punjab Desk:  ਪੰਜਾਬ ਦੀ ਖੁਰਾਕ ਸੁਰੱਖਿਆ ਨੂੰ ਮਿੱਟੀ ਦੀ ਉਪਜਾਊ ਸ਼ਕਤੀ ਨਾਲ ਜੋੜਨ ਦੇ ਮਿਸ਼ਨ ਨੂੰ ਜਾਰੀ ਰੱਖਦਿਆਂ ਪੰਜਾਬ ਰਾਜ ਖੁਰਾਕ ਕਮਿਸ਼ਨ (ਪੀ.ਐਸ.ਐਫ.ਸੀ.) ਨੇ ਅੱਜ ਇੱਥੇ ਆਪਣੀ ਅਗਵਾਈ ਹੇਠ ਰੀਜਨਰੇਟਿੰਗ ਪੰਜਾਬ ਸੰਸਥਾ ਨਾਲ ਮਿਲ ਕੇ ਵਿਸਥਾਰਿਤ ਵਿਚਾਰ-ਚਰਚਾ ਕੀਤੀ ਤਾਂ ਜੋ ਸਾਰੇ ਭਾਈਵਾਲਾਂ ਦੀ ਸਰਗਰਮ ਭਾਗੀਦਾਰੀ ਨਾਲ ਇਸ ਸਬੰਧੀ ਭਵਿੱਖਮੁਖੀ ਰਣਨੀਤੀ ਉਲੀਕੀ ਜਾ ਸਕੇ।

ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਚੇਅਰਮੈਨ ਸ੍ਰੀ ਬਾਲ ਮੁਕੰਦ ਸ਼ਰਮਾ ਨੇ ਵਿਚਾਰ-ਵਟਾਂਦਰੇ ਦਾ ਆਗਾਜ਼ ਕੀਤਾ ਅਤੇ ਇਸ ਦੌਰਾਨ ਖੇਤੀਬਾੜੀ, ਪਾਣੀ, ਸਿਹਤ ਅਤੇ ਜਲਵਾਯੂ ਦੇ ਆਪਸ ਵਿੱਚ ਡੂੰਘਾਈ ਨਾਲ ਜੁੜੇ ਹੋਣ ’ਤੇ ਜ਼ੋਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਇਹ ਵਿਚਾਰ-ਚਰਚਾ ਸੈਸ਼ਨ ਇਸ ਸਾਲ ਅਪ੍ਰੈਲ ਵਿੱਚ ਸ਼ੁਰੂ ਕੀਤੀ ਗਈ ’ਮਿੱਟੀ ਤੋਂ ਥਾਲੀ’ (ਮਿੱਟੀ ਤੋਂ ਪਲੇਟ ਤੱਕ) ਪਹਿਲਕਦਮੀ ਦਾ ਵਿਸਥਾਰ ਸੀ।

ਰੀਜਨਰੇਟਿੰਗ ਪੰਜਾਬ ਦੀ ਸੰਸਥਾਪਕ ਸੁਮੀਤ ਸੰਧੂ ਨਾਲ ਮਿਲ ਕੇ ‘ਜੀਵਿਤ ਮਿੱਟੀ ਮਿਸ਼ਨ’ ਅਤੇ ‘ਧਰਤੀ ਦੀਆਂ ਧੀਆਂ’ ਵਰਗੇ ਨਵੇਂ ਸੰਕਲਪਾਂ ਦੀ ਸ਼ੁਰੂਆਤ ਕਰਦਿਆਂ ਚੇਅਰਮੈਨ ਨੇ ਮਿੱਟੀ ਦੀ ਸਿਹਤ ਨੂੰ ਮੁੜ ਸੁਰਜੀਤ ਕਰਨ ਅਤੇ ਇਸ ਨੂੰ ਬਿਹਤਰ ਕਰਨ ਦੀ ਲੋੜ ‘ਤੇ ਜ਼ੋਰ ਦਿੱਤਾ ਕਿਉਂਕਿ ਪੰਜਾਬ ਦੀ ਮਿੱਟੀ ਵਿਚਲੇ ਜੈਵਿਕ ਪਦਾਰਥ ਮਹਿਜ 0.5 ਪ੍ਰਤੀਸ਼ਤ ਹਨ ਜਦੋਂ ਕਿ ਲੋੜੀਂਦੀ ਦਰ 5 ਪ੍ਰਤੀਸ਼ਤ ਹੈ। ਅਜਿਹਾ ਇਸ ਲਈ ਹੈ ਤਾਂ ਜੋ ਮਿੱਟੀ ਵਿੱਚ ਮੌਜੂਦ ਸੂਖਮ ਪੌਸ਼ਟਿਕ ਤੱਤਾਂ ਦਾ ਆਪਣੀ ਪੂਰੀ ਸਮਰੱਥਾ ਤੱਕ ਵਧਣਾ ਯਕੀਨੀ ਬਣਾਇਆ ਜਾ ਸਕੇ ਜੋ ਕਿ ਮਿਆਰੀ ਅਤੇ ਪੌਸ਼ਟਿਕ ਭੋਜਨ ਯਕੀਨੀ ਬਣਾਉਣ ਲਈ ਬੇਹੱਦ ਸਹਾਈ ਹਨ।

ਸੁਮੀਤ ਸੰਧੂ ਨੇ ਕਿਹਾ ਕਿ ਇਸ ‘ਰੀਜਨਰੇਟਿਵ ਕ੍ਰਾਂਤੀ’ ਨੂੰ ਸਫਲ ਬਣਾਉਣ ਲਈ ਕਈ ਉਪਾਅ ਕੀਤੇ ਜਾਣ ਦੀ ਜ਼ਰੂਰਤ ਹੈ ਜਿਵੇਂ ਕਿ ਮਿੱਟੀ ਅਤੇ ਵਾਤਾਵਰਣ, ਪਾਣੀ ਸਬੰਧੀ ਪ੍ਰਣਾਲੀਆਂ, ਕਿਸਾਨੀ ਜੀਵਨ, ਬਾਜ਼ਾਰ ਅਤੇ ਮੁੱਲ ਲੜੀ, ਡੇਟਾ ਆਦਿ ਵਰਗੇ ਪਹਿਲੂਆਂ ‘ਤੇ ਕੇਂਦ੍ਰਿਤ ਕਾਰਜ ਸਮੂਹਾਂ ਦਾ ਗਠਨ ਕਰਨਾ ਅਤੇ ਖੇਤੀਬਾੜੀ ਸੈਕਟਰ ਨੂੰ ਸ਼ਾਮਿਲ ਕਰਨ ਦੇ ਨਾਲ-ਨਾਲ ਸੂਬਾ ਪੱਧਰ ਉੱਤੇ  ਮਿੱਟੀ ਦੀ ਸਮਰੱਥਾ ਤੇ ਗੁਣਵੱਤਾ ਦੀ ਜਾਂਚ ਕਰਨਾ।

ਕਮਿਸ਼ਨ ਦੇ ਚੇਅਰਮੈਨ ਦੇ ਧਿਆਨ ਵਿੱਚ ਇਹ ਵੀ ਲਿਆਂਦਾ ਗਿਆ ਕਿ ਇੱਕ ਟੈਸਟ ਕੇਸ ਵਜੋਂ ਮੋਗਾ ਦੇ ਪਿੰਡ ਘੋਲੀਆਂ ਕਲਾਂ ਵਿੱਚ ਇੱਕ ਮਿੱਟੀ ਦੀ ਜਾਂਚ ਸਬੰਧੀ ਲੈਬਾਰਟਰੀ ਸਥਾਪਿਤ ਕੀਤੀ ਗਈ ਹੈ।

ਇਸ ਮੌਕੇ  ‘ਧਰਤੀ ਦੀਆਂ ਧੀਆਂ’ ਦੇ ਇੱਕ ਨਵੇਂ ਵਿਚਾਰ ਦੀ ਸ਼ੁਰੂਆਤ ਵੀ ਹੋਈ ਜਿਸ ਵਿੱਚ ਔਰਤਾਂ ਨੂੰ ਸੂਆਇਲ ਰੀਜਨਰੇਸ਼ਨ ਚੈਂਪੀਅਨਸ ਅਤੇ ਵਾਤਾਵਰਣ ਸੰਭਾਲ ਆਗੂਆਂ ਵਜੋਂ ਪਾਲਣ-ਪੋਸ਼ਣ ਅਤੇ ਸਿਖਲਾਈ ਦੇਣਾ ਸ਼ਾਮਿਲ ਹੈ ਜੋ ਪੰਜਾਬ ਦੀ ਜ਼ਮੀਨ, ਪਾਣੀ ਅਤੇ ਭੋਜਨ ਪ੍ਰਣਾਲੀਆਂ ਦੀ ਰੀਜਨਰੇਸ਼ਨ ਨੂੰ ਸੇਧ ਅਤੇ ਪ੍ਰੇਰਨਾ ਦੇਣ ਵਿੱਚ ਸਹਾਈ ਸਾਬਿਤ ਹੋਣਗੀਆਂ। ਸੂਬੇ ਦੇ 23 ਜ਼ਿਲ੍ਹਿਆਂ ਵਿੱਚ ਅਜਿਹੀਆਂ 100 ਮਹਿਲਾ ਆਗੂਆਂ ਦੀ ਚੋਣ ਕੀਤੀ ਜਾਵੇਗੀ।

ਇਸ ਪਹਿਲਕਦਮੀ ਵਿੱਚ ਸਕੂਲ ਪੱਧਰ ਦੇ ਪ੍ਰੋਗਰਾਮ ਵੀ ਸ਼ਾਮਲ ਹਨ ਜੋ ਬੱਚਿਆਂ ਅਤੇ ਨੌਜਵਾਨਾਂ ਨੂੰ ਮਿੱਟੀ ਦੀ ਸਿਹਤ ਵਿੱਚ ਸੁਧਾਰ ਕਰਨ ਲਈ ਪ੍ਰੇਰਿਤ ਕਰਦੇ ਹਨ ਅਤੇ ਕਿਸਾਨਾਂ ਤੋਂ ਲੈ ਕੇ ਪਰਿਵਾਰਾਂ ਤੱਕ ਸਾਰੇ ਪਿੰਡਾਂ ਨੂੰ ਮਿੱਟੀ ਦੀ ਸਿਹਤ ਨੂੰ ਬਹਾਲ ਕਰਨ ਦੇ ਨੇਕ ਕਾਰਜ ਵਿੱਚ ਸਹਾਇਤਾ ਕਰਨ ਲਈ ਉਤਸ਼ਾਹਿਤ ਕਰਦੇ ਹਨ।

ਇਸ ਪਹਿਲਕਦਮੀ ਦੀਆਂ ਵਿਲੱਖਣ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਪਿੰਡ ਪੱਧਰੀ ਮੁਕਾਬਲਾ ਸੋਆਇਲ ਕੱਪ ਸ਼ੁਰੂ ਕਰਨਾ ਹੈ, ਜਿਸ ਵਿੱਚ ਉਨ੍ਹਾਂ ਪਿੰਡਾਂ ਨੂੰ ਇਨਾਮ ਦਿੱਤਾ ਜਾਵੇਗਾ ਜੋ ਆਪਣੀ ਮਿੱਟੀ, ਵਾਤਾਵਰਣ ਦਾ ਪਾਲਣ ਪੋਸ਼ਣ ਕਰਦੇ ਹਨ ਅਤੇ ਆਪਣਾ ਭਵਿੱਖ ਸੁਰੱਖਿਅਤ ਕਰਦੇ ਹਨ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਰੀਜਨਰੇਟਿੰਗ ਪੰਜਾਬ ਦੇ ਸਹਿ-ਸੰਸਥਾਪਕ ਅਰਿੰਦਮ ਮੁਖਰਜੀ, ਡਾਇਰੈਕਟਰ (ਸੇਵਾਮੁਕਤ) ਟਾਊਨ ਪਲਾਨਿੰਗ ਵਿਭਾਗ, ਪੰਜਾਬ ਐਮ.ਐਸ. ਔਜਲਾ, ਪਿੰਡ ਘੋਲੀਆਂ ਕਲਾਂ ਦੇ ਸਰਪੰਚ ਏਕਮਪ੍ਰੀਤ ਸਿੰਘ ਅਤੇ ਜੈਵਿਕ ਕਿਸਾਨ ਚਮਕੌਰ ਸਿੰਘ ਸ਼ਾਮਲ ਸਨ।