ਡੀ.ਈ.ਆਈ.ਸੀ. ਵਿਖੇ ਬੱਚੇ ਦਾ ਮਨਾਇਆ ਜਨਮ ਦਿਨ

17
ਰੂਪਨਗਰ, 23 ਜੂਨ 2026 AJ DI Awaaj
Punjab Desk  :  ਰਾਸ਼ਟਰੀ ਬਾਲ ਸਿਹਤ ਪ੍ਰੋਗਰਾਮ (ਆਰ.ਬੀ.ਐੱਸ.ਕੇ.) ਅਧੀਨ ਜ਼ਿਲ੍ਹਾ ਅਰਲੀ ਇੰਟਰਵੈਨਸ਼ਨ ਸੈਂਟਰ (ਡੀ.ਈ.ਆਈ.ਸੀ.), ਰੂਪਨਗਰ ਵਿਖੇ ਅੱਜ ਸਿਵਲ ਸਰਜਨ ਡਾ. ਰਮਨ ਗੁਪਤਾ ਦੀ ਅਗਵਾਈ ਹੇਠ ਅਤੇ ਸੈਂਟਰ ਦੇ ਸਮੂਹ ਸਟਾਫ ਵੱਲੋਂ ਬੱਚੇ ਰੁਦਰਾ ਦਾ ਜਨਮ ਦਿਨ ਵਿਸ਼ੇਸ਼ ਤੌਰ ‘ਤੇ ਮਨਾਇਆ ਗਿਆ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਰਮਨ ਗੁਪਤਾ ਨੇ ਦੱਸਿਆ ਕਿ ਬਿਹਾਰ ਦੇ ਇੱਕ ਪਰਿਵਾਰ ਨਾਲ ਸੰਬੰਧਿਤ ਬੱਚਾ ਰੁਦਰਾ ਇੱਕ ਸਾਲ ਦੀ ਉਮਰ ਤੱਕ ਵੀ ਆਪਣੀ ਉਮਰ ਅਨੁਸਾਰ ਵਿਕਾਸੀ ਮੀਲ ਪੱਥਰ ਪ੍ਰਾਪਤ ਨਹੀਂ ਕਰ ਸਕਿਆ ਸੀ। ਇਸ ਉਪਰੰਤ ਬੱਚੇ ਨੂੰ ਜ਼ਿਲ੍ਹਾ ਅਰਲੀ ਇੰਟਰਵੈਨਸ਼ਨ ਸੈਂਟਰ, ਰੂਪਨਗਰ ਵਿਖੇ ਮੁਫ਼ਤ ਇਲਾਜ ਅਤੇ ਥੈਰੇਪੀ ਸੇਵਾਵਾਂ ਪ੍ਰਦਾਨ ਕੀਤੀਆਂ ਗਈਆਂ। ਸੈਂਟਰ ਦੇ ਮਾਹਿਰ ਸਟਾਫ ਵੱਲੋਂ ਬੱਚੇ ਦੀ ਮਾਤਾ ਨੂੰ ਨਿਯਮਿਤ ਥੈਰੇਪੀ ਅਤੇ ਸ਼ੁਰੂਆਤੀ ਇਲਾਜ ਦੇ ਮਹੱਤਵ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ।
ਉਨ੍ਹਾਂ ਦੱਸਿਆ ਕਿ ਨਿਰੰਤਰ ਥੈਰੇਪੀ ਅਤੇ ਨਿਯਮਿਤ ਫਾਲੋਅਪ ਦੇ ਨਤੀਜੇ ਵਜੋਂ ਬੱਚੇ ਦੀ ਸਿਹਤ ਵਿੱਚ ਕਾਫ਼ੀ ਸੁਧਾਰ ਆਇਆ ਹੈ, ਹੁਣ ਰੁਦਰਾ ਆਪਣੀ ਗਰਦਨ ਸੰਭਾਲਣ, ਆਪਣੇ ਆਪ ਬੈਠਣ, ਹੌਲੀ-ਹੌਲੀ ਕਦਮ ਪੁੱਟਣ ਅਤੇ ਖੜ੍ਹਾ ਹੋਣ ਦੀ ਕੋਸ਼ਿਸ਼ ਕਰਨ ਵਰਗੀਆਂ ਸਰੀਰਕ ਗਤੀਵਿਧੀਆਂ ਆਪਣੀ ਉਮਰ ਅਨੁਸਾਰ ਕਰ ਰਿਹਾ ਹੈ। ਡਾਕਟਰਾਂ ਅਨੁਸਾਰ ਹੁਣ ਬੱਚੇ ਦਾ ਮਾਨਸਿਕ ਅਤੇ ਸਰੀਰਕ ਵਿਕਾਸ ਵੀ ਉਸ ਦੀ ਉਮਰ ਦੇ ਅਨੁਕੂਲ ਹੋ ਰਿਹਾ ਹੈ। ਇਸ ਖੁਸ਼ੀ ਦੇ ਮੌਕੇ ਨੂੰ ਸਾਂਝਾ ਕਰਦਿਆਂ ਸਿਹਤ ਵਿਭਾਗ ਵੱਲੋਂ ਰੁਦਰਾ ਦਾ ਜਨਮ ਦਿਨ ਮਨਾਇਆ ਗਿਆ।
ਡਾ. ਰਮਨ ਗੁਪਤਾ ਨੇ ਦੱਸਿਆ ਕਿ ਜ਼ਿਲ੍ਹਾ ਅਰਲੀ ਇੰਟਰਵੈਨਸ਼ਨ ਸੈਂਟਰ ਵਿੱਚ 0 ਤੋਂ 18 ਸਾਲ ਤੱਕ ਦੇ ਬੱਚਿਆਂ ਨੂੰ ਮੁਫ਼ਤ ਵਿਸ਼ੇਸ਼ ਸੇਵਾਵਾਂ ਜਿਵੇਂ ਕਿ ਫਿਜ਼ਿਓਥੈਰਾਪੀ, ਸਪੀਚ ਥੈਰਾਪੀ, ਆਕਿਊਪੇਸ਼ਨਲ ਥੈਰਾਪੀ, ਮਾਪਿਆਂ ਨੂੰ ਬੱਚੇ ਦੀ ਸੰਭਾਲ ਸਬੰਧੀ ਸਿਖਲਾਈ ਅਤੇ ਮਾਹਿਰਾਂ ਦੀ ਸਲਾਹ ਮੁਹੱਈਆ ਕਰਵਾਈ ਜਾਂਦੀ ਹੈ। ਇਨ੍ਹਾਂ ਸੇਵਾਵਾਂ ਰਾਹੀਂ ਵਿਕਾਸ ਵਿੱਚ ਦੇਰੀ ਵਾਲੇ ਬੱਚਿਆਂ ਦਾ ਸਮੇਂ ਸਿਰ ਯੋਗ ਇਲਾਜ ਕਰਕੇ ਉਨ੍ਹਾਂ ਨੂੰ ਸਿਹਤਮੰਦ ਅਤੇ ਬਿਹਤਰ ਜੀਵਨ ਪ੍ਰਦਾਨ ਕੀਤਾ ਜਾਂਦਾ ਹੈ।
ਇਸ ਮੌਕੇ ਸਿਵਲ ਸਰਜਨ ਨੇ ਡੀ.ਈ.ਆਈ.ਸੀ. ਦੇ ਸਮੂਹ ਸਟਾਫ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਦੀ ਮਿਹਨਤ, ਸਮਰਪਣ ਅਤੇ ਲਗਨ ਸਦਕਾ ਅੱਜ ਰੁਦਰਾ ਦੀ ਸਿਹਤ ਵਿੱਚ ਸਕਾਰਾਤਮਕ ਬਦਲਾਅ ਦੇਖਣ ਨੂੰ ਮਿਲ ਰਿਹਾ ਹੈ।
ਸਿਵਲ ਸਰਜਨ ਨੇ ਮਾਪਿਆਂ ਨੂੰ ਅਪੀਲ ਕੀਤੀ ਕਿ ਜੇਕਰ ਕਿਸੇ ਬੱਚੇ ਦਾ ਸ਼ੁਰੂਆਤੀ ਵਿਕਾਸ ਉਮਰ ਅਨੁਸਾਰ ਨਹੀਂ ਹੋ ਰਿਹਾ ਜਾਂ ਵਿਕਾਸ ਵਿੱਚ ਕਿਸੇ ਤਰ੍ਹਾਂ ਦੀ ਦੇਰੀ ਨਜ਼ਰ ਆਉਂਦੀ ਹੈ ਤਾਂ ਉਹ ਆਪਣੇ ਨਜ਼ਦੀਕੀ ਸਿਹਤ ਕੇਂਦਰ ਵਿਖੇ ਬੱਚੇ ਦੀ ਡਾਕਟਰੀ ਜਾਂਚ ਜ਼ਰੂਰ ਕਰਵਾਉਣ, ਤਾਂ ਜੋ ਲੋੜ ਪੈਣ ‘ਤੇ ਬੱਚੇ ਨੂੰ ਜ਼ਿਲ੍ਹਾ ਅਰਲੀ ਇੰਟਰਵੈਨਸ਼ਨ ਸੈਂਟਰ ਰੈਫਰ ਕਰਕੇ ਸਮੇਂ ਸਿਰ ਯੋਗ ਇਲਾਜ ਅਤੇ ਥੈਰੇਪੀ ਸ਼ੁਰੂ ਕੀਤੀ ਜਾ ਸਕੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਨਵਰੂਕ ਕੌਰ, ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਡਾ ਰੁਪਿੰਦਰ ਸਿੰਘ ਗਿੱਲ, ਡਿਪਟੀ ਮਾਸ ਮੀਡੀਆ ਅਫ਼ਸਰ ਰਾਕੇਸ਼ ਸਿੰਘ, ਡਾ. ਆਂਚਲ , ਡਾ. ਰਿੰਪਲ ਗਰਗ (ਆਯੁਰਵੇਦਿਕ ਮੈਡੀਕਲ ਅਫ਼ਸਰ), ਡਾ. ਯੋਗਿਤਾ ਭਾਰਦਵਾਜ ਫਿਜ਼ਿਓਥੈਰਾਪਿਸਟ, ਪੁਸ਼ਪਿੰਦਰ ਕੌਰ ਆਡੀਓਲੋਜਿਸਟ, ਮਨਦੀਪ ਕੌਰ ਸਟਾਫ ਨਰਸ ਅਤੇ ਪਰਮਿੰਦਰ ਕੌਰ ਫਾਰਮਾਸਿਸਟ ਹਾਜ਼ਰ ਸਨ।