Punjab 21 Apr 2026 AJ DI Awaaj
Punjab Desk : ਪੰਜਾਬ ਪੁਲਸ ਦੀ ਇੱਕ ਟੀਮ ਅਸਾਮ ਦੇ ਡਿਬਰੂਗੜ੍ਹ ਪਹੁੰਚ ਗਈ ਹੈ, ਜਿੱਥੇ ਉਹ ਖਡੂਰ ਸਾਹਿਬ ਤੋਂ ਸੰਸਦ ਮੈਂਬਰ ਅਮ੍ਰਿਤਪਾਲ ਸਿੰਘ ਨੂੰ ਅਜਨਾਲਾ ਪੁਲਿਸ ਥਾਣਾ ਹਮਲੇ ਦੇ ਮਾਮਲੇ ਵਿੱਚ ਗ੍ਰਿ*ਫ਼ਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਇਹ ਕਾਰਵਾਈ ਉਸ ਸਮੇਂ ਹੋ ਰਹੀ ਹੈ ਜਦੋਂ ਉਨ੍ਹਾਂ ਦੀ National Security Act (NSA) ਹੇਠ ਨਜ਼ਰਬੰਦੀ 22 ਅਪ੍ਰੈਲ ਨੂੰ ਖ਼ਤਮ ਹੋਣ ਵਾਲੀ ਹੈ।
ਜਾਣਕਾਰੀ ਅਨੁਸਾਰ, ਡੀਐਸਪੀ ਦਰਜੇ ਦਾ ਇੱਕ ਅਧਿਕਾਰੀ ਇਸ ਟੀਮ ਦੀ ਅਗਵਾਈ ਕਰ ਰਿਹਾ ਹੈ, ਜੋ ਐਤਵਾਰ ਸ਼ਾਮ ਨੂੰ ਅਸਾਮ ਪਹੁੰਚੀ। ਪੰਜਾਬ ਸਰਕਾਰ ਨੂੰ ਹਾਈਕੋਰਟ ਵੱਲੋਂ ਇਹ ਮਨਜ਼ੂਰੀ ਮਿਲੀ ਹੈ ਕਿ NSA ਸਮਾਪਤ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਰੱਖਿਆ ਜਾ ਸਕਦਾ ਹੈ।
ਅਮ੍ਰਿਤਪਾਲ ਸਿੰਘ ਨੂੰ ਅਪ੍ਰੈਲ 2023 ਵਿੱਚ ਮੋਗਾ ਦੇ ਰੋਡੇ ਪਿੰਡ ਤੋਂ ਗ੍ਰਿ*ਫ਼ਤਾਰ ਕੀਤਾ ਗਿਆ ਸੀ। ਇਸ ਤੋਂ ਪਹਿਲਾਂ ਫਰਵਰੀ 2023 ਵਿੱਚ ਅਜਨਾਲਾ ਥਾਣੇ ‘ਤੇ ਹਮਲੇ ਦਾ ਮਾਮਲਾ ਸਾਹਮਣੇ ਆਇਆ ਸੀ, ਜਿੱਥੇ ਉਹ ਆਪਣੇ ਸਮਰਥਕਾਂ ਨਾਲ ਥਾਣੇ ਵਿੱਚ ਦਾਖਲ ਹੋਏ ਅਤੇ ਇੱਕ ਸਾਥੀ ਨੂੰ ਛੁਡਾਉਣ ਲਈ ਪੁਲਿਸ ਨਾਲ ਝੜਪ ਹੋਈ ਸੀ।
ਪੁਲਿਸ ਅਧਿਕਾਰੀਆਂ ਮੁਤਾਬਕ, ਨਜ਼ਰਬੰਦੀ ਖ਼ਤਮ ਹੋਣ ਦੇ ਨਾਲ ਹੀ ਅਮ੍ਰਿਤਪਾਲ ਸਿੰਘ ਨੂੰ ਇਸ ਮਾਮਲੇ ਵਿੱਚ ਮੁੜ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਰਿਮਾਂਡ ਲਿਆ ਜਾਵੇਗਾ। ਇਸ ਤੋਂ ਬਾਅਦ ਕੇਸ ਦੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਇਸ ਮਾਮਲੇ ਵਿੱਚ ਹੋਰ ਕਈ ਦੋਸ਼ੀ ਵੀ ਸ਼ਾਮਲ ਹਨ, ਜਦਕਿ ਅਮ੍ਰਿਤਪਾਲ ਸਿੰਘ ਨੂੰ ਮੁੱਖ ਦੋਸ਼ੀ ਮੰਨਿਆ ਜਾ ਰਿਹਾ ਹੈ।














