ਜ਼ੀਰੋ ਬਰਨਿੰਗ ਦੇ ਉਦੇ਼ਸ ਦੀ ਪੂਰਤੀ ਲਈ ਪਰਾਲੀ ਦਾ ਯੋਗ ਪ੍ਰਬੰਧਨ ਜ਼ਰੂਰੀ

28

ਮਾਨਸਾ, 08 ਸਤੰਬਰ 2025 AJ DI Awaaj

Punjab Desk : ਝੋਨੇ ਦੀ ਪਰਾਲੀ ਦੇ ਸੁਚੱਜੇ ਪ੍ਰਬੰਧਨ ਲਈ ਪੰਜਾਬ ਸਰਕਾਰ ਬਹੁਤ ਗੰਭੀਰ ਹੈ। ਇਸ ਸਾਲ ਜਿ਼ਲ੍ਹਾ ਮਾਨਸਾ ਵਿਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਜ਼ੀਰੋ ਕਰਨ ਦਾ ਟੀਚਾ ਹੈ।ਜ਼ੀਰੋ ਬਰਨਿੰਗ ਦੇ ਉਦੇ਼ਸ ਦੀ ਪੂਰਤੀ ਲਈ ਪਰਾਲੀ ਦਾ ਯੋਗ ਪ੍ਰਬੰਧਨ ਕਰਨਾ ਲਾਜ਼ਮੀ ਹੈ। ਇੰਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਨਵਜੋਤ ਕੌਰ, ਆਈ.ਏ.ਐਸ. ਨੇ ਸਥਾਨਕ ਬੱਚਤ ਭਵਨ ਵਿਖੇ ਜਿ਼ਲ੍ਹੇ ਦੇ ਬੇਲਰ ਮਾਲਕ ਅਤੇ ਪੈਡੀ ਇੰਡਸਟਰੀ ਮਾਲਕਾਂ ਨਾਲ ਇਕ ਅਹਿਮ ਮੀਟਿੰਗ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀਮਤੀ ਨਵਜੋਤ ਕੌਰ, ਆਈ.ਏ.ਐੱਸ. ਨੇ ਬੇਲਰ ਮਾਲਕਾ ਨੂੰ ਹਦਾਇਤ ਕੀਤੀ ਕਿ ਉਹ ਪਹਿਲ ਦੇ ਅਧਾਰ *ਤੇ ਮਾਨਸਾ ਜਿ਼ਲ੍ਹੇ ਵਿੱਚ ਮੋਜੂਦ ਪਰਾਲੀ ਦਾ ਪ੍ਰਬੰਧਨ ਕਰਨ। ਇਸ ਤੋਂ ਇਲਾਵਾ ਉਨ੍ਹਾਂ ਪੈਡੀ ਇੰਡਸਟਰੀ ਮਾਲਕਾਂ ਨੂੰ ਬੇਲਰ ਮਾਲਕਾਂ ਦੀ ਅਦਾਇਗੀ ਸਮੇਂ ਸਿਰ ਕਰਨ ਲਈ ਕਿਹਾ ਤਾਂ ਜੋ ਪਰਾਲੀ ਪ੍ਰਬੰਧਨ ਦੀ ਕੜੀ ਨੂੰ ਸਹੀ ਢੰਗ ਨਾਲ ਚਲਾਇਆ ਜਾ ਸਕੇ। ਉਨ੍ਹਾਂ ਉਦਯੋਗਿਕ ਇਕਾਈਆਂ ਅਤੇ ਬੇਲਰ ਮਾਲਕਾਂ ਨੂੰ ਹਦਾਇਤ ਕੀਤੀ ਕਿ ਉਹ ਆਪਸੀ ਤਾਲਮੇਲ ਬਣਾ ਕੇ ਚੱਲਣ ਤਾਂ ਜੋ ਪਰਾਲੀ ਦੇ ਪ੍ਰਬੰਧਨ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ।
ਡਿਪਟੀ ਕਮਿਸ਼ਨਰ ਨਵਜੋਤ ਕੌਰ ਨੇ ਬੇਲਰ ਮਾਲਕਾਂ ਨੂੰ ਕਿਹਾ ਕਿ ਆਪਣੇ ਆਪਣੇ ਬੇਲਰਾਂ ਨੂੰ ਵੱਧ ਤੋਂ ਵੱਧ ਆਪਣੇ ਪਿੰਡਾਂ ਦੇ ਆਲੇ ਦੁਆਲੇ ਚਲਾ ਕੇ ਛੋਟੇ ਅਤੇ ਸੀਮਾਂਤ ਕਿਸਾਨਾਂ ਦੀ ਮਦਦ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਬੇਲਰ ਮਾਲਕ ਅਤੇ ਪਰਾਲੀ ਪ੍ਰਬੰਧਨ ਸਬੰਧੀ ਉਦਯੋਗਪਤੀ ਵਾਤਾਵਰਣ ਦੇ ਰਖਵਾਲੇ ਦੇ ਤੌਰ *ਤੇ ਕੰਮ ਕਰਨ। ਉਨ੍ਹਾਂ ਜਿ਼ਲ੍ਹੇ ਨਾਲ ਸਬੰਧਤ ਉਦਯੋਗਿਕ ਇਕਾਈਆਂ ਦੇ ਨੁਮਾਇੰਦਿਆਂ ਨੂੰ ਕਿਹਾ ਕਿ ਉਹ ਝੋਨੇ ਦੀ ਪਰਾਲੀ ਦੇ ਪ੍ਰਬੰਧਨ ਦੇ ਮੱਦੇਨਜ਼ਰ ਹੁਣੇ ਤੋਂ ਹੀ ਪਰਾਲੀ ਦੀ ਖਰੀਦ, ਰੱਖ ਰਖਾਵ ਦੇ ਲੌੜੀਂਦੇ ਪ੍ਰਬੰਧ ਕਰ ਲੈਣ ਤਾਂ ਜੋ ਬਾਅਦ ਵਿੱਚ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ।
ਇਸ ਮੌਕੇ ਐਸ.ਡੀ.ਐਮ. ਬੁਢਲਾਡਾ ਸ੍ਰੀ ਗਗਨਦੀਪ ਸਿੰਘ ਨੇ ਉਦਯੋਗਿਕ ਇਕਾਈਆਂ ਅਤੇ ਬੇਲਰ ਮਾਲਕਾਂ ਨਾਲ ਵਿਚਾਰ ਵਟਾਂਦਰਾ ਕਰਕੇ ਹੋਏ ਪ੍ਰਬੰਧਨ ਲਈ ਹੋਰ ਕੀਤੇ ਜਾਣ ਵਾਲੇ ਸੁਚੱਜੇ ਢੰਗਾਂ ਬਾਰੇ ਸੁਝਾਅ ਲਏ ਅਤੇ ਉਨ੍ਹਾਂ ਨੇ ਇਸ ਦੌਰਾਨ ਆਉਣ ਵਾਲੀਆਂ ਸਮੱਸਿਆਵਾਂ ਬਾਰੇ ਵੀ ਜਾਣਿਆ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਪਰਾਲੀ ਪ੍ਰਬੰਧਨ ਦੇ ਮੱਦੇਨਜ਼ਰ ਮਾਨਸਾ ਜਿ਼ਲ੍ਹੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਮੀਟਿੰਗ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ, ਡਾ. ਹਰਪ੍ਰੀਤ ਪਾਲ ਕੌਰ ਨੇ ਬੇਲਰ ਮਾਲਕਾਂ ਅਤੇ ਉਦਯੋਗਿਕ ਇਕਾਈਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਾਨਸਾ ਜਿਲ੍ਹੇ ਵਿੱਚ 9.18 ਲੱਖ ਮੀਟਰਿਕ ਟਨ ਪਰਾਲੀ ਹੋਣ ਦੀ ਸੰਭਾਵਨਾ ਹੈ। ਐਕਸ਼ਨ ਪਲਾਨ ਅਨੁਸਾਰ 5.5 ਲੱਖ ਮੀਟਰਿਕ ਟਨ ਝੋਨੇ ਦੀ ਪਰਾਲੀ ਦਾ ਐਕਸ ਸੀਟੂ ਤਕਨੀਕ ਨਾਲ ਅਤੇ 3.69 ਲੱਖ ਮੀਟਰਿਕ ਟਨ ਦਾ ਇਨ ਸਿਟੂ ਤਕਨੀਕ ਨਾਲ ਮਾਨਸਾ ਜਿਲ੍ਹੇ ਵਿੱਚ ਪ੍ਰਬੰਧਨ ਕੀਤਾ ਜਾਵੇਗਾ।
ਇਸ ਮੌਕੇ ਡਾ. ਚਮਨਦੀਪ ਸਿੰਘ, ਡਿਪਟੀ ਪ੍ਰੋਜੈਕਟਰ ਡਾਇਰੈਕਟਰ (ਆਤਮਾ), ਸ਼੍ਰੀ ਹਰਮਨਪ੍ਰੀਤ ਸਿੰਘ, ਐਸ.ਡੀ.ਓ ਪ੍ਰਦੂਸ਼ਣ ਕੰਟਰੋਲ ਬੋਰਡ ,ਬਲਜੀਤ ਸਿੰਘ, ਜੂਨੀਅਰ ਤਕਨੀਸ਼ੀਅਨ, ਬੇਲਰ ਪੰਜਾਬ ਯੂਨੀਅਨ ਮਾਨਸਾ ਦੇ ਪ੍ਰਧਾਨ ਸ਼੍ਰੀ ਲਾਭ ਸਿੰਘ ਪਿੰਡ ਘੁਮਣ ਕਲਾਂ, ਏ.ਬੀ ਬਾਈਓਫਿਊਲ, ਆਰ.ਏ.ਵੀ ਐਂਡ ਕੰਪਨੀ, ਇੰਜੀਨੀਅਰਿੰਗ ਐਂਡ ਇਨਫਰਾਸਟਰਕਚਰ, ਗਰੀਨ ਐਨਰਜੀ ਸਲੀਊਸ਼ਨ, ਡਬਲਯੂ.ਆਰ.ਐਮ ਆਦਿ ਦੇ ਉਦਯੋਗਿਕ ਮਾਲਕ ਹਾਜ਼ਰ ਸਨ।