28 July 2026 Aj Di Awaaj
International Desk: ਜਾਪਾਨ ਦੇ ਕਿਊਸ਼ੂ ਟਾਪੂ ‘ਤੇ ਮੰਗਲਵਾਰ ਨੂੰ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਨਾਲ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਭੂਚਾਲ ਦਾ ਕੇਂਦਰ ਕੁਮਾਮੋਟੋ ਖੇਤਰ ਵਿੱਚ ਸਮੁੰਦਰ ਤਲ ਤੋਂ ਕਰੀਬ 10 ਕਿਲੋਮੀਟਰ ਹੇਠਾਂ ਸੀ। ਭੂਚਾਲ ਤੋਂ ਬਾਅਦ ਜਾਪਾਨ ਮੌਸਮ ਵਿਗਿਆਨ ਏਜੰਸੀ (JMA) ਨੇ ਤੱਟੀ ਇਲਾਕਿਆਂ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕਰ ਦਿੱਤੀ।
JMA ਮੁਤਾਬਕ ਸਮੁੰਦਰ ਵਿੱਚ ਕਰੀਬ ਇੱਕ ਮੀਟਰ ਉੱਚੀਆਂ ਲਹਿਰਾਂ ਉੱਠਣ ਦੀ ਸੰਭਾਵਨਾ ਹੈ। ਇਸ ਨੂੰ ਦੇਖਦਿਆਂ ਤੱਟੀ ਇਲਾਕਿਆਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਸਮੁੰਦਰ ਤੋਂ ਦੂਰ ਰਹਿਣ ਅਤੇ ਸੁਰੱਖਿਅਤ ਉੱਚੇ ਸਥਾਨਾਂ ‘ਤੇ ਜਾਣ ਦੀ ਅਪੀਲ ਕੀਤੀ ਗਈ ਹੈ।
ਭੂਚਾਲ ਦੇ ਝਟਕੇ ਕੁਮਾਮੋਟੋ ਤੋਂ ਇਲਾਵਾ ਨਾਗਾਸਾਕੀ, ਕਾਗੋਸ਼ੀਮਾ, ਫੁਕੂਓਕਾ, ਸਾਗਾ, ਓਇਤਾ ਅਤੇ ਮਿਆਜ਼ਾਕੀ ਸੂਬਿਆਂ ਵਿੱਚ ਵੀ ਮਹਿਸੂਸ ਕੀਤੇ ਗਏ। ਇਨ੍ਹਾਂ ਸਾਰੇ ਇਲਾਕਿਆਂ ਵਿੱਚ ਐਮਰਜੈਂਸੀ ਭੂਚਾਲ ਅਲਰਟ ਜਾਰੀ ਕੀਤਾ ਗਿਆ ਹੈ।
ਅਮਰੀਕੀ ਪੈਸਿਫਿਕ ਸੁਨਾਮੀ ਵਾਰਨਿੰਗ ਸੈਂਟਰ ਨੇ ਕਿਹਾ ਹੈ ਕਿ ਸਥਾਨਕ ਤੱਟੀ ਇਲਾਕਿਆਂ ਤੋਂ ਬਾਹਰ ਵੱਡੀ ਸੁਨਾਮੀ ਦਾ ਖ਼ਤਰਾ ਨਹੀਂ ਹੈ। ਫਿਲਹਾਲ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਕੋਈ ਖ਼ਬਰ ਨਹੀਂ ਮਿਲੀ। ਜਾਪਾਨੀ ਮੀਡੀਆ ਮੁਤਾਬਕ ਧਰਤੀ ਕਰੀਬ ਇੱਕ ਮਿੰਟ ਤੱਕ ਕੰਬਦੀ ਰਹੀ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 25 ਜੂਨ ਨੂੰ ਵੀ ਉੱਤਰੀ ਜਾਪਾਨ ਵਿੱਚ 7.2 ਤੀਬਰਤਾ ਦਾ ਭੂਚਾਲ ਆਇਆ ਸੀ। ਜਾਪਾਨ ਦੁਨੀਆ ਦੇ ਸਭ ਤੋਂ ਵੱਧ ਭੂਚਾਲ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ ਕਿਉਂਕਿ ਇਹ ਪ੍ਰਸ਼ਾਂਤ ਮਹਾਸਾਗਰ ਦੇ ‘ਰਿੰਗ ਆਫ ਫਾਇਰ’ ਖੇਤਰ ਵਿੱਚ ਸਥਿਤ ਹੈ।



















