ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ

6
ਰੂਪਨਗਰ, 2 ਜੁਲਾਈ 2026 AJ DI Awaaj
Punjab Desk : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਹਫ਼ਤਾਵਾਰੀ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ 3 ਜੁਲਾਈ 2026 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਐਮ.ਸੀ.ਸੀ.-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਤਿੰਨ ਪ੍ਰਾਈਵੇਟ ਕੰਪਨੀਆਂ ਵੱਲੋਂ ਵੱਖ-ਵੱਖ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਲਾਰਡ ਕ੍ਰਿਸ਼ਨਾ ਇਨਫੋਟੈਕ ਪਾਰਕ ਐਂਡ ਰਾਈਜ਼ਿੰਗ ਬਰਾਡਬੈਂਡ ਪ੍ਰਾਈਵੇਟ ਲਿਮਟਿਡ ਵੱਲੋਂ ਵਾਈ-ਫਾਈ ਟੈਕਨੀਸ਼ੀਅਨ/ਇਲੈਕਟ੍ਰੀਸ਼ੀਅਨ/ਲਾਈਨਮੈਨ/ਸਪਲਾਈਸਰ ਦੀਆਂ 4 ਅਸਾਮੀਆਂ ਲਈ ਆਈ.ਟੀ.ਆਈ., ਦਸਵੀਂ, ਬਾਰਵੀਂ ਜਾਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ (ਕੇਵਲ ਪੁਰਸ਼) ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 10,000 ਤੋਂ 12,000 ਰੁਪਏ ਪ੍ਰਤੀ ਮਹੀਨਾ, ਪੈਟਰੋਲ ਭੱਤਾ ਅਤੇ ਪ੍ਰੋਤਸਾਹਨ ਰਾਸ਼ੀ ਦਿੱਤੀ ਜਾਵੇਗੀ। ਉਮੀਦਵਾਰ ਦੀ ਉਮਰ 18 ਤੋਂ 40 ਸਾਲ ਹੋਣੀ ਚਾਹੀਦੀ ਹੈ।
ਇਸੇ ਕੰਪਨੀ ਵੱਲੋਂ ਕੰਪਿਊਟਰ ਆਪਰੇਟਰ/ਕਾਊਂਸਲਰ ਦੀਆਂ 2 ਅਸਾਮੀਆਂ ਲਈ ਬਾਰਵੀਂ ਜਾਂ ਗ੍ਰੈਜੂਏਟ (ਬੀ.ਕਾਮ ਨੂੰ ਤਰਜੀਹ) ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 8,000 ਤੋਂ 10,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਇਨ੍ਹਾਂ ਅਸਾਮੀਆਂ ਲਈ ਸਾਬਕਾ ਸੈਨਿਕ ਵੀ ਅਪਲਾਈ ਕਰ ਸਕਦੇ ਹਨ। ਨੌਕਰੀ ਦਾ ਸਥਾਨ ਰੂਪਨਗਰ ਅਤੇ ਆਸ-ਪਾਸ ਦੇ ਖੇਤਰ ਹੋਣਗੇ।
ਉਨ੍ਹਾਂ ਦੱਸਿਆ ਕਿ ਗਰਚਾ ਆਟੋਮੋਬਾਈਲਜ਼ (ਰਾਇਲ ਐਨਫੀਲਡ, ਰੂਪਨਗਰ) ਵੱਲੋਂ ਸੇਲਜ਼ਮੈਨ ਦੀ ਇੱਕ ਅਸਾਮੀ ਲਈ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਜਾਂ ਬੇਸਿਕ ਕੰਪਿਊਟਰ ਕੋਰਸ ਪਾਸ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰ ਨੂੰ 13,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਇਸੇ ਕੰਪਨੀ ਵੱਲੋਂ ਕੰਪਿਊਟਰ ਆਪਰੇਟਰ ਦੀਆਂ 2 ਅਸਾਮੀਆਂ ਲਈ ਬਾਰਵੀਂ ਜਾਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਅਤੇ ਬੇਸਿਕ ਕੰਪਿਊਟਰ ਕੋਰਸ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਉਮੀਦਵਾਰ ਦੀ ਉਮਰ 20 ਤੋਂ 40 ਸਾਲ ਹੋਣੀ ਚਾਹੀਦੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਮਿਲੇਗੀ। ਇਨ੍ਹਾਂ ਅਸਾਮੀਆਂ ਲਈ ਪੁਰਸ਼ ਅਤੇ ਮਹਿਲਾ ਦੋਵੇਂ ਉਮੀਦਵਾਰ ਯੋਗ ਹਨ। ਨੌਕਰੀ ਕਰਨ ਦਾ ਸਥਾਨ ਰੂਪਨਗਰ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬੀ ਟ੍ਰਿਬਿਊਨ ਵੱਲੋਂ ਪੰਜਾਬੀ ਟਾਈਪਿਸਟ (ਸਿਰਫ਼ ਮਹਿਲਾਵਾਂ ਲਈ) ਦੀਆਂ 2 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਇਸ ਲਈ ਦਸਵੀਂ, ਬਾਰਵੀਂ ਜਾਂ ਗ੍ਰੈਜੂਏਟ ਅਤੇ ਵਧੀਆ ਕੰਪਿਊਟਰ ਹੁਨਰ ਵਾਲੀਆਂ ਉਮੀਦਵਾਰਾਂ ਯੋਗ ਹਨ। ਪੰਜਾਬੀ ਅਤੇ ਅੰਗਰੇਜ਼ੀ ਟਾਈਪਿੰਗ ਵਿੱਚ ਚੰਗੀ ਗਤੀ ਲਾਜ਼ਮੀ ਹੈ। ਚੁਣੀਆਂ ਗਈਆਂ ਉਮੀਦਵਾਰਾਂ ਨੂੰ 8,500 ਤੋਂ 10,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਉਮੀਦਵਾਰ ਦੀ ਉਮਰ 18 ਤੋਂ 30 ਸਾਲ ਹੋਣੀ ਚਾਹੀਦੀ ਹੈ। ਨੌਕਰੀ ਦੇ ਸਥਾਨ ਨੂਰਪੁਰ ਬੇਦੀ (1 ਅਸਾਮੀ) ਅਤੇ ਘਨੌਲੀ (1 ਅਸਾਮੀ) ਹਨ।
ਉਨ੍ਹਾਂ ਦੱਸਿਆ ਕਿ ਇੱਛੁਕ ਉਮੀਦਵਾਰ ਆਪਣੇ ਲੋੜੀਂਦੇ ਦਸਤਾਵੇਜ਼ਾਂ ਸਮੇਤ 3 ਜੁਲਾਈ 2026 ਨੂੰ ਐਮ.ਸੀ.ਸੀ.-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਹੁੰਚਣ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 01881-222104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।