ਰੂਪਨਗਰ, 30 ਸਤੰਬਰ 2026 AJ DI Awaaj
Punjab Desk : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਹਫ਼ਤਾਵਾਰੀ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਲੜੀ ਤਹਿਤ 1 ਅਕਤੂਬਰ 2026 ਨੂੰ ਸਵੇਰੇ 10 ਵਜੇ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਵਿਖੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।
ਜ਼ਿਲ੍ਹਾ ਰੋਜ਼ਗਾਰ ਉਤਪਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ, ਰੂਪਨਗਰ ਸ੍ਰੀ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਪਲੇਸਮੈਂਟ ਕੈਂਪ ਵਿੱਚ ਦੋ ਕੰਪਨੀਆਂ ਵੱਲੋਂ ਭਾਗ ਲਿਆ ਜਾਵੇਗਾ ਅਤੇ ਵੱਖ-ਵੱਖ ਅਸਾਮੀਆਂ ਲਈ ਯੋਗ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਰਿਸ਼ਤਾ ਪ੍ਰਬੰਧਕ ਦੀਆਂ 50 ਅਸਾਮੀਆਂ ਲਈ ਗ੍ਰੈਜੂਏਟ/ਪੋਸਟ ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਜਾਵੇਗੀ। ਉਮੀਦਵਾਰ ਦੇ ਪੂਰੇ ਅਕਾਦਮਿਕ ਕਰੀਅਰ ਦੌਰਾਨ ਘੱਟੋ-ਘੱਟ 50 ਫ਼ੀਸਦੀ ਅੰਕ ਹੋਣੇ ਲਾਜ਼ਮੀ ਹਨ। ਚੁਣੇ ਗਏ ਉਮੀਦਵਾਰਾਂ ਨੂੰ ਤਜਰਬੇ ਦੇ ਆਧਾਰ ’ਤੇ 3.18 ਲੱਖ ਤੋਂ 3.80 ਲੱਖ ਰੁਪਏ ਸਾਲਾਨਾ ਤੱਕ ਤਨਖਾਹ ਦਿੱਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਪੁਰਸ਼ ਅਤੇ ਮਹਿਲਾ ਦੋਵੇਂ ਉਮੀਦਵਾਰ ਇੰਟਰਵਿਊ ਦੇ ਸਕਦੇ ਹਨ ਅਤੇ ਉਮੀਦਵਾਰ ਦੀ ਉਮਰ 25 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਨੌਕਰੀ ਦੌਰਾਨ ਇੱਕ ਸ਼ਨੀਵਾਰ ਛੱਡ ਕੇ ਬਾਕੀ ਸ਼ਨੀਵਾਰਾਂ ਅਤੇ ਐਤਵਾਰ ਨੂੰ ਛੁੱਟੀ ਰਹੇਗੀ।
ਇਸ ਤੋਂ ਇਲਾਵਾ ਮੁੱਖ ਮੰਤਰੀ ਤੀਰਥ ਯਾਤਰਾ (ਐੱਮ.ਏ.ਸੀ.ਐੱਚ. ਟਰੈਵਲ ਸਲਿਊਸ਼ਨਜ਼) ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਲਈ ਜਨ ਸੰਪਰਕ ਸਟਾਫ਼ ਦੀਆਂ 7 ਅਸਾਮੀਆਂ ਲਈ ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਕੀਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਉਮੀਦਵਾਰ ਕੋਲ ਆਪਣਾ ਵਾਹਨ, ਜਨ ਸੰਪਰਕ (ਪੀ.ਆਰ.) ਦਾ ਤਜਰਬਾ ਅਤੇ ਵਧੀਆ ਸੰਚਾਰ ਹੁਨਰ ਹੋਣਾ ਲਾਜ਼ਮੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 16,000 ਤੋਂ 18,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਚੁਣੇ ਗਏ ਉਮੀਦਵਾਰਾਂ ਵੱਲੋਂ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਸਬੰਧੀ ਜਨ ਸੰਪਰਕ ਗਤੀਵਿਧੀਆਂ ਦਾ ਪ੍ਰਬੰਧਨ, ਸਬੰਧਤ ਧਿਰਾਂ ਨਾਲ ਤਾਲਮੇਲ ਅਤੇ ਸਮਾਗਮਾਂ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਉਣ ਸਬੰਧੀ ਕੰਮ ਕੀਤਾ ਜਾਵੇਗਾ। ਇਨ੍ਹਾਂ ਅਸਾਮੀਆਂ ਲਈ ਨੌਕਰੀ ਦਾ ਸਥਾਨ ਰੂਪਨਗਰ, ਨੂਰਪੁਰ ਬੇਦੀ/ਬੇਲਾ ਹੋਵੇਗਾ ਅਤੇ ਕੇਵਲ ਪੁਰਸ਼ ਉਮੀਦਵਾਰ ਹੀ ਇੰਟਰਵਿਊ ਲਈ ਯੋਗ ਹੋਣਗੇ।
ਉਨ੍ਹਾਂ ਦੱਸਿਆ ਕਿ ਇੱਛੁਕ ਅਤੇ ਯੋਗ ਉਮੀਦਵਾਰ ਨਿਰਧਾਰਤ ਮਿਤੀ ਨੂੰ ਆਪਣੇ ਲੋੜੀਂਦੇ ਦਸਤਾਵੇਜ਼ਾਂ ਸਮੇਤ ਇੰਟਰਵਿਊ ਲਈ ਪਹੁੰਚਣ। ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਹੈ।
ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਦੀ ਹੈਲਪਲਾਈਨ 01881-222104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।



















