ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ

17
ਰੂਪਨਗਰ, 23 ਜੁਲਾਈ 2026 AJ DI Awaaj
Punjab Desk   : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਉਪਲਬਧ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਹਫ਼ਤਾਵਾਰੀ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ 24 ਜੁਲਾਈ 2026 ਨੂੰ ਸਵੇਰੇ 10 ਵਜੇ ਤੋਂ ਦੁਪਹਿਰ 1 ਵਜੇ ਤੱਕ ਐਮ.ਸੀ.ਸੀ.-ਕਮ-ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਵੇਗਾ।
ਇਸ ਸੰਬਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਹੈਲਥ ਕੈਪਸ ਇੰਡੀਆ ਵੱਲੋਂ ਕੰਪਿਊਟਰ ਆਪਰੇਟਰ, ਹੈਲਪਰ, ਆਪਰੇਟਰ ਅਤੇ ਕੈਮਿਸਟ ਦੀਆਂ ਅਸਾਮੀਆਂ ਲਈ 20 ਤੋਂ 35 ਸਾਲ ਉਮਰ ਦੇ ਪੁਰਸ਼ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਹੈਲਪਰਾਂ ਨੂੰ 11,728 ਰੁਪਏ ਪ੍ਰਤੀ ਮਹੀਨਾ ਅਤੇ ਆਪਰੇਟਰਾਂ ਨੂੰ 12,500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਨੌਕਰੀ ਕਰਨ ਦਾ ਸਥਾਨ ਫਤਿਹਪੁਰ ਅਤੇ ਐਸ.ਬੀ.ਐਸ. ਨਗਰ (ਰੂਪਨਗਰ ਨੇੜੇ) ਹੋਵੇਗਾ।
ਉਨ੍ਹਾਂ ਦੱਸਿਆ ਕਿ ਆਈ.ਸੀ.ਆਈ.ਸੀ.ਆਈ. ਬੈਂਕ ਵੱਲੋਂ ਰਿਲੇਸ਼ਨਸ਼ਿਪ ਮੈਨੇਜਰ ਦੀਆਂ ਅਸਾਮੀਆਂ ਲਈ ਬੀ.ਕਾਮ., ਬੀ.ਬੀ.ਏ., ਬੀ.ਏ., ਬੀ.ਐਸ.ਸੀ., ਐਮ.ਏ. ਸਮੇਤ ਗ੍ਰੈਜੂਏਟ ਪਾਸ 20 ਤੋਂ 24 ਸਾਲ ਉਮਰ ਦੇ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 2.25 ਲੱਖ ਤੋਂ 3.12 ਲੱਖ ਰੁਪਏ ਸਾਲਾਨਾ ਸੀ.ਟੀ.ਸੀ. ਦੇ ਨਾਲ ਇੰਸੈਂਟਿਵ ਵੀ ਦਿੱਤਾ ਜਾਵੇਗਾ। ਇਸ ਅਸਾਮੀ ਲਈ ਫਰੈਸ਼ਰ ਉਮੀਦਵਾਰ ਵੀ ਅਪਲਾਈ ਕਰ ਸਕਦੇ ਹਨ ਅਤੇ ਨੌਕਰੀ ਦਾ ਸਥਾਨ ਪੰਜਾਬ ਹੋਵੇਗਾ।
ਇਸ ਤੋਂ ਇਲਾਵਾ ਪੀ ਐਂਡ ਆਰ ਇਨਫਰਾਪ੍ਰੋਜੈਕਟਸ ਲਿਮਿਟੇਡ ਵੱਲੋਂ ਸੀ.ਐਨ.ਸੀ. ਆਪਰੇਟਰ ਦੀਆਂ 10 ਅਸਾਮੀਆਂ ਅਤੇ ਮਕੈਨੀਕਲ ਇੰਜੀਨੀਅਰ ਦੀਆਂ ਅਸਾਮੀਆਂ ਲਈ ਆਈ.ਟੀ.ਆਈ., ਡਿਪਲੋਮਾ ਜਾਂ ਮਕੈਨੀਕਲ ਇੰਜੀਨੀਅਰਿੰਗ ਡਿਪਲੋਮਾ ਪਾਸ 18 ਤੋਂ 40 ਸਾਲ ਉਮਰ ਦੇ ਪੁਰਸ਼ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 15,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ।
ਇਸੇ ਤਰ੍ਹਾਂ ਏ.ਬੀ. ਐਨਰਜੀ ਸਲਿਊਸ਼ਨ ਕੰਪਨੀ ਵੱਲੋਂ ਟੈਕਨੀਸ਼ੀਅਨ ਅਤੇ ਇਲੈਕਟ੍ਰੀਸ਼ੀਅਨ ਦੀਆਂ ਅਸਾਮੀਆਂ ਲਈ ਬਾਰ੍ਹਵੀਂ, ਆਈ.ਟੀ.ਆਈ., ਗ੍ਰੈਜੂਏਸ਼ਨ ਜਾਂ ਡਿਪਲੋਮਾ ਪਾਸ 18 ਤੋਂ 40 ਸਾਲ ਉਮਰ ਦੇ ਉਮੀਦਵਾਰਾਂ ਅਤੇ ਸਾਬਕਾ ਫੌਜੀਆਂ ਦੀ ਭਰਤੀ ਕੀਤੀ ਜਾਵੇਗੀ। ਟੈਕਨੀਸ਼ੀਅਨਾਂ ਨੂੰ 12,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੇ ਨਾਲ ਪੈਟਰੋਲ ਭੱਤਾ ਅਤੇ ਇਲੈਕਟ੍ਰੀਸ਼ੀਅਨਾਂ ਨੂੰ 12,000 ਤੋਂ 15,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਇਨ੍ਹਾਂ ਅਸਾਮੀਆਂ ਲਈ ਕੇਵਲ ਪੁਰਸ਼ ਉਮੀਦਵਾਰ ਹੀ ਯੋਗ ਹੋਣਗੇ।
ਉਨ੍ਹਾਂ ਹੋਰ ਦੱਸਿਆ ਕਿ ਆਈਸ ਬੁਆਏ ਦੀਆਂ ਅਸਾਮੀਆਂ ਲਈ ਕਿਸੇ ਵੀ ਤਰ੍ਹਾਂ ਦੀ ਵਿਦਿਅਕ ਯੋਗਤਾ ਲਾਜ਼ਮੀ ਨਹੀਂ ਹੈ। 18 ਤੋਂ 60 ਸਾਲ ਉਮਰ ਦੇ ਉਮੀਦਵਾਰ ਅਤੇ ਸਾਬਕਾ ਫੌਜੀ ਇਸ ਭਰਤੀ ਵਿੱਚ ਹਿੱਸਾ ਲੈ ਸਕਦੇ ਹਨ। ਚੁਣੇ ਗਏ ਉਮੀਦਵਾਰਾਂ ਨੂੰ 10,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ ਅਤੇ ਨੌਕਰੀ ਦਾ ਸਥਾਨ ਰੂਪਨਗਰ ਹੋਵੇਗਾ।
ਉਨ੍ਹਾਂ ਜ਼ਿਲ੍ਹੇ ਦੇ ਯੋਗ ਅਤੇ ਇੱਛੁਕ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਵਿਦਿਅਕ ਯੋਗਤਾ ਸਬੰਧੀ ਦਸਤਾਵੇਜ਼ਾਂ ਸਮੇਤ 24 ਜੁਲਾਈ 2026 ਨੂੰ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਹੁੰਚ ਕੇ ਇਸ ਪਲੇਸਮੈਂਟ ਕੈਂਪ ਦਾ ਲਾਭ ਉਠਾਉਣ। ਵਧੇਰੇ ਜਾਣਕਾਰੀ ਲਈ ਹੈਲਪਲਾਈਨ ਨੰਬਰ 01881-222104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।