ਰੂਪਨਗਰ, 22 ਜੂਨ 2026 AJ DI Awaaj
Punjab Desk : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਹਫ਼ਤਾਵਾਰੀ ਪਲੇਸਮੈਂਟ ਕੈਂਪ ਲਗਾਏ ਜਾ ਰਹੇ ਹਨ। ਇਸੇ ਲੜੀ ਤਹਿਤ ਅੱਜ 23 ਜੂਨ ਦਿਨ ਮੰਗਲਵਾਰ ਨੂੰ ਸਵੇਰੇ 09 ਵਜੇ ਪਲੇਸਮੈਂਟ ਕੈਂਪ ਆਯੋਜਿਤ ਕੀਤਾ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਰੂਪਨਗਰ ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਤਿੰਨ ਵੱਖ-ਵੱਖ ਨਿੱਜੀ ਕੰਪਨੀਆਂ ਵੱਲੋਂ ਖਾਲੀ ਅਸਾਮੀਆਂ ਦੀ ਭਰਤੀ ਲਈ ਇੰਟਰਵਿਊ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਐਕਸਿਸ ਬੈਂਕ ਵੱਲੋਂ ਰਿਲੇਸ਼ਨਸ਼ਿਪ ਅਫ਼ਸਰ, ਓਪਰੇਸ਼ਨ ਅਫ਼ਸਰ ਅਤੇ ਟੈਲੀ ਕਾਲਰ ਦੀਆਂ 100 ਅਸਾਮੀਆਂ ਲਈ ਬਾਰਵੀਂ, ਗ੍ਰੈਜੂਏਟ ਜਾਂ ਪੋਸਟ ਗ੍ਰੈਜੂਏਟ ਪਾਸ 21 ਤੋਂ 35 ਸਾਲ ਉਮਰ ਦੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ ਮੌਜੂਦਾ ਬਾਜ਼ਾਰ ਮਾਪਦੰਡਾਂ ਅਨੁਸਾਰ ਤਨਖ਼ਾਹ ਦਿੱਤੀ ਜਾਵੇਗੀ। ਨੌਕਰੀ ਕਰਨ ਦਾ ਸਥਾਨ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ਹੋਵੇਗਾ। ਇਨ੍ਹਾਂ ਅਸਾਮੀਆਂ ਲਈ ਪੁਰਸ਼ ਅਤੇ ਮਹਿਲਾ ਦੋਵੇਂ ਉਮੀਦਵਾਰ ਯੋਗ ਹਨ।
ਇਸ ਤੋਂ ਇਲਾਵਾ ਟੋਲ ਪਲਾਜ਼ਾ ਸੋਲਖੀਆ ਵੱਲੋਂ ਸਹਾਇਕ ਟੋਲ ਸੁਪਰਵਾਈਜ਼ਰ ਦੀਆਂ 4 ਅਸਾਮੀਆਂ ਲਈ ਗ੍ਰੈਜੂਏਟ ਪਾਸ 19 ਤੋਂ 35 ਸਾਲ ਉਮਰ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 18,500 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਨੌਕਰੀ ਕਰਨ ਦਾ ਸਥਾਨ ਸੋਲਖੀਆ ਟੋਲ ਪਲਾਜ਼ਾ ਹੋਵੇਗਾ।
ਉਨ੍ਹਾਂ ਅੱਗੇ ਦੱਸਿਆ ਕਿ ਗੋਲਡਨ ਕੰਪਿਊਟਰ ਸਿੱਖਿਆ ਵੱਲੋਂ ਵੀ 4 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ। ਅਧਿਆਪਕ-ਕਮ-ਪ੍ਰੋਗਰਾਮਰ ਦੀਆਂ ਅਸਾਮੀਆਂ ਲਈ ਬੀ.ਸੀ.ਏ., ਬੀ.ਐੱਸਸੀ. (ਆਈ.ਟੀ.), ਬੀ.ਟੈਕ., ਐਮ.ਸੀ.ਏ. ਜਾਂ ਐਮ.ਐੱਸਸੀ. (ਆਈ.ਟੀ.) ਪਾਸ ਉਮੀਦਵਾਰਾਂ ਅਤੇ ਲੇਖਾਕਾਰ ਦੀਆਂ ਅਸਾਮੀਆਂ ਲਈ ਬੀ.ਕਾਮ. ਜਾਂ ਐਮ.ਕਾਮ. ਪਾਸ 23 ਤੋਂ 37 ਸਾਲ ਉਮਰ ਦੇ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 10,000 ਤੋਂ 12,000 ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦਿੱਤੀ ਜਾਵੇਗੀ। ਨੌਕਰੀ ਕਰਨ ਦਾ ਸਥਾਨ ਰੂਪਨਗਰ ਹੋਵੇਗਾ। ਇਨ੍ਹਾਂ ਅਸਾਮੀਆਂ ਲਈ ਕੇਵਲ ਮਹਿਲਾ ਉਮੀਦਵਾਰ ਹੀ ਯੋਗ ਹਨ।
ਉਨ੍ਹਾਂ ਦੱਸਿਆ ਕਿ ਇੰਟਰਵਿਊ ਦਾ ਸਥਾਨ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਹੈ। ਉਮੀਦਵਾਰ ਆਪਣੇ ਵਿਦਿਅਕ ਯੋਗਤਾ ਸਬੰਧੀ ਦਸਤਾਵੇਜ਼ਾਂ ਸਮੇਤ ਸਮੇਂ ਸਿਰ ਹਾਜ਼ਰ ਹੋਣ। ਕਿਸੇ ਵੀ ਹੋਰ ਜਾਣਕਾਰੀ ਲਈ ਹੈਲਪਲਾਈਨ ਨੰਬਰ 01881-222104 ’ਤੇ ਸੰਪਰਕ ਕੀਤਾ ਜਾ ਸਕਦਾ ਹੈ।














