ਕਾਰੋਬਾਰ ਬਿਊਰੋ ਰੂਪਨਗਰ ਵਿਖੇ ਪਲੇਸਮੈਂਟ ਕੈਂਪ

31
ਰੂਪਨਗਰ, 13 ਨਵੰਬਰ 2025 AJ DI Awaaj
Punjab Desk : ਜ਼ਿਲ੍ਹੇ ਦੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਵਰਜੀਤ ਵਾਲੀਆ ਦੀ ਅਗਵਾਈ ਹੇਠ ਹਫਤਾਵਾਰੀ ਪਲੇਸਮੈਂਟ ਕੈਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵਿਖੇ ਅੱਜ 14 ਨਵੰਬਰ 2025 ਦਿਨ ਸ਼ੁੱਕਰਵਾਰ ਨੂੰ ਸਵੇਰੇ 10 ਵਜੇ ਪਲੇਸਮੈਂਟ ਕੈਂਪ ਲਗਾਇਆ ਜਾਵੇਗਾ।
ਇਸ ਕੈਂਪ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਇਸ ਕੈਂਪ ਵਿੱਚ ਆਰ.ਐਸ ਮੈਨਪਾਵਰ ਪ੍ਰੋਵਾਈਡਰ ਕੰਪਨੀ ਵੱਲੋਂ ਵੱਖ-ਵੱਖ ਅਸਾਮੀਆਂ ਦੀ ਮੰਗ ਅਨੁਸਾਰ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੰਪਨੀ ਵੱਲੋਂ ਟੈਲੀਕਾਲਰ ਦੀਆਂ 25 ਅਸਾਮੀਆਂ ਲਈ ਬਾਰਵੀਂ/ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 10,000 ਰੁਪਏ ਤੋਂ 15,000 ਰੁਪਏ + ਪ੍ਰੋਤਸਾਹਨ ਮਿਲੇਗਾ। ਉਨ੍ਹਾਂ ਦੱਸਿਆ ਕਿ ਉਮੀਦਵਾਰ ਦੀ ਉਮਰ 18 ਤੋਂ 35 ਸਾਲ ਦੇ ਦਰਮਿਆਨ ਹੋਣੀ ਚਾਹੀਦੀ ਹੈ। ਰਿਸੈਪਸ਼ਨਿਸਟ ਦੀਆਂ 10 ਅਸਾਮੀਆਂ ਲਈ ਬਾਰਵੀਂ ਜਾਂ ਗ੍ਰੈਜੂਏਟ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਇਸ ਅਸਾਮੀ ਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 10,000 ਰੁਪਏ ਤੋਂ 18,000 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ। ਡਿਲੀਵਰੀ ਐਗਜ਼ੀਕਿਊਟਿਵ ਦੀਆਂ 50 ਅਸਾਮੀਆਂ ਲਈ ਅੱਠਵੀਂ, ਦਸਵੀਂ, ਬਾਰਵੀਂ ਪਾਸ ਉਮੀਦਵਾਰਾਂ ਦੀ ਇੰਟਰਵਿਊ ਲਈ ਜਾਵੇਗੀ ਅਤੇ ਚੁਣੇ ਜਾਣ ਵਾਲੇ ਉਮੀਦਵਾਰਾਂ ਨੂੰ 24000 ਰੁਪਏ ਤੋਂ 35,000 ਰੁਪਏ+ ਪ੍ਰੋਤਸਾਹਨ ਮਿਲੇਗਾ। ਨੋਕਰੀ ਕਰਨ ਦਾ ਸਥਾਨ ਖਰੜ / ਮੋਹਾਲੀ / ਜ਼ੀਰਕਪੁਰ / ਚੰਡੀਗੜ੍ਹ ਹੈ। ਇਸ ਕੈਂਪ ਵਿੱਚ ਪੁਰਸ਼ ਅਤੇ ਔਰਤ ਦੋਵੇਂ ਇੰਟਰਵਿਊ ਲਈ ਆ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਇੰਟਰਵਿਊ ਦਾ ਸਥਾਨ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀਸੀ ਕੰਪਲੈਕਸ, ਰੂਪਨਗਰ ਹੈ। ਵਧੇਰੇ ਜਾਣਕਾਰੀ ਲਈ ਦਫ਼ਤਰ ਦੇ ਹੈਲਪਲਾਈਨ ਨੰਬਰ 01881-222104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।