ਰੂਪਨਗਰ, 03 ਅਗਸਤ 2026 AJ DI Awaaj
Punjab Desk : ਜ਼ਿਲ੍ਹੇ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿਆ ਡੇਚਲਵਾਲ ਦੀ ਅਗਵਾਈ ਹੇਠ ਹਫ਼ਤਾਵਾਰੀ ਪਲੇਸਮੈਂਟ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸੇ ਲੜੀ ਤਹਿਤ ਅੱਜ 4 ਅਗਸਤ 2026 (ਮੰਗਲਵਾਰ) ਨੂੰ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਗਰਾਊਂਡ ਫਲੋਰ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਪਲੇਸਮੈਂਟ ਅਤੇ ਰਜਿਸਟ੍ਰੇਸ਼ਨ ਕੈਂਪ ਲਗਾਇਆ ਜਾਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਰੁਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ ਅਫ਼ਸਰ ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਗਰਚਾ ਆਟੋਮੋਬਾਈਲਜ਼ (ਰਾਇਲ ਐਨਫੀਲਡ ਰੂਪਨਗਰ) ਵੱਲੋਂ ਅਕਾਊਂਟੈਂਟ, ਕੰਪਿਊਟਰ ਆਪਰੇਟਰ ਅਤੇ ਵਰਕਸ਼ਾਪ ਸੁਪਰਵਾਈਜ਼ਰ/ਸੇਲਜ਼ਮੈਨ ਦੀਆਂ ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਅਕਾਊਂਟੈਂਟ ਦੀ ਅਸਾਮੀ ਲਈ ਬੀ.ਕਾਮ ਜਾਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ, ਟੈਲੀ ਅਤੇ ਕੰਪਿਊਟਰ ਦਾ ਗਿਆਨ ਅਤੇ ਤਜਰਬਾ ਲਾਜ਼ਮੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 20,000 ਤੋਂ 21,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੰਪਿਊਟਰ ਆਪਰੇਟਰ ਦੀਆਂ 4 ਅਸਾਮੀਆਂ ਲਈ ਬਾਰਵੀਂ ਜਾਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਦੇ ਨਾਲ ਚੰਗੀ ਟਾਈਪਿੰਗ ਅਤੇ ਕੰਪਿਊਟਰ ਦਾ ਗਿਆਨ ਲਾਜ਼ਮੀ ਹੈ। ਉਮੀਦਵਾਰ ਦੀ ਉਮਰ 20 ਤੋਂ 40 ਸਾਲ ਹੋਣੀ ਚਾਹੀਦੀ ਹੈ ਅਤੇ ਚੋਣ ਸਮੇਂ ਕੰਪਿਊਟਰ ਸਕਿੱਲ ਟੈਸਟ ਵੀ ਲਿਆ ਜਾਵੇਗਾ। ਚੁਣੇ ਗਏ ਉਮੀਦਵਾਰਾਂ ਨੂੰ 11,000 ਰੁਪਏ ਪ੍ਰਤੀ ਮਹੀਨਾ ਮਾਨਦੇਹ ਦਿੱਤਾ ਜਾਵੇਗਾ।
ਜ਼ਿਲ੍ਹਾ ਰੁਜ਼ਗਾਰ ਅਫਸਰ ਨੇ ਦੱਸਿਆ ਕਿ ਵਰਕਸ਼ਾਪ ਸੁਪਰਵਾਈਜ਼ਰ/ਸੇਲਜ਼ਮੈਨ ਦੀਆਂ ਅਸਾਮੀਆਂ ਲਈ ਬਾਰਵੀਂ, ਆਈ.ਟੀ.ਆਈ., ਡਿਪਲੋਮਾ ਜਾਂ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਸ਼ਨ ਯੋਗਤਾ ਵਾਲੇ ਉਮੀਦਵਾਰ ਅਰਜ਼ੀ ਦੇ ਸਕਦੇ ਹਨ। ਤਜਰਬੇਕਾਰ ਉਮੀਦਵਾਰਾਂ ਨੂੰ ਪਹਿਲ ਦਿੱਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 13,000 ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ।
ਸ. ਪ੍ਰਭਜੋਤ ਸਿੰਘ ਨੇ ਦੱਸਿਆ ਕਿ ਆਈ.ਡੀ.ਐਫ.ਸੀ. ਫਸਟ ਬੈਂਕ ਵੱਲੋਂ ਐਸੋਸੀਏਟ ਰਿਲੇਸ਼ਨਸ਼ਿਪ ਮੈਨੇਜਰ ਦੀਆਂ 10 ਅਸਾਮੀਆਂ ਲਈ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ, 18 ਤੋਂ 30 ਸਾਲ ਉਮਰ ਦੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇਗੀ। ਚੁਣੇ ਗਏ ਉਮੀਦਵਾਰਾਂ ਨੂੰ 16,000 ਤੋਂ 21,000 ਰੁਪਏ ਪ੍ਰਤੀ ਮਹੀਨਾ, ਇਸ ਤੋਂ ਇਲਾਵਾ 3,000 ਰੁਪਏ ਪੈਟਰੋਲ ਭੱਤਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਸੈਟਿਨ ਕ੍ਰੈਡਿਟ ਕੇਅਰ ਨੈੱਟਵਰਕ ਲਿਮਿਟੇਡ ਵੱਲੋਂ ਸੀ.ਐਸ.ਓ./ਸੀਨੀਅਰ ਸੀ.ਐਸ.ਓ. ਦੀਆਂ 25 ਅਸਾਮੀਆਂ ਲਈ ਕਿਸੇ ਵੀ ਵਿਸ਼ੇ ਵਿੱਚ ਗ੍ਰੈਜੂਏਟ ਅਤੇ ਏ.ਬੀ.ਐਮ. ਦੀਆਂ 25 ਅਸਾਮੀਆਂ ਲਈ ਬਿਨਾਂ ਵਿਦਿਅਕ ਯੋਗਤਾ ਤੋਂ ਲੈ ਕੇ 10ਵੀਂ, 12ਵੀਂ, ਗ੍ਰੈਜੂਏਸ਼ਨ ਜਾਂ ਬੀ.ਕਾਮ ਪਾਸ ਉਮੀਦਵਾਰਾਂ ਦੀ ਭਰਤੀ ਕੀਤੀ ਜਾਵੇਗੀ। ਇਨ੍ਹਾਂ ਦੋਵਾਂ ਅਸਾਮੀਆਂ ਲਈ ਉਮੀਦਵਾਰ ਦੀ ਉਮਰ 18 ਤੋਂ 35 ਸਾਲ ਹੋਣੀ ਚਾਹੀਦੀ ਹੈ। ਚੁਣੇ ਗਏ ਉਮੀਦਵਾਰਾਂ ਨੂੰ 18,000 ਤੋਂ 25,000 ਰੁਪਏ ਪ੍ਰਤੀ ਮਹੀਨਾ, ਪੈਟਰੋਲ ਭੱਤੇ ਸਮੇਤ ਤਨਖਾਹ ਦਿੱਤੀ ਜਾਵੇਗੀ। ਨੌਕਰੀ ਦਾ ਸਥਾਨ ਰੂਪਨਗਰ ਜਾਂ ਇਸਦੇ ਨਜ਼ਦੀਕੀ ਖੇਤਰ ਹੋਣਗੇ।
ਉਨ੍ਹਾਂ ਦੱਸਿਆ ਕਿ ਇਸ ਕੈਂਪ ਦੌਰਾਨ ਜ਼ਿਲ੍ਹਾ ਰੂਪਨਗਰ ਅਧੀਨ ਰੂਪਨਗਰ, ਰਸੂਲਪੁਰ (ਸਿੰਘ ਭਗਵੰਤਪੁਰਾ), ਸਿੰਘਪੁਰਾ (ਮੋਰਿੰਡਾ), ਸ੍ਰੀ ਅਨੰਦਪੁਰ ਸਾਹਿਬ, ਨੰਗਲ ਅਤੇ ਦਬੂੜ ਸਥਿਤ ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ (ਆਈ.ਟੀ.ਆਈ.) ਵਿੱਚ ਅਗਸਤ-2026 ਸੈਸ਼ਨ ਲਈ ਦਾਖਲੇ ਦੇ ਇੱਛੁਕ ਵਿਦਿਆਰਥੀਆਂ ਦੀ ਰਜਿਸਟ੍ਰੇਸ਼ਨ ਵੀ ਕੀਤੀ ਜਾਵੇਗੀ। ਵੱਖ-ਵੱਖ ਆਈ.ਟੀ.ਆਈ. ਦੇ ਨੁਮਾਇੰਦੇ ਕੈਂਪ ਵਿੱਚ ਹਾਜ਼ਰ ਰਹਿ ਕੇ ਮਕੈਨੀਕਲ, ਇਲੈਕਟ੍ਰੀਕਲ, ਇਲੈਕਟ੍ਰਾਨਿਕਸ ਸਮੇਤ ਹੋਰ ਟਰੇਡਾਂ ਵਿੱਚ ਦਾਖਲੇ ਲਈ ਰਜਿਸਟ੍ਰੇਸ਼ਨ ਕਰਨਗੇ।
ਉਨ੍ਹਾਂ ਅਪੀਲ ਕੀਤੀ ਕਿ ਨੌਕਰੀ ਜਾਂ ਆਈ.ਟੀ.ਆਈ. ਵਿੱਚ ਦਾਖਲਾ ਲੈਣ ਦੇ ਚਾਹਵਾਨ ਉਮੀਦਵਾਰ ਆਪਣੇ ਵਿਦਿਅਕ ਯੋਗਤਾ ਸਰਟੀਫਿਕੇਟ, ਰਿਹਾਇਸ਼ੀ ਸਰਟੀਫਿਕੇਟ, ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ), ਆਧਾਰ ਕਾਰਡ ਅਤੇ ਹੋਰ ਲੋੜੀਂਦੇ ਦਸਤਾਵੇਜ਼ਾਂ ਸਮੇਤ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਮਿੰਨੀ ਸਕੱਤਰੇਤ, ਡੀ.ਸੀ. ਕੰਪਲੈਕਸ, ਰੂਪਨਗਰ ਵਿਖੇ ਸਮੇਂ ਸਿਰ ਪਹੁੰਚਣ।
ਉਨ੍ਹਾਂ ਦੱਸਿਆ ਕਿ ਇਸ ਸੰਬਧੀ ਵਧੇਰੇ ਜਾਣਕਾਰੀ ਲਈ ਜ਼ਿਲ੍ਹਾ ਰੁਜ਼ਗਾਰ ਅਤੇ ਕਾਰੋਬਾਰ ਬਿਊਰੋ, ਰੂਪਨਗਰ ਦੇ ਹੈਲਪਲਾਈਨ ਨੰਬਰ 01881-222104 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।



















