ਪਟਿਆਲਾ ਨਹਿਰ ਕਾਂਡ: ਤਿੰਨ ਬੱਚਿਆਂ ਦੀ ਮੌ*ਤ, ਪਰਿਵਾਰ ਨੇ ਲਗਾਏ ਬਲੈ*ਕਮੇਲਿੰਗ ਦੇ ਦੋਸ਼

13

ਪਟਿਆਲਾ 25 May 2026 AJ DI Awaaj

Punjab Desk :   ਮੰਡੋਲੀ ਪਿੰਡ ਵਿੱਚ ਇਕ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇੱਕ ਪਰਿਵਾਰ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਦਿੱਤੀ। ਇਸ ਹਾਦਸੇ ਵਿੱਚ ਤਿੰਨ ਮਾਸੂਮ ਬੱਚਿਆਂ ਦੀ ਮੌ*ਤ ਹੋ ਗਈ, ਜਦਕਿ ਮਾਤਾ-ਪਿਤਾ ਨੂੰ ਰਾਹਗੀਰਾਂ ਨੇ ਬਚਾ ਲਿਆ।

ਜਾਣਕਾਰੀ ਅਨੁਸਾਰ ਮੋਹਾਲੀ ਜ਼ਿਲ੍ਹੇ ਦੇ ਮੌਜਪੁਰ ਪਿੰਡ ਦੇ ਰਹਿਣ ਵਾਲੇ ਹਰਪ੍ਰਭਜੋਤ ਸਿੰਘ ਆਪਣੀ ਪਤਨੀ ਜਸਵਿੰਦਰ ਕੌਰ ਅਤੇ ਤਿੰਨ ਬੱਚਿਆਂ ਨਾਲ ਭਾਖੜਾ ਪੁਲ ‘ਤੇ ਪਹੁੰਚੇ ਸਨ। ਦੱਸਿਆ ਜਾ ਰਿਹਾ ਹੈ ਕਿ ਪਹਿਲਾਂ ਬੱਚਿਆਂ ਨੂੰ ਨਹਿਰ ਵਿੱਚ ਸੁੱਟਿਆ ਗਿਆ ਅਤੇ ਬਾਅਦ ਵਿੱਚ ਦੋਵਾਂ ਨੇ ਖੁਦ ਵੀ ਛਾਲ ਮਾਰ ਦਿੱਤੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਤਿੰਨੋਂ ਬੱਚੇ ਡੁੱਬ ਗਏ। ਗੋਤਾਖੋਰਾਂ ਨੇ ਬਾਅਦ ਵਿੱਚ ਉਨ੍ਹਾਂ ਦੀਆਂ ਲਾ*ਸ਼ਾਂ ਨਹਿਰ ਵਿੱਚੋਂ ਬਰਾਮਦ ਕੀਤੀਆਂ।

ਮੌਕੇ ‘ਤੇ ਮੌਜੂਦ ਲੋਕਾਂ ਨੇ ਹਰਪ੍ਰਭਜੋਤ ਸਿੰਘ ਅਤੇ ਉਸ ਦੀ ਪਤਨੀ ਨੂੰ ਬਚਾ ਲਿਆ। ਗੰਡਾ ਖੇੜੀ ਪੁਲਿਸ ਸਟੇਸ਼ਨ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਮੁੱਢਲੀ ਜਾਣਕਾਰੀ ਮੁਤਾਬਕ ਪਰਿਵਾਰ ਕਰਜ਼ੇ ਅਤੇ ਆਰਥਿਕ ਦਬਾਅ ਕਾਰਨ ਪਰੇਸ਼ਾਨ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕਈ ਮਹੀਨਿਆਂ ਤੋਂ ਕੁਝ ਲੋਕ ਫੋਨ ਕਰਕੇ ਪੈਸਿਆਂ ਦੀ ਮੰਗ ਕਰ ਰਹੇ ਸਨ ਅਤੇ ਪਰਿਵਾਰ ਤੋਂ ਲੱਖਾਂ ਰੁਪਏ ਵੀ ਲਏ ਜਾ ਚੁੱਕੇ ਸਨ।

ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਈ ਗੰਭੀਰ ਦੋਸ਼ ਲਗਾਏ ਹਨ। ਹਰਪ੍ਰਭਜੋਤ ਸਿੰਘ ਦੀ ਤਾਈ ਨੇ ਦਾਅਵਾ ਕੀਤਾ ਕਿ ਪਰਿਵਾਰ ਵਿੱਚ ਲੰਬੇ ਸਮੇਂ ਤੋਂ ਤਣਾਅ ਚੱਲ ਰਿਹਾ ਸੀ। ਉਨ੍ਹਾਂ ਦੇ ਅਨੁਸਾਰ ਕੁਝ ਲੋਕਾਂ ਵੱਲੋਂ ਜਸਵਿੰਦਰ ਕੌਰ ਨੂੰ ਬਲੈ*ਕਮੇਲ ਕਰਕੇ ਪੈਸਿਆਂ ਦੀ ਮੰਗ ਕੀਤੀ ਜਾ ਰਹੀ ਸੀ ਅਤੇ ਧ*ਮਕੀਆਂ ਵੀ ਦਿੱਤੀਆਂ ਜਾਂਦੀਆਂ ਸਨ।

ਫਿਲਹਾਲ ਪੁਲਿਸ ਹਰ ਪੱਖ ਤੋਂ ਜਾਂਚ ਕਰ ਰਹੀ ਹੈ ਅਤੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪਰਿਵਾਰ ਨੂੰ ਇੰਨਾ ਵੱਡਾ ਕਦਮ ਚੁੱਕਣ ਲਈ ਕਿਸ ਨੇ ਅਤੇ ਕਿਹੜੀਆਂ ਹਾਲਾਤਾਂ ਨੇ ਮਜਬੂਰ ਕੀਤਾ। ਇਸ ਦੁਖਦਾਈ ਘਟਨਾ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।