ਇਹ ਮਾਮਲਾ ਬਿਹਾਰ ਵਿਧਾਨ ਸਭਾ ਚੋਣਾਂ 2025 ਦੌਰਾਨ ਸੋਸ਼ਲ ਮੀਡੀਆ ’ਤੇ ਅਪਲੋਡ ਕੀਤੀ ਗਈ ਇੱਕ AI ਆਧਾਰਿਤ ਵੀਡੀਓ ਨਾਲ ਸਬੰਧਤ ਹੈ। ਇਸ ਵੀਡੀਓ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮਾਂ ਨੂੰ ਉਨ੍ਹਾਂ ਨੂੰ ਕੰਮ ਕਰਨ ਦੀ ਸਲਾਹ ਦਿੰਦੇ ਹੋਏ ਦਿਖਾਇਆ ਗਿਆ ਸੀ। ਉਸ ਸਮੇਂ ਅਮਿਤ ਮੰਡਲ ਬਿਹਾਰ ਕਾਂਗਰਸ ਦੇ IT ਸੈੱਲ ਨਾਲ ਜੁੜੇ ਹੋਏ ਸਨ।
ਅਮਿਤ ਮੰਡਲ ਦੀ ਭਾਲ ਕਰ ਰਹੀ ਪੁਲਿਸ
ਜਾਣਕਾਰੀ ਅਨੁਸਾਰ ਦਿੱਲੀ ਪੁਲਿਸ ਇਸ ਮਾਮਲੇ ਵਿੱਚ ਅਮਿਤ ਮੰਡਲ ਦੀ ਭਾਲ ਕਰ ਰਹੀ ਹੈ। ਉਹ ਕਾਂਗਰਸ ਵੱਲੋਂ ਦਿੱਲੀ ਵਿੱਚ ਕਰਵਾਈ ਜਾ ਰਹੀ ‘ਵੋਟ ਬਚਾਓ, ਦੇਸ਼ ਬਚਾਓ’ ਮਹਾਰੈਲੀ ਵਿੱਚ ਸ਼ਾਮਲ ਹੋਣ ਲਈ ਪਹੁੰਚੇ ਹੋਏ ਸਨ। ਇਸ ਦੌਰਾਨ ਪੁਲਿਸ ਦੀ ਇੱਕ ਟੀਮ ਉਨ੍ਹਾਂ ਦੀ ਭਾਲ ਵਿੱਚ ਬਿਹਾਰ ਸਥਿਤ ਕਾਂਗਰਸ ਦਫ਼ਤਰ ਪਹੁੰਚੀ, ਪਰ ਉਹ ਉੱਥੇ ਨਹੀਂ ਮਿਲੇ।
ਦੱਸਿਆ ਜਾ ਰਿਹਾ ਹੈ ਕਿ ਦਫ਼ਤਰ ਵਿੱਚ ਮੌਜੂਦ ਲੋਕਾਂ ਵੱਲੋਂ ਨੋਟਿਸ ਲੈਣ ਤੋਂ ਇਨਕਾਰ ਕਰਨ ਤੋਂ ਬਾਅਦ ਪੁਲਿਸ ਨੇ ਨੋਟਿਸ ਮੁੱਖ ਦਫ਼ਤਰ ਦੇ ਬਾਹਰ ਚਿਪਕਾ ਦਿੱਤਾ ਅਤੇ ਇਸ ਦੀ ਵੀਡੀਓਗ੍ਰਾਫੀ ਵੀ ਕੀਤੀ।
5 ਨਵੰਬਰ ਨੂੰ ਦਿੱਲੀ ਪੁਲਿਸ ਸਾਹਮਣੇ ਹੋਣਾ ਪਵੇਗਾ ਪੇਸ਼
ਪੁਲਿਸ ਵੱਲੋਂ ਜਾਰੀ ਨੋਟਿਸ ਵਿੱਚ ਅਮਿਤ ਮੰਡਲ ਨੂੰ 5 ਨਵੰਬਰ 2026 ਨੂੰ ਦਿੱਲੀ ਸਥਿਤ ACP ਦਫ਼ਤਰ/ਕਾਊਂਟਰ ਇੰਟੈਲੀਜੈਂਸ ਸਪੈਸ਼ਲ ਸੈੱਲ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਨ੍ਹਾਂ ਨੂੰ ਮਾਮਲੇ ਨਾਲ ਸਬੰਧਤ ਸਾਰੇ ਸਬੂਤਾਂ ਸਮੇਤ ਹਾਜ਼ਰ ਹੋਣ ਦੇ ਨਿਰਦੇਸ਼ ਦਿੱਤੇ ਗਏ ਹਨ।
ਇਸ ਤੋਂ ਇਲਾਵਾ ਵੀਡੀਓ ਅਪਲੋਡ ਕਰਨ ਲਈ ਵਰਤੇ ਗਏ ਮੋਬਾਈਲ ਨੰਬਰ ਵਾਲਾ ਸਿਮ ਕਾਰਡ, ਮੋਬਾਈਲ ਫੋਨ ਅਤੇ ਹੋਰ ਸਬੰਧਤ ਸਮੱਗਰੀ ਵੀ ਨਾਲ ਲਿਆਉਣ ਲਈ ਕਿਹਾ ਗਿਆ ਹੈ।



















