ਕਾਂਸਟੇਬਲ ਭਰਤੀ ਦੇ ਨਵੇਂ ਨਿਯਮ ਜਾਰੀ

20

ਚੰਡੀਗੜ੍ਹ 06 Aug 2026 AJ DI Awaaj

Chandigarh Desk :   ਚੰਡੀਗੜ੍ਹ ਪੁਲਸ ਵਿਭਾਗ ਨੇ ਗਰੁੱਪ-ਸੀ (ਐਗਜ਼ੀਕਿਊਟਿਵ) ਮਰਦ ਅਤੇ ਔਰਤ ਕਾਂਸਟੇਬਲਾਂ ਦੀ ਭਰਤੀ ਪ੍ਰਕਿਰਿਆ ਵਿੱਚ ਅਹਿਮ ਤਬਦੀਲੀਆਂ ਕੀਤੀਆਂ ਹਨ। ਨਵੇਂ ਨਿਯਮਾਂ ਅਨੁਸਾਰ ਹੁਣ ਉਮੀਦਵਾਰਾਂ ਨੂੰ ਇੰਟਰਵਿਊ ਨਹੀਂ ਦੇਣਾ ਪਵੇਗਾ। ਅੰਤਿਮ ਮੈਰਿਟ ਸਿਰਫ਼ ਲਿਖਤੀ ਪ੍ਰੀਖਿਆ ਅਤੇ ਬੋਨਸ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ।

ਇਸ ਸਬੰਧੀ ਦ ਕਾਂਸਟੇਬਲ ਭਰਤੀ (ਤੀਜਾ ਸੋਧ) ਨਿਯਮ, 2026 ਦੀ ਅਧਿਸੂਚਨਾ ਜਾਰੀ ਕਰ ਦਿੱਤੀ ਗਈ ਹੈ। ਭਵਿੱਖ ਵਿੱਚ ਹੋਣ ਵਾਲੀਆਂ ਸਾਰੀਆਂ ਭਰਤੀਆਂ ਪੁਲਸ ਖੋਜ ਅਤੇ ਵਿਕਾਸ ਬਿਊਰੋ (ਬੀ.ਪੀ.ਆਰ.&ਡੀ.) ਦੀ ਟ੍ਰਾਂਸਪੇਰੈਂਟ ਰਿਕਰੂਟਮੈਂਟ ਪ੍ਰੋਸੈਸ (ਟੀ.ਆਰ.ਪੀ.) ਦੀਆਂ ਗਾਈਡਲਾਈਨਾਂ ਅਨੁਸਾਰ ਕਰਵਾਈਆਂ ਜਾਣਗੀਆਂ।

ਭਰਤੀ ਪ੍ਰਕਿਰਿਆ ਦੇ ਮੁੱਖ ਬਦਲਾਅ

100 ਅੰਕਾਂ ਦੀ ਲਿਖਤੀ ਪ੍ਰੀਖਿਆ
ਮਰਦ ਅਤੇ ਔਰਤ ਕਾਂਸਟੇਬਲ (ਐਗਜ਼ੀਕਿਊਟਿਵ) ਦੀ ਭਰਤੀ ਲਈ 100 ਅੰਕਾਂ ਦੀ ਬਹੁਵਿਕਲਪੀ (ਐੱਮ.ਸੀ.ਕਿਊ.) ਲਿਖਤੀ ਪ੍ਰੀਖਿਆ ਹੋਵੇਗੀ। ਉਮੀਦਵਾਰ ਕੰਪਿਊਟਰ ਆਧਾਰਿਤ ਟੈਸਟ (ਸੀ.ਬੀ.ਟੀ.) ਜਾਂ ਓ.ਐਮ.ਆਰ. ਸ਼ੀਟ ਰਾਹੀਂ ਪ੍ਰੀਖਿਆ ਦੇ ਸਕਣਗੇ।

ਨੈਗੇਟਿਵ ਮਾਰਕਿੰਗ ਲਾਗੂ
ਹਰ ਸਹੀ ਜਵਾਬ ਲਈ 1 ਅੰਕ ਮਿਲੇਗਾ, ਜਦਕਿ ਹਰ ਗਲਤ ਜਵਾਬ ‘ਤੇ 0.25 ਅੰਕ ਕੱਟੇ ਜਾਣਗੇ। ਇਸ ਨਾਲ ਅੰਦਾਜ਼ੇ ਨਾਲ ਜਵਾਬ ਦੇਣ ਦੀ ਸੰਭਾਵਨਾ ਘੱਟ ਹੋਵੇਗੀ।

ਤਿੰਨ ਭਾਸ਼ਾਵਾਂ ਵਿੱਚ ਪ੍ਰਸ਼ਨ ਪੱਤਰ
ਪ੍ਰੀਖਿਆ ਦਾ ਪ੍ਰਸ਼ਨ ਪੱਤਰ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਵਿੱਚ ਉਪਲਬਧ ਹੋਵੇਗਾ। ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀ ਭਰਦੇ ਸਮੇਂ ਆਪਣੀ ਭਾਸ਼ਾ ਦੀ ਚੋਣ ਕਰਨੀ ਹੋਵੇਗੀ, ਜਿਸ ਵਿੱਚ ਬਾਅਦ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਜਾ ਸਕੇਗੀ।

ਫਿਜ਼ੀਕਲ ਟੈਸਟ ਲਈ ਸ਼ਾਰਟਲਿਸਟਿੰਗ
ਕੇਵਲ ਉਹੀ ਉਮੀਦਵਾਰ, ਜੋ ਲਿਖਤੀ ਪ੍ਰੀਖਿਆ ਵਿੱਚ ਸਫਲ ਰਹਿਣਗੇ, ਉਨ੍ਹਾਂ ਨੂੰ ਫਿਜ਼ੀਕਲ ਐਂਡਿਊਰੈਂਸ ਅਤੇ ਮਾਪ-ਤੋਲ (ਪੀ.ਈ.ਐੱਮ.ਟੀ.) ਟੈਸਟ ਲਈ ਬੁਲਾਇਆ ਜਾਵੇਗਾ।

ਇੰਟਰਵਿਊ ਦੀ ਪ੍ਰਕਿਰਿਆ ਖਤਮ
ਨਵੇਂ ਨਿਯਮਾਂ ਤਹਿਤ ਇੰਟਰਵਿਊ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਹੈ। ਇਸ ਫੈਸਲੇ ਦਾ ਉਦੇਸ਼ ਭਰਤੀ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਅਤੇ ਨਿਰਪੱਖ ਬਣਾਉਣਾ ਹੈ, ਤਾਂ ਜੋ ਮਨੁੱਖੀ ਦਖ਼ਲਅੰਦਾਜ਼ੀ ਅਤੇ ਪੱਖਪਾਤ ਦੀ ਸੰਭਾਵਨਾ ਨੂੰ ਖਤਮ ਕੀਤਾ ਜਾ ਸਕੇ।