ਫ਼ਿਰੋਜ਼ਪੁਰ, 29 ਅਕਤੂਬਰ 2026 AJ DI Awaaj
Punjab Desk : ਰੱਖਿਆ ਲੇਖਾ ਪ੍ਰਧਾਨ ਕੰਟਰੋਲਰ (ਪ.ਕ.) ਚੰਡੀਗੜ੍ਹ ਦੇ ਨਿਰਦੇਸ਼ਾਂ ਅਨੁਸਾਰ, ਸਪੱਰਸ਼ ਸੇਵਾ ਕੇਂਦਰ ਫਿਰੋਜ਼ਪੁਰ ਛਾਉਣੀ ਵਿਖੇ ਰੱਖਿਆ ਪੈਨਸ਼ਨ ਨਾਲ ਸਬੰਧਤ ਸਪੱਰਸ਼ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਦੀ ਸਾਲਾਨਾ ਪਛਾਣ ਕਰਨ ਅਤੇ ਉਨ੍ਹਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਡੀ.ਓ.ਪੀ. ਐਂਡ ਪੀ.ਡਬਲਯੂ. ਵੱਲੋਂ ਦੇਸ਼-ਵਿਆਪੀ ਡੀ.ਐੱਲ.ਸੀ. ਮੁਹਿੰਮ 5.0 (ਡਿਜੀਟਲ ਲਾਈਫ ਸਰਟੀਫਿਕੇਟ) ਤਹਿਤ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ। ਇਹ ਮੁਹਿੰਮ 1 ਨਵੰਬਰ ਤੋਂ ਸ਼ੁਰੂ ਹੋ ਕੇ 30 ਨਵੰਬਰ 2026 ਤੱਕ ਜਾਰੀ ਰਹੇਗੀ।
ਸਪੱਰਸ਼ ਸੇਵਾ ਕੇਂਦਰ ਫਿਰੋਜ਼ਪੁਰ ਛਾਉਣੀ ਦੇ ਇੰਚਾਰਜ ਸ੍ਰੀ ਕੇ. ਐੱਲ. ਵਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਰੱਖਿਆ ਪੈਨਸ਼ਨਰ ਆਪਣੀ ਸਾਲਾਨਾ ਪਛਾਣ ਕਰਵਾ ਸਕਦੇ ਹਨ ਅਤੇ ਪੈਨਸ਼ਨ ਨਾਲ ਸਬੰਧਤ ਆਪਣੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਵਾ ਸਕਦੇ ਹਨ।
ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਦੇ ਚਾਹਵਾਨ ਪੈਨਸ਼ਨਰ ਆਪਣੇ ਨਾਲ ਲੋੜੀਂਦੇ ਦਸਤਾਵੇਜ਼ਾਂ ਦੀਆਂ ਫੋਟੋ ਕਾਪੀਆਂ ਜ਼ਰੂਰ ਲੈ ਕੇ ਆਉਣ। ਇਨ੍ਹਾਂ ਵਿੱਚ ਪੈਨਸ਼ਨ ਬੁੱਕ, ਡਿਸਚਾਰਜ ਬੁੱਕ, ਪਛਾਣ ਪੱਤਰ, ਬੈਂਕ ਪਾਸਬੁੱਕ, ਪੀ.ਪੀ.ਓ. (ਪੈਨਸ਼ਨ ਭੁਗਤਾਨ ਆਦੇਸ਼), ਆਧਾਰ ਕਾਰਡ ਅਤੇ ਸ਼ਿਕਾਇਤ ਨਾਲ ਸਬੰਧਤ ਹੋਰ ਦਸਤਾਵੇਜ਼ ਸ਼ਾਮਲ ਹਨ। ਇਸ ਤੋਂ ਇਲਾਵਾ, ਆਧਾਰ ਕਾਰਡ ਨਾਲ ਲਿੰਕ ਮੋਬਾਈਲ ਫੋਨ ਵੀ ਨਾਲ ਲਿਆਉਣਾ ਲਾਜ਼ਮੀ ਹੈ।
ਉਨ੍ਹਾਂ ਸਮੂਹ ਰੱਖਿਆ ਪੈਨਸ਼ਨਰਾਂ ਅਤੇ ਫੈਮਿਲੀ ਪੈਨਸ਼ਨਰਾਂ ਨੂੰ ਅਪੀਲ ਕੀਤੀ ਕਿ ਉਹ ਇਸ ਪ੍ਰੋਗਰਾਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਅਤੇ ਇਸ ਸੁਵਿਧਾ ਦਾ ਲਾਭ ਉਠਾਉਣ।



















