01 July 2026 Aj Di Awaaj
Punjab Desk: ਪੰਜਾਬ ਵਿੱਚ ਮਾਨਸੂਨ ਦੀ ਉਡੀਕ ਹੁਣ ਜਲਦ ਖ਼ਤਮ ਹੋ ਸਕਦੀ ਹੈ। ਭਾਰਤੀ ਮੌਸਮ ਵਿਭਾਗ (IMD) ਮੁਤਾਬਕ ਅਗਲੇ 2 ਤੋਂ 3 ਦਿਨਾਂ ਦੌਰਾਨ ਮਾਨਸੂਨ ਦੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਵਿੱਚ ਦਾਖ਼ਲ ਹੋਣ ਲਈ ਹਾਲਾਤ ਅਨੁਕੂਲ ਬਣ ਰਹੇ ਹਨ।
ਮੌਸਮ ਵਿਭਾਗ ਨੇ 1 ਜੁਲਾਈ ਤੋਂ 6 ਜੁਲਾਈ ਤੱਕ ਪੰਜਾਬ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੌਰਾਨ ਸੂਬੇ ਦੇ ਕਈ ਹਿੱਸਿਆਂ ਵਿੱਚ ਗਰਜ-ਚਮਕ, ਬਿਜਲੀ ਕੜਕਣ, 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਅਤੇ ਮੀਂਹ ਪੈਣ ਦੀ ਸੰਭਾਵਨਾ ਹੈ। ਵਿਭਾਗ ਅਨੁਸਾਰ 2 ਜੁਲਾਈ ਤੋਂ ਬਾਰਿਸ਼ ਦੀਆਂ ਗਤੀਵਿਧੀਆਂ ਵਿੱਚ ਹੋਰ ਤੇਜ਼ੀ ਆਵੇਗੀ, ਜਦਕਿ 4 ਜੁਲਾਈ ਤੱਕ ਕਈ ਇਲਾਕਿਆਂ ਵਿੱਚ ਭਾਰੀ ਮੀਂਹ ਪੈ ਸਕਦਾ ਹੈ।
ਗਰਮੀ ਤੋਂ ਮਿਲੇਗੀ ਰਾਹਤ
ਮੌਸਮ ਵਿਭਾਗ ਦਾ ਕਹਿਣਾ ਹੈ ਕਿ ਮੀਂਹ ਕਾਰਨ ਪੰਜਾਬ ਵਿੱਚ ਵੱਧ ਤੋਂ ਵੱਧ ਤਾਪਮਾਨ ਲਗਭਗ 5 ਡਿਗਰੀ ਸੈਲਸੀਅਸ ਤੱਕ ਘਟ ਸਕਦਾ ਹੈ। ਇਸ ਨਾਲ ਪਿਛਲੇ ਕਈ ਦਿਨਾਂ ਤੋਂ ਪੈ ਰਹੀ ਉਮਸ ਅਤੇ ਗਰਮੀ ਤੋਂ ਲੋਕਾਂ ਨੂੰ ਰਾਹਤ ਮਿਲਣ ਦੀ ਉਮੀਦ ਹੈ।
ਮੰਗਲਵਾਰ ਨੂੰ ਸੂਬੇ ਦੇ ਕੁਝ ਹਿੱਸਿਆਂ ਵਿੱਚ ਹੋਈ ਹਲਕੀ ਬਾਰਿਸ਼ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ 1.6 ਡਿਗਰੀ ਦੀ ਕਮੀ ਦਰਜ ਕੀਤੀ ਗਈ। ਇਸ ਦੇ ਬਾਵਜੂਦ ਤਾਪਮਾਨ ਆਮ ਨਾਲੋਂ 2.3 ਡਿਗਰੀ ਵੱਧ ਰਿਹਾ। ਫਰੀਦਕੋਟ ਵਿੱਚ ਸਭ ਤੋਂ ਵੱਧ 43.8 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।
ਪ੍ਰਮੁੱਖ ਸ਼ਹਿਰਾਂ ਦਾ ਵੱਧ ਤੋਂ ਵੱਧ ਤਾਪਮਾਨ
- ਅੰਮ੍ਰਿਤਸਰ – 37.2°C
- ਲੁਧਿਆਣਾ – 38.8°C
- ਪਟਿਆਲਾ – 37.3°C
- ਪਠਾਨਕੋਟ – 35.3°C
- ਬਠਿੰਡਾ – 43.2°C
- ਫਾਜ਼ਿਲਕਾ – 40.5°C
- ਫਿਰੋਜ਼ਪੁਰ – 36.4°C
- ਹੁਸ਼ਿਆਰਪੁਰ – 35.5°C
- ਰੂਪਨਗਰ – 39.9°C
ਘੱਟੋ-ਘੱਟ ਤਾਪਮਾਨ
ਅੰਮ੍ਰਿਤਸਰ ਵਿੱਚ 30.3°C, ਲੁਧਿਆਣਾ 28.6°C, ਪਟਿਆਲਾ 29.8°C, ਪਠਾਨਕੋਟ 26.7°C, ਬਠਿੰਡਾ 32.9°C, ਗੁਰਦਾਸਪੁਰ 27.0°C ਅਤੇ ਐੱਸ.ਬੀ.ਐੱਸ. ਨਗਰ ਵਿੱਚ 27.1°C ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ।
ਮੌਸਮ ਵਿਭਾਗ ਨੇ ਲੋਕਾਂ ਨੂੰ ਗਰਜ-ਚਮਕ ਅਤੇ ਤੇਜ਼ ਹਵਾਵਾਂ ਦੌਰਾਨ ਸਾਵਧਾਨ ਰਹਿਣ ਅਤੇ ਲੋੜ ਪੈਣ ‘ਤੇ ਹੀ ਘਰਾਂ ਤੋਂ ਬਾਹਰ ਨਿਕਲਣ ਦੀ ਸਲਾਹ ਦਿੱਤੀ ਹੈ।














