ਮੋਹਾਲੀ ਨੂੰ ਅੱਜ ਮਿਲੇਗਾ ਨਵਾਂ ਮੇਅਰ, ‘ਆਪ’ ਨੇ ਅਜੇ ਤੱਕ ਨਹੀਂ ਖੋਲ੍ਹੇ ਪੱਤੇ

45

ਮੋਹਾਲੀ 09 June 2026 AJ DI Awaaj

Punjab Desk :  ਮੋਹਾਲੀ ਨਗਰ ਨਿਗਮ ਨੂੰ ਅੱਜ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਮਿਲਣ ਜਾ ਰਹੇ ਹਨ। ਹਾਲਾਂਕਿ ਨਗਰ ਨਿਗਮ ਵਿੱਚ ਸਪੱਸ਼ਟ ਬਹੁਮਤ ਹੋਣ ਦੇ ਬਾਵਜੂਦ ਆਮ ਆਦਮੀ ਪਾਰਟੀ (ਆਪ) ਨੇ ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਅਜੇ ਤੱਕ ਐਲਾਨ ਨਹੀਂ ਕੀਤਾ, ਜਿਸ ਕਾਰਨ ਸਿਆਸੀ ਗਲਿਆਰਿਆਂ ਵਿੱਚ ਕਾਫ਼ੀ ਚਰਚਾ ਅਤੇ ਉਤਸੁਕਤਾ ਬਣੀ ਹੋਈ ਹੈ।

ਸੂਤਰਾਂ ਅਨੁਸਾਰ ਪਾਰਟੀ ਵੱਲੋਂ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਹਾਈਕਮਾਨ ਦੀ ਅੰਤਿਮ ਮਨਜ਼ੂਰੀ ਤੋਂ ਬਾਅਦ ਕੀਤਾ ਜਾਵੇਗਾ। ਇਸ ਦੌਰਾਨ ਪੰਜਾਬ ਦੇ ਉਦਯੋਗ ਅਤੇ ਵਣਜ ਮੰਤਰੀ ਅਮਨ ਅਰੋੜਾ ਵੀ ਮੋਹਾਲੀ ਪਹੁੰਚ ਚੁੱਕੇ ਹਨ ਅਤੇ ਮੰਨਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਉਮੀਦਵਾਰਾਂ ਦੇ ਨਾਂ ਜਨਤਕ ਕਰ ਸਕਦੇ ਹਨ।

ਨਗਰ ਨਿਗਮ ਕਮਿਸ਼ਨਰ ਸੰਦੀਪ ਸਿੰਘ ਨੇ ਜਾਣਕਾਰੀ ਦਿੱਤੀ ਕਿ ਨਗਰ ਨਿਗਮ ਹਾਊਸ ਦੀ ਵਿਸ਼ੇਸ਼ ਮੀਟਿੰਗ ਮੰਗਲਵਾਰ ਦੁਪਹਿਰ 3 ਵਜੇ ਹੋਵੇਗੀ। ਸਭ ਤੋਂ ਪਹਿਲਾਂ ਨਵੇਂ ਚੁਣੇ ਗਏ ਕੌਂਸਲਰਾਂ ਨੂੰ ਸਹੁੰ ਚੁਕਾਈ ਜਾਵੇਗੀ, ਜਿਸ ਤੋਂ ਬਾਅਦ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਲਈ ਵੋਟਿੰਗ ਕਰਵਾਈ ਜਾਵੇਗੀ।

ਚੋਣ ਪ੍ਰਕਿਰਿਆ ਨੂੰ ਸੁਚੱਜੇ ਅਤੇ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ। ਸਾਰੇ ਕੌਂਸਲਰਾਂ ਦੇ ਮੋਬਾਈਲ ਫੋਨ ਨਗਰ ਨਿਗਮ ਇਮਾਰਤ ਦੇ ਬਾਹਰ ਹੀ ਜਮ੍ਹਾਂ ਕਰਵਾਏ ਜਾਣਗੇ ਅਤੇ ਐਂਟਰੀ ਰਜਿਸਟਰ ਵਿੱਚ ਹਾਜ਼ਰੀ ਦਰਜ ਕਰਵਾਉਣ ਤੋਂ ਬਾਅਦ ਹੀ ਉਨ੍ਹਾਂ ਨੂੰ ਹਾਊਸ ਵਿੱਚ ਦਾਖ਼ਲਾ ਮਿਲੇਗਾ।

ਮੇਅਰ ਅਹੁਦੇ ਲਈ ਕਈ ਨਾਂ ਚਰਚਾ ਵਿੱਚ ਹਨ। ਇਨ੍ਹਾਂ ਵਿੱਚ ਮੋਹਾਲੀ ਦੇ ਵਿਧਾਇਕ ਕੁਲਵੰਤ ਸਿੰਘ ਦੇ ਪੁੱਤਰ ਅਤੇ ਵਾਰਡ ਨੰਬਰ 42 ਤੋਂ ਜੇਤੂ ਕੌਂਸਲਰ ਸਰਬਜੀਤ ਸਿੰਘ ਸਮਾਣਾ ਦਾ ਨਾਂ ਸਭ ਤੋਂ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਹੈ। ਉਨ੍ਹਾਂ ਨੇ ਆਪਣੇ ਵਾਰਡ ਤੋਂ 458 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ।

ਇਸ ਤੋਂ ਇਲਾਵਾ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਸੰਨੀ ਆਹਲੂਵਾਲੀਆ ਵੀ ਦੌੜ ਵਿੱਚ ਮੰਨੇ ਜਾ ਰਹੇ ਹਨ। ਉਨ੍ਹਾਂ ਦੇ ਪਾਰਟੀ ਦੀ ਉੱਚ ਲੀਡਰਸ਼ਿਪ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ। ਡਾ. ਆਹਲੂਵਾਲੀਆ ਨੇ ਵਾਰਡ ਨੰਬਰ 6 ਤੋਂ 269 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ।

ਦੂਜੇ ਪਾਸੇ, ਵਾਰਡ ਨੰਬਰ 3 ਤੋਂ ਦੂਜੀ ਵਾਰ ਕੌਂਸਲਰ ਬਣੀ ਗੁਰਮੀਤ ਕੌਰ ਵੀ ਮੇਅਰ ਅਹੁਦੇ ਲਈ ਮਜ਼ਬੂਤ ਦਾਅਵੇਦਾਰ ਵਜੋਂ ਦੇਖੀ ਜਾ ਰਹੀ ਹੈ। ਉਨ੍ਹਾਂ ਨੇ 182 ਵੋਟਾਂ ਦੇ ਅੰਤਰ ਨਾਲ ਚੋਣ ਜਿੱਤੀ ਸੀ। ਇਸ ਤੋਂ ਇਲਾਵਾ ਵਾਰਡ ਨੰਬਰ 34 ਤੋਂ ਚੌਥੀ ਵਾਰ ਜਿੱਤ ਦਰਜ ਕਰਨ ਵਾਲੇ ਸੁਖਦੇਵ ਸਿੰਘ ਪਟਵਾਰੀ ਦਾ ਨਾਂ ਵੀ ਸੰਭਾਵੀ ਉਮੀਦਵਾਰਾਂ ਦੀ ਸੂਚੀ ਵਿੱਚ ਸ਼ਾਮਲ ਹੈ।

ਹੁਣ ਸਾਰਿਆਂ ਦੀ ਨਜ਼ਰ ਆਮ ਆਦਮੀ ਪਾਰਟੀ ਦੇ ਅੰਤਿਮ ਫ਼ੈਸਲੇ ‘ਤੇ ਟਿਕੀ ਹੋਈ ਹੈ ਕਿ ਮੋਹਾਲੀ ਦੇ ਪਹਿਲੇ ਨਾਗਰਿਕ ਵਜੋਂ ਕਿਸ ਨੂੰ ਚੁਣਿਆ ਜਾਂਦਾ ਹੈ।