International 25 Nov 2026 AJ DI Awaaj
International Desk : ਪੋਰਟੋ ਰੀਕੋ ਦੀ ਜੈਨੀਫਰ ਬੈਰੇਟੋ ਨੇ 75ਵੇਂ ਮਿਸ ਯੂਨੀਵਰਸ ਮੁਕਾਬਲੇ ਵਿੱਚ ਜਿੱਤ ਹਾਸਲ ਕਰਕੇ ਵਿਸ਼ਵ ਸੁੰਦਰੀ ਦਾ ਤਾਜ ਆਪਣੇ ਨਾਮ ਕਰ ਲਿਆ ਹੈ। ਖ਼ਾਸ ਗੱਲ ਇਹ ਹੈ ਕਿ 27 ਸਾਲਾ ਜੈਨੀਫਰ 9 ਸਾਲ ਦੀ ਧੀ ਦੀ ਮਾਂ ਹੈ ਅਤੇ ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਵਾਲੀ ਪਹਿਲੀ ਮਾਂ ਬਣ ਗਈ ਹੈ। ਮਿਸ ਯੂਨੀਵਰਸ 2025 ਦੀ ਜੇਤੂ ਮੈਕਸੀਕੋ ਦੀ ਫਾਤਿਮਾ ਬੋਸ਼ ਨੇ ਉਨ੍ਹਾਂ ਨੂੰ ਤਾਜ ਪਹਿਨਾਇਆ।
ਇਹ ਪੋਰਟੋ ਰੀਕੋ ਦਾ ਛੇਵਾਂ ਮਿਸ ਯੂਨੀਵਰਸ ਖਿਤਾਬ ਹੈ। ਸਾਲ 2023 ਵਿੱਚ ਮੁਕਾਬਲੇ ਦੇ ਨਿਯਮਾਂ ਵਿੱਚ ਬਦਲਾਅ ਕਰਦਿਆਂ ਵਿਆਹੀਆਂ ਔਰਤਾਂ ਅਤੇ ਮਾਵਾਂ ਨੂੰ ਵੀ ਹਿੱਸਾ ਲੈਣ ਦੀ ਇਜਾਜ਼ਤ ਦਿੱਤੀ ਗਈ ਸੀ।
ਕੌਣ ਹੈ ਜੈਨੀਫਰ ਬੈਰੇਟੋ?
ਜੈਨੀਫਰ ਬੈਰੇਟੋ 27 ਸਾਲਾਂ ਦੀ ਮਨੋਵਿਗਿਆਨੀ ਅਤੇ ਸਮਾਜਿਕ ਕਾਰਕੁਨ ਹੈ। ਉਸ ਨੇ ਮਨੋਵਿਗਿਆਨ ਵਿੱਚ ਗ੍ਰੈਜੂਏਸ਼ਨ ਅਤੇ ਮਨੋਵਿਗਿਆਨ ਤੇ ਕਲੀਨਿਕਲ ਸੋਸ਼ਲ ਵਰਕ ਵਿੱਚ ਮਾਸਟਰ ਡਿਗਰੀ ਹਾਸਲ ਕੀਤੀ ਹੈ। ਉਹ ਅਮਰੀਕੀ ਰੱਖਿਆ ਵਿਭਾਗ ਵਿੱਚ ਰੋਕਥਾਮ ਮਾਹਿਰ ਵਜੋਂ ਕੰਮ ਕਰਦੀ ਹੈ। ਇਸ ਤੋਂ ਇਲਾਵਾ ਉਹ ਪੋਰਟੋ ਰੀਕੋ ਦੀਆਂ ਸਮਾਜਿਕ ਅਤੇ ਸਿਹਤ ਸੰਸਥਾਵਾਂ ਨਾਲ ਵੀ ਵਲੰਟੀਅਰ ਵਜੋਂ ਜੁੜੀ ਹੋਈ ਹੈ।
ਮੁਕਾਬਲੇ ਦੌਰਾਨ ਆਪਣੇ ਜੇਤੂ ਜਵਾਬ ਵਿੱਚ ਜੈਨੀਫਰ ਨੇ ਕਿਹਾ ਕਿ ਦੁਨੀਆ ਨੂੰ ਅਜਿਹੇ ਆਗੂਆਂ ਦੀ ਲੋੜ ਹੈ, ਜੋ ਹਮਦਰਦੀ ਅਤੇ ਆਪਣੇ ਚੰਗੇ ਮੁੱਲਾਂ ਨਾਲ ਲੋਕਾਂ ਲਈ ਮਿਸਾਲ ਕਾਇਮ ਕਰਨ।
ਮਿਸ ਯੂਨੀਵਰਸ 2026 ਦੇ ਜੇਤੂਆਂ ਦੀ ਸੂਚੀ
ਜੇਤੂ: ਜੈਨੀਫਰ ਬੈਰੇਟੋ (ਪੋਰਟੋ ਰੀਕੋ)
ਪਹਿਲੀ ਰਨਰ-ਅੱਪ: ਮੇਲਿਸਾ ਨੁਨੇਜ਼ (ਡੋਮਿਨਿਕਨ ਰੀਪਬਲਿਕ)
ਦੂਜੀ ਰਨਰ-ਅੱਪ: ਕਲਾਰਾ ਵੇਗਾਸ (ਵੈਨੇਜ਼ੁਏਲਾ)
ਤੀਜੀ ਰਨਰ-ਅੱਪ: ਬੀ ਮਿਲਾਨ-ਵਿੰਡੋਰਸਕੀ (ਫਿਲੀਪੀਨਜ਼)
ਚੌਥੀ ਰਨਰ-ਅੱਪ: ਜਾਰਜੀਆ ਵੈਡਿੰਗਟਨ (ਨਿਊਜ਼ੀਲੈਂਡ)
ਭਾਰਤ ਦੀ ਕਾਜ਼ੀਆ ਲਿਜ਼ ਮੇਜੋ ਦਾ ਸਫ਼ਰ ਖ਼ਤਮ
ਮਿਸ ਯੂਨੀਵਰਸ 2026 ਵਿੱਚ ਭਾਰਤ ਦੀ ਪ੍ਰਤੀਨਿਧਤਾ ਕਰ ਰਹੀ 19 ਸਾਲਾ ਕਾਜ਼ੀਆ ਲਿਜ਼ ਮੇਜੋ ਨੇ ਟਾਪ-30 ਵਿੱਚ ਜਗ੍ਹਾ ਬਣਾਈ, ਪਰ ਉਹ ਟਾਪ-12 ਵਿੱਚ ਪਹੁੰਚਣ ਵਿੱਚ ਕਾਮਯਾਬ ਨਹੀਂ ਹੋ ਸਕੀ।
ਜ਼ਿਕਰਯੋਗ ਹੈ ਕਿ ਭਾਰਤ ਵੱਲੋਂ ਹੁਣ ਤੱਕ ਤਿੰਨ ਸੁੰਦਰੀਆਂ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਚੁੱਕੀਆਂ ਹਨ। ਸੁਸ਼ਮਿਤਾ ਸੇਨ ਨੇ 1994, ਲਾਰਾ ਦੱਤਾ ਨੇ 2000 ਅਤੇ ਹਰਨਾਜ਼ ਸੰਧੂ ਨੇ 2021 ਵਿੱਚ ਇਹ ਵਿਸ਼ਵ ਪੱਧਰੀ ਖਿਤਾਬ ਆਪਣੇ ਨਾਮ ਕੀਤਾ ਸੀ।



















