ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼

2

ਹੁਸ਼ਿਆਰਪੁਰ, 25 ਨਵੰਬਰ 2026 AJ DI Awaaj

Punjab Desk : ਸਿਵਲ ਡਿਫੈਂਸ ਦੀਆਂ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਅਤੇ ਕਿਸੇ ਵੀ ਐਮਰਜੈਂਸੀ ਸਥਿਤੀ ਨਾਲ ਨਜਿੱਠਣ ਲਈ ਵੱਖ-ਵੱਖ ਵਿਭਾਗਾਂ ਵਿਚਕਾਰ ਤਾਲਮੇਲ ਅਤੇ ਕਾਰਜਪ੍ਰਣਾਲੀ ਨੂੰ ਪਰਖਣ ਦੇ ਉਦੇਸ਼ ਨਾਲ ਭਾਰਤ ਸਰਕਾਰ ਵੱਲੋਂ ਪਹਿਲਾਂ ਤੋਂ ਨਿਰਧਾਰਤ ਪ੍ਰੋਗਰਾਮ ਅਨੁਸਾਰ 27 ਨਵੰਬਰ ਨੂੰ ਰਾਤ 8 ਵਜੇ ਡੀਏਵੀ ਕਾਲਜ, ਚੰਡੀਗੜ੍ਹ ਰੋਡ, ਹੁਸ਼ਿਆਰਪੁਰ ਵਿਖੇ ਸਿਵਲ ਡਿਫੈਂਸ ਏਅਰ ਰੇਡ/ਬਲੈਕਆਊਟ ਮੌਕ ਐਕਸਰਸਾਈਜ਼ ਕਰਵਾਈ ਜਾਵੇਗੀ। ਇਸ ਦੌਰਾਨ ਪੂਰੇ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਰਾਤ 8 ਵਜੇ ਤੋਂ 8:15 ਵਜੇ ਤੱਕ 15 ਮਿੰਟ ਲਈ ਬਲੈਕਆਊਟ ਲਾਗੂ ਰਹੇਗਾ।
ਇਸ ਸਬੰਧ ਵਿੱਚ ਅੱਜ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਮੇਜਰ (ਡਾ.) ਸੁਮਿਤ ਮੁੱਧ ਦੀ ਪ੍ਰਧਾਨਗੀ ਹੇਠ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਨ੍ਹਾਂ ਅਧਿਕਾਰੀਆਂ ਨੂੰ ਮੌਕ ਐਕਸਰਸਾਈਜ਼ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਲਈ ਲੋੜੀਂਦੇ ਦਿਸ਼ਾ-ਨਿਰਦੇਸ਼ ਦਿੱਤੇ।
ਏਡੀਸੀ ਨੇ ਸਪੱਸ਼ਟ ਕੀਤਾ ਕਿ ਇਹ ਮੌਕ ਐਕਸਰਸਾਈਜ਼ ਭਾਰਤ ਸਰਕਾਰ ਵੱਲੋਂ ਪਹਿਲਾਂ ਤੋਂ ਨਿਰਧਾਰਤ ਤਰੀਕਾਂ ਅਨੁਸਾਰ ਕਰਵਾਈ ਜਾ ਰਹੀ ਹੈ। ਸਾਲ 2026 ਦੀ ਇਹ ਦੂਜੀ ਸਿਵਲ ਡਿਫੈਂਸ ਮੌਕ ਐਕਸਰਸਾਈਜ਼ ਹੈ, ਜਦਕਿ ਇਸ ਤੋਂ ਪਹਿਲਾਂ ਪਹਿਲੀ ਐਕਸਰਸਾਈਜ਼ ਵੀ ਕਰਵਾਈ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਇਹ ਇੱਕ ਨਿਯਮਤ ਅਭਿਆਸ ਹੈ, ਜਿਸ ਦਾ ਉਦੇਸ਼ ਐਮਰਜੈਂਸੀ ਹਾਲਾਤਾਂ ਵਿੱਚ ਪ੍ਰਸ਼ਾਸਨ ਅਤੇ ਵੱਖ-ਵੱਖ ਵਿਭਾਗਾਂ ਦੀਆਂ ਤਿਆਰੀਆਂ ਨੂੰ ਪਰਖਣਾ ਅਤੇ ਉਨ੍ਹਾਂ ਵਿੱਚ ਹੋਰ ਸੁਧਾਰ ਕਰਨਾ ਹੈ।
ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਮੌਕ ਡ੍ਰਿਲ ਦੌਰਾਨ ਕਿਸੇ ਵੀ ਤਰ੍ਹਾਂ ਦੀ ਘਬਰਾਹਟ ਜਾਂ ਦਹਿਸ਼ਤ ਵਿੱਚ ਨਾ ਆਉਣ। ਇਹ ਸਿਰਫ਼ ਇੱਕ ਪਹਿਲਾਂ ਤੋਂ ਨਿਰਧਾਰਤ ਅਭਿਆਸ ਹੈ, ਨਾ ਕਿ ਕਿਸੇ ਅਸਲ ਖ਼ਤਰੇ ਦੀ ਸੂਚਨਾ।
ਉਨ੍ਹਾਂ ਦੱਸਿਆ ਕਿ ਮੌਕ ਐਕਸਰਸਾਈਜ਼ ਦੌਰਾਨ ਏਅਰ ਰੇਡ ਦੀ ਚੇਤਾਵਨੀ ਦੇਣ ਲਈ ਦੋ ਮਿੰਟ ਤੱਕ ਉਤਰਾਅ-ਚੜ੍ਹਾਅ ਵਾਲੀ ਆਵਾਜ਼ ਵਿੱਚ ਸਾਇਰਨ ਵਜਾਇਆ ਜਾਵੇਗਾ। ਇਸ ਤੋਂ ਬਾਅਦ ਪੂਰੇ ਜ਼ਿਲ੍ਹੇ ਵਿੱਚ 15 ਮਿੰਟ ਲਈ ਬਲੈਕਆਊਟ ਲਾਗੂ ਰਹੇਗਾ। ਇਸ ਦੌਰਾਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਆਪਣੀਆਂ ਗੈਰ-ਜ਼ਰੂਰੀ ਲਾਈਟਾਂ, ਸੁਰੱਖਿਆ ਕੈਮਰੇ, ਇਨਵਰਟਰ, ਜਨਰੇਟਰ ਅਤੇ ਸਾਈਨ ਬੋਰਡ ਬੰਦ ਰੱਖਣ। ਹਾਲਾਂਕਿ, ਜ਼ਰੂਰੀ ਸੇਵਾਵਾਂ ਆਮ ਵਾਂਗ ਜਾਰੀ ਰਹਿਣਗੀਆਂ। ਅਭਿਆਸ ਖ਼ਤਮ ਹੋਣ ‘ਤੇ ਦੋ ਮਿੰਟ ਤੱਕ ਲਗਾਤਾਰ ਉੱਚੀ ਆਵਾਜ਼ ਵਿੱਚ ਸਾਇਰਨ ਵਜਾਇਆ ਜਾਵੇਗਾ, ਜੋ ਸਥਿਤੀ ਆਮ ਹੋਣ ਦਾ ਸੰਕੇਤ ਹੋਵੇਗਾ।
ਮੇਜਰ ਡਾ. ਸੁਮਿਤ ਮੁੱਧ ਨੇ ਕਿਹਾ ਕਿ ਇਸ ਅਭਿਆਸ ਦੌਰਾਨ ਅੱਗ ਬੁਝਾਊ ਕਾਰਵਾਈ, ਖੋਜ ਅਤੇ ਬਚਾਅ ਕਾਰਜ, ਮੁੱਢਲੀ ਸਹਾਇਤਾ ਅਤੇ ਮੈਡੀਕਲ ਸਹਾਇਤਾ, ਜ਼ਖ਼ਮੀਆਂ ਨੂੰ ਸੁਰੱਖਿਅਤ ਬਾਹਰ ਕੱਢਣ ਅਤੇ ਆਵਾਜਾਈ ਤੇ ਭੀੜ ਨੂੰ ਕੰਟਰੋਲ ਕਰਨ ਵਰਗੀਆਂ ਗਤੀਵਿਧੀਆਂ ਦਾ ਅਭਿਆਸ ਕੀਤਾ ਜਾਵੇਗਾ। ਉਨ੍ਹਾਂ ਸਾਰੇ ਸਬੰਧਤ ਵਿਭਾਗਾਂ ਨੂੰ ਆਪਸੀ ਤਾਲਮੇਲ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਣ ਦੇ ਨਿਰਦੇਸ਼ ਦਿੰਦਿਆਂ ਕਿਹਾ ਕਿ ਅਜਿਹੀਆਂ ਮੌਕ ਡ੍ਰਿਲਾਂ ਦਾ ਮੁੱਖ ਉਦੇਸ਼ ਕਿਸੇ ਵੀ ਸੰਭਾਵੀ ਐਮਰਜੈਂਸੀ ਸਥਿਤੀ ਵਿੱਚ ਜਾਨ-ਮਾਲ ਦੀ ਸੁਰੱਖਿਆ ਯਕੀਨੀ ਬਣਾਉਣਾ ਅਤੇ ਪ੍ਰਸ਼ਾਸਨਿਕ ਤਿਆਰੀਆਂ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣਾ ਹੈ।