ਚੰਡੀਗੜ੍ਹ, 28 ਦਸੰਬਰ 2025 Aj Di Awaaj
Haryana Desk: ਨੇਗੋਸ਼ੀਏਸ਼ਨ ਰਾਹੀਂ ਲਗਭਗ 150 ਕਰੋੜ ਰੁਪਏ ਦੀ ਬਚਤ
ਹਰਿਆਣਾ ਵਿੱਚ ਅਵਸਰਚਨਾ ਵਿਕਾਸ ਨੂੰ ਮਿਲੀ ਤੇਜ਼ੀ, ਕਈ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਸ਼ਨੀਵਾਰ ਨੂੰ ਹਰਿਆਣਾ ਨਿਵਾਸ ਵਿੱਚ ਹਾਈ ਪਾਵਰਡ ਵਰਕਸ ਪਰਚੇਜ਼ ਕਮੇਟੀ (ਐਚਪੀਡਬਲਿਊਪੀਸੀ) ਦੀ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੀਟਿੰਗ ਦੌਰਾਨ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਅਵਸਰਚਨਾ ਅਤੇ ਵਿਕਾਸ ਪ੍ਰੋਜੈਕਟਾਂ ਦੇ ਪ੍ਰਸਤਾਵਾਂ ’ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਸੇਵਾਵਾਂ ਅਤੇ ਕੰਮਾਂ ਦੀ ਖਰੀਦ ਨਾਲ ਜੁੜੇ ਅਹਿਮ ਫੈਸਲੇ ਲਏ ਗਏ।
ਮੀਟਿੰਗ ਵਿੱਚ ਕੁੱਲ 58 ਨਿਵਿਦਾਵਾਂ ’ਤੇ ਵਿਚਾਰ ਕੀਤਾ ਗਿਆ, ਜਿਨ੍ਹਾਂ ਦੀ ਅਨੁਮਾਨਿਤ ਲਾਗਤ ਲਗਭਗ 4216 ਕਰੋੜ ਰੁਪਏ ਸੀ। ਇਨ੍ਹਾਂ ਵਿੱਚੋਂ 2 ਨਿਵਿਦਾਵਾਂ ਨੂੰ ਮੁੜ ਟੈਂਡਰ ਕਰਨ ਦਾ ਫੈਸਲਾ ਕੀਤਾ ਗਿਆ। ਬਾਕੀ 56 ਨਿਵਿਦਾਵਾਂ, ਜਿਨ੍ਹਾਂ ਦੀ ਅਨੁਮਾਨਿਤ ਲਾਗਤ ਕਰੀਬ 4166 ਕਰੋੜ ਰੁਪਏ ਸੀ, ਲਈ ਬੋਲੀਕਾਰਾਂ ਨਾਲ ਵਿਸਥਾਰਪੂਰਕ ਨੇਗੋਸ਼ੀਏਸ਼ਨ ਤੋਂ ਬਾਅਦ ਕੁੱਲ ਕੰਮ ਦੀ ਕੀਮਤ ਲਗਭਗ 4016 ਕਰੋੜ ਰੁਪਏ ’ਤੇ ਤੈਅ ਹੋਈ। ਇਸ ਤਰ੍ਹਾਂ ਨੇਗੋਸ਼ੀਏਸ਼ਨ ਪ੍ਰਕਿਰਿਆ ਰਾਹੀਂ ਕਰੀਬ 150 ਕਰੋੜ ਰੁਪਏ ਦੀ ਬਚਤ ਯਕੀਨੀ ਬਣਾਈ ਗਈ, ਜਿਸ ਨਾਲ ਰਾਜ ਸਰਕਾਰ ਦੇ ਵਿੱਤੀ ਪ੍ਰਬੰਧਨ, ਪਾਰਦਰਸ਼ਤਾ ਅਤੇ ਸਰੋਤਾਂ ਦੇ ਸੁਚੱਜੇ ਇਸਤੇਮਾਲ ਨੂੰ ਮਜ਼ਬੂਤੀ ਮਿਲੀ ਹੈ।
ਮੀਟਿੰਗ ਵਿੱਚ ਊਰਜਾ ਮੰਤਰੀ ਸ੍ਰੀ ਅਨਿਲ ਵਿਜ, ਸਿੱਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ, ਰੇਵਨਿਊ ਅਤੇ ਆਫ਼ਤ ਪ੍ਰਬੰਧਨ ਮੰਤਰੀ ਸ੍ਰੀ ਵਿਪੁਲ ਗੋਯਲ, ਲੋਕ ਨਿਰਮਾਣ ਮੰਤਰੀ ਸ੍ਰੀ ਰਣਬੀਰ ਗੰਗਵਾ ਅਤੇ ਸਿੰਚਾਈ ਤੇ ਜਲ ਸਰੋਤ ਮੰਤਰੀ ਸ੍ਰੀਮਤੀ ਸ਼ਰੁਤੀ ਚੌਧਰੀ ਹਾਜ਼ਰ ਰਹੇ।
ਬਿਜਲੀ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਨਵੀਨਕਰਿਤ ਸੁਧਾਰ ਆਧਾਰਿਤ ਅਤੇ ਨਤੀਜਾ ਸੰਬੰਧੀ ਬਿਜਲੀ ਵੰਡ ਯੋਜਨਾ (ਆਰਡੀਐੱਸਐੱਸ) ਤਹਿਤ ਪੇਸ਼ ਕੀਤੇ ਪ੍ਰਸਤਾਵਾਂ ਨੂੰ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ। ਇਸ ਦੇ ਅਧੀਨ ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਅਤੇ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਵੱਖ-ਵੱਖ ਖੇਤਰਾਂ ਵਿੱਚ ਵੰਡ ਅਵਸਰਚਨਾ ਵਿਕਾਸ, ਲਾਈਨ ਲਾਸ ਘਟਾਉਣ, ਨਵੇਂ 33 ਕੇਵੀ ਸਬ-ਸਟੇਸ਼ਨ ਸਥਾਪਤ ਕਰਨ ਅਤੇ ਮੌਜੂਦਾ ਸਬ-ਸਟੇਸ਼ਨਾਂ ਦੇ ਵਿਸਥਾਰ ਤੇ ਮਜ਼ਬੂਤੀਕਰਨ ਲਈ ਕੰਮ ਅਲਾਟ ਕਰਨ ਦੀ ਮਨਜ਼ੂਰੀ ਦਿੱਤੀ ਗਈ।
ਦੱਖਣ ਹਰਿਆਣਾ ਬਿਜਲੀ ਵੰਡ ਨਿਗਮ ਦੇ ਅਧੀਨ ਡਬਵਾਲੀ, ਨਰਵਾਣਾ, ਸੋਹਣਾ, ਸਿਰਸਾ, ਗੁਰੁਗ੍ਰਾਮ-2, ਫਤਿਹਾਬਾਦ, ਹਿਸਾਰ, ਨਾਰਨੌਲ ਅਤੇ ਰੇਵਾੜੀ ਖੇਤਰਾਂ ਵਿੱਚ ਬਿਜਲੀ ਵੰਡ ਅਵਸਰਚਨਾ ਦੇ ਵਿਕਾਸ ਅਤੇ ਸਬ-ਸਟੇਸ਼ਨ ਮਜ਼ਬੂਤੀਕਰਨ ਨਾਲ ਸੰਬੰਧਿਤ ਕੰਮਾਂ ਨੂੰ ਮਨਜ਼ੂਰੀ ਮਿਲੀ।
ਇਸੇ ਤਰ੍ਹਾਂ ਉੱਤਰ ਹਰਿਆਣਾ ਬਿਜਲੀ ਵੰਡ ਨਿਗਮ ਦੇ ਅਧੀਨ ਪੰਚਕੂਲਾ, ਪਿੰਜੌਰ, ਬਰਵਾਲਾ, ਰਾਇਪੁਰ ਰਾਣੀ, ਪਾਣੀਪਤ, ਕਰਨਾਲ, ਸਮਾਲਖਾ ਅਤੇ ਰੋਹਤਕ ਜੋਨ ਦੇ ਵੱਖ-ਵੱਖ ਖੇਤਰਾਂ ਵਿੱਚ ਬਿਜਲੀ ਵੰਡ ਪ੍ਰਣਾਲੀ ਦੇ ਸੁਧਾਰ ਅਤੇ ਸਬ-ਸਟੇਸ਼ਨ ਵਿਸਥਾਰ ਦੇ ਕੰਮ ਮਨਜ਼ੂਰ ਕੀਤੇ ਗਏ।
ਗੁਰੁਗ੍ਰਾਮ ਵਿੱਚ ਐੱਸਸੀਏਡੀਏ ਅਤੇ ਡੀਐੱਮਐੱਸ/ਓਐੱਮਐੱਸ ਪ੍ਰਣਾਲੀ ਲਾਗੂ ਕਰਨ ਨਾਲ ਸੰਬੰਧਿਤ ਪ੍ਰਸਤਾਵ ਨੂੰ ਵੀ ਮੀਟਿੰਗ ਵਿੱਚ ਮਨਜ਼ੂਰੀ ਦਿੱਤੀ ਗਈ।
ਐਜੰਡੇ ਵਿੱਚ ਸ਼ਾਮਲ ਫਰੀਦਾਬਾਦ ਅਤੇ ਗੁਰੁਗ੍ਰਾਮ ਵਿੱਚ ਆਰਡੀਐੱਸਐੱਸ ਯੋਜਨਾ ਤਹਿਤ 66 ਕੇਵੀ ਸਬ-ਸਟੇਸ਼ਨਾਂ ਨਾਲ ਜੁੜੇ 11 ਕੇਵੀ ਸ਼ਹਿਰੀ ਅਤੇ ਉਦਯੋਗਿਕ ਫੀਡਰਾਂ ਦੀ ਬਿਜਲੀ ਵੰਡ ਅਵਸਰਚਨਾ ਦੇ ਆਧੁਨਿਕੀਕਰਨ ਲਈ ਟੈਂਡਰ ਨੂੰ ਮੁੜ ਜਾਰੀ ਕਰਨ ਦਾ ਫੈਸਲਾ ਲਿਆ ਗਿਆ।
ਇਸ ਤੋਂ ਇਲਾਵਾ ਸ਼ਹਿਰੀ ਵਿਕਾਸ ਅਤੇ ਬੁਨਿਆਦੀ ਢਾਂਚੇ ਨਾਲ ਸੰਬੰਧਿਤ ਕਈ ਹੋਰ ਮਹੱਤਵਪੂਰਨ ਪ੍ਰੋਜੈਕਟਾਂ ਨੂੰ ਵੀ ਮਨਜ਼ੂਰੀ ਦਿੱਤੀ ਗਈ। ਇਨ੍ਹਾਂ ਵਿੱਚ—
-
ਸੋਨੀਪਤ ਮਹਾਨਗਰੀ ਵਿਕਾਸ ਪ੍ਰਾਧਿਕਰਨ ਦੇ ਅਧੀਨ ਸੈਕਟਰ 5/6, 6/9 ਅਤੇ 5/10 ਦਰਮਿਆਨ ਮਾਸਟਰ ਸੜਕਾਂ ਦੇ ਬਾਕੀ ਹਿੱਸਿਆਂ ਨੂੰ ਚਾਰ ਲੇਨ ਤੱਕ ਚੌੜਾ ਕਰਨ ਅਤੇ ਸੁਧਾਰ ਕੰਮ
-
ਪੰਚਕੂਲਾ ਵਿੱਚ ਘੱਗਰ ਦਰਿਆ ’ਤੇ ਸੈਕਟਰ-3 ਅਤੇ ਸੈਕਟਰ-21 ਨੂੰ ਸੈਕਟਰ-23 ਅਤੇ ਸੈਕਟਰ-25 ਨਾਲ ਜੋੜਨ ਵਾਲੀ ਸੜਕ ’ਤੇ ਪੰਚਕੂਲਾ ਗੋਲਫ਼ ਕਲੱਬ ਦੇ ਨੇੜੇ ਇੱਕ ਨਵਾਂ ਉੱਚ ਪੱਧਰੀ ਪੁਲ ਬਣਾਉਣਾ (ਈਪੀਸੀ ਮੋਡ ’ਤੇ)
-
ਪੰਚਕੂਲਾ ਮਹਾਨਗਰੀ ਵਿਕਾਸ ਪ੍ਰਾਧਿਕਰਨ ਦੇ ਅਧੀਨ ਸ਼ਹਿਰ ਵਿੱਚੋਂ ਗੁਜ਼ਰਦੀਆਂ ਦੋ ਜਲ ਧਾਰਾਵਾਂ ਦੇ ਸੁੰਦਰਤਾ ਕਰਣ, ਪੁਨਰਜੀਵਨ ਅਤੇ ਉਨ੍ਹਾਂ ਦੇ ਆਲੇ-ਦੁਆਲੇ ਵਪਾਰਕ ਤੇ ਮਨੋਰੰਜਨਕ ਉਪਯੋਗ ਨਾਲ ਜੁੜੀਆਂ ਯੋਜਨਾਵਾਂ
-
ਫਰੀਦਾਬਾਦ ਦੇ ਸੈਕਟਰ-78 ਅਤੇ ਗੁਰੁਗ੍ਰਾਮ ਦੇ ਸੈਕਟਰ-9 ਵਿੱਚ ਕੰਮਕਾਜੀ ਮਹਿਲਾਵਾਂ ਲਈ ਆਧੁਨਿਕ ਹੋਸਟਲ ਇਮਾਰਤਾਂ ਦੀ ਤਾਮੀਰ, ਜਿਸ ਵਿੱਚ ਸਿਵਲ, ਬਿਜਲੀ, ਪਲੰਬਿੰਗ, ਅੱਗ ਸੁਰੱਖਿਆ, ਫਾਇਰ ਅਲਾਰਮ, ਸੀਸੀਟੀਵੀ, ਐਚਵੀਏਸੀ, ਲਿਫਟ, ਬਾਗਬਾਨੀ ਅਤੇ ਰੱਖ-ਰਖਾਅ ਦੇ ਕੰਮ ਸ਼ਾਮਲ ਹਨ
ਇਸ ਦੇ ਨਾਲ ਭਿਵਾਨੀ ਸਥਿਤ ਵਿਦਿਆਲਈ ਸਿੱਖਿਆ ਬੋਰਡ ਕੰਪਲੈਕਸ ਵਿੱਚ ਕਨਵੈਨਸ਼ਨ ਸੈਂਟਰ ਦੀ ਇਮਾਰਤ ਦੇ ਬਾਕੀ ਕੰਮ ਪੂਰੇ ਕਰਨ ਨਾਲ ਸੰਬੰਧਿਤ ਪ੍ਰਸਤਾਵ ਨੂੰ ਵੀ ਮਨਜ਼ੂਰੀ ਦਿੱਤੀ ਗਈ।
ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅਧਿਕਾਰੀਆਂ ਨੂੰ ਹਦਾਇਤ ਦਿੱਤੀ ਕਿ ਸਾਰੇ ਮਨਜ਼ੂਰਸ਼ੁਦਾ ਕੰਮ ਉੱਚ ਗੁਣਵੱਤਾ, ਪਾਰਦਰਸ਼ਤਾ ਅਤੇ ਸਮੇਂ ਦੀ ਪਾਬੰਦੀ ਨਾਲ ਪੂਰੇ ਕੀਤੇ ਜਾਣ। ਉਨ੍ਹਾਂ ਕਿਹਾ ਕਿ ਹਰ ਪ੍ਰੋਜੈਕਟ ਵਿੱਚ ਘੱਟੋ-ਘੱਟ ਲਾਗਤ ’ਤੇ ਵੱਧ ਤੋਂ ਵੱਧ ਗੁਣਵੱਤਾ ਯਕੀਨੀ ਬਣਾਈ ਜਾਵੇ ਅਤੇ ਟਿਕਾਊ, ਲੰਬੇ ਸਮੇਂ ਤੱਕ ਚੱਲਣ ਵਾਲੀ ਅਤੇ ਘੱਟ ਰੱਖ-ਰਖਾਅ ਵਾਲੀ ਨਿਰਮਾਣ ਸਮੱਗਰੀ ਦੀ ਵਰਤੋਂ ਕੀਤੀ ਜਾਵੇ।
ਮੀਟਿੰਗ ਵਿੱਚ ਹਰਿਆਣਾ ਅਰਬਨ ਡਿਵੈਲਪਮੈਂਟ ਅਥਾਰਟੀ ਦੇ ਪ੍ਰਿੰਸੀਪਲ ਐਡਵਾਈਜ਼ਰ ਸ੍ਰੀ ਡੀ.ਐੱਸ. ਢੇਸੀ, ਲੋਕ ਨਿਰਮਾਣ ਵਿਭਾਗ ਦੇ ਐਡੀਸ਼ਨਲ ਮੁੱਖ ਸਕੱਤਰ ਸ੍ਰੀ ਅਨੁਰਾਗ ਅਗਰਵਾਲ, ਊਰਜਾ ਵਿਭਾਗ ਦੇ ਪ੍ਰਧਾਨ ਸਕੱਤਰ ਸ੍ਰੀ ਸ਼ਿਆਮਲ ਮਿਸ਼ਰਾ, ਉਦਯੋਗ ਅਤੇ ਵਪਾਰ ਵਿਭਾਗ ਦੇ ਕਮਿਸ਼ਨਰ ਅਤੇ ਸਕੱਤਰ ਡਾ. ਅਮਿਤ ਕੁਮਾਰ ਅਗਰਵਾਲ, ਸੋਨੀਪਤ ਮਹਾਨਗਰੀ ਵਿਕਾਸ ਪ੍ਰਾਧਿਕਰਨ ਦੀ ਮੁੱਖ ਕਾਰਜਕਾਰੀ ਅਧਿਕਾਰੀ ਸ੍ਰੀਮਤੀ ਏ. ਮੋਨਾ ਸ਼੍ਰੀਨਿਵਾਸ, ਸਪਲਾਈ ਅਤੇ ਨਿਪਟਾਰਾ ਵਿਭਾਗ ਦੇ ਮਹਾਨਿਰਦੇਸ਼ਕ ਸ੍ਰੀ ਪੰਕਜ, ਹਰਿਆਣਾ ਰਾਜ ਉਦਯੋਗਿਕ ਅਤੇ ਅਵਸਰਚਨਾ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਡਾ. ਆਦਿਤਿਆ ਦਹੀਆ ਸਮੇਤ ਸੰਬੰਧਿਤ ਵਿਭਾਗਾਂ ਦੇ ਸੀਨੀਅਰ ਅਧਿਕਾਰੀ ਹਾਜ਼ਰ ਰਹੇ।














