1000 ਰੁਪਏ ਸਕੀਮ ‘ਚ ਵੱਡਾ ਘਪਲਾ, ਆਂਗਣਵਾੜੀ ਵਰਕਰ ਫਰਾਰ

23

ਖਡੂਰ ਸਾਹਿਬ 18 July 2026 AJ DI Awaaj

Punjab Desk :  ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਸਤਿਕਾਰ ਯੋਜਨਾ ਤਹਿਤ ਔਰਤਾਂ ਨੂੰ ਮਿਲਣ ਵਾਲੀ ਵਿੱਤੀ ਸਹਾਇਤਾ ਦੇ ਰਜਿਸਟ੍ਰੇਸ਼ਨ ਦੌਰਾਨ ਕਥਿਤ ਧੋਖਾਧੜੀ ਦਾ ਮਾਮਲਾ ਸਾਹਮਣੇ ਆਇਆ ਹੈ। ਤਰਨਤਾਰਨ ਜ਼ਿਲ੍ਹੇ ਵਿੱਚ ਇੱਕੋ ਬੈਂਕ ਖਾਤੇ ਨੂੰ 62 ਮਹਿਲਾਵਾਂ ਦੀਆਂ ਅਰਜ਼ੀਆਂ ਨਾਲ ਜੋੜੇ ਜਾਣ ਦਾ ਖੁਲਾਸਾ ਹੋਇਆ ਹੈ।

ਮਾਮਲਾ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਪਿੰਡ ਭੈਲ ਢਾਏਵਾਲਾ ਦਾ ਹੈ, ਜਿੱਥੇ ਆਂਗਣਵਾੜੀ ਵਰਕਰ ਜਤਿੰਦਰ ਕੌਰ ਦੀ ਡਿਊਟੀ ਰਜਿਸਟ੍ਰੇਸ਼ਨ ਲਈ ਲੱਗੀ ਹੋਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਉਸ ਨੇ ਆਪਣਾ ਲਾਗਇਨ ਪਾਸਵਰਡ ਆਪਣੇ ਪੁੱਤਰ ਗੁਰਬਾਜ ਸਿੰਘ ਨਾਲ ਸਾਂਝਾ ਕੀਤਾ ਸੀ।

ਦੋਸ਼ ਹੈ ਕਿ ਗੁਰਬਾਜ ਸਿੰਘ ਨੇ ਘਰ-ਘਰ ਜਾ ਕੇ ਔਰਤਾਂ ਦੀਆਂ ਆਨਲਾਈਨ ਅਰਜ਼ੀਆਂ ਭਰੀਆਂ ਅਤੇ 62 ਲਾਭਪਾਤਰੀਆਂ ਦੇ ਪ੍ਰੋਫਾਈਲਾਂ ਨਾਲ ਆਪਣਾ ਨਿੱਜੀ ਬੈਂਕ ਖਾਤਾ ਨੰਬਰ ਜੋੜ ਦਿੱਤਾ, ਤਾਂ ਜੋ ਯੋਜਨਾ ਦੀ ਰਾਸ਼ੀ ਉਸ ਦੇ ਖਾਤੇ ਵਿੱਚ ਆ ਸਕੇ।

ਇਹ ਗੜਬੜੀ ਆਨਲਾਈਨ ਅਰਜ਼ੀਆਂ ਦੀ ਪੜਤਾਲ ਦੌਰਾਨ ਸਾਹਮਣੇ ਆਈ। ਅਧਿਕਾਰੀਆਂ ਨੇ ਸਮੇਂ ਸਿਰ ਮਾਮਲੇ ਦਾ ਪਤਾ ਲਗਾ ਕੇ ਭੁਗਤਾਨ ਰੋਕ ਦਿੱਤਾ, ਜਿਸ ਕਾਰਨ ਕੋਈ ਵੀ ਸਰਕਾਰੀ ਰਾਸ਼ੀ ਜਾਰੀ ਨਹੀਂ ਹੋਈ।

ਚੋਹਲਾ ਸਾਹਿਬ ਦੀ ਚਾਈਲਡ ਡਿਵੈਲਪਮੈਂਟ ਪ੍ਰੋਜੈਕਟ ਅਫ਼ਸਰ (CDPO) ਨਵੇਕਤਾ ਕੁਵਰਾ ਦੀ ਸ਼ਿਕਾਇਤ ‘ਤੇ ਗੋਇੰਦਵਾਲ ਸਾਹਿਬ ਪੁਲਿਸ ਨੇ ਜਤਿੰਦਰ ਕੌਰ ਅਤੇ ਉਸ ਦੇ ਪੁੱਤਰ ਗੁਰਬਾਜ ਸਿੰਘ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਦੋਵੇਂ ਇਸ ਵੇਲੇ ਫਰਾਰ ਦੱਸੇ ਜਾ ਰਹੇ ਹਨ।