ਚੰਡੀਗੜ੍ਹ: 10 Sep 2026 AJ DI Awaaj
Chandigarh Desk : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਫਿਲਮ ‘ਯਾਰੀਆਂ 2’ ਨਾਲ ਜੁੜੇ ਕਿਰਪਾਨ ਵਿਵਾਦ ਵਿੱਚ ਫਿਲਮ ਦੀ ਟੀਮ ਨੂੰ ਵੱਡੀ ਰਾਹਤ ਦਿੱਤੀ ਹੈ। ਅਦਾਲਤ ਨੇ ਫਿਲਮ ਦੇ ਪ੍ਰੋਡਿਊਸਰ ਭੂਸ਼ਣ ਕੁਮਾਰ, ਡਾਇਰੈਕਟਰ ਰਾਧਿਕਾ ਰਾਓ ਅਤੇ ਵਿਨੈ ਸਪਰੂ ਅਤੇ ਅਦਾਕਾਰ ਮੀਜ਼ਾਨ ਜਾਫ਼ਰੀ ਖ਼ਿਲਾਫ਼ ਜਲੰਧਰ ਵਿੱਚ ਦਰਜ FIR ਰੱਦ ਕਰ ਦਿੱਤੀ ਹੈ।
ਜਸਟਿਸ ਸ਼ਾਲਿਨੀ ਸਿੰਘ ਨਾਗਪਾਲ ਨੇ ਜਲੰਧਰ ਦੇ ਥਾਣਾ ਡਿਵੀਜ਼ਨ ਨੰਬਰ 4 ਵਿੱਚ ਦਰਜ FIR ਨੰਬਰ 85 ਅਤੇ ਇਸ ਨਾਲ ਸਬੰਧਤ ਅਗਲੀਆਂ ਸਾਰੀਆਂ ਕਾਰਵਾਈਆਂ ਨੂੰ ਖ਼ਤਮ ਕਰਨ ਦੇ ਹੁਕਮ ਦਿੱਤੇ।
ਕੀ ਸੀ ਪੂਰਾ ਵਿਵਾਦ?
ਇਹ ਮਾਮਲਾ 2023 ਵਿੱਚ ਫਿਲਮ ਦੇ ਗੀਤ ‘ਸਹੁਰੇ ਘਰ’ ਦੇ ਰਿਲੀਜ਼ ਹੋਣ ਤੋਂ ਬਾਅਦ ਸਾਹਮਣੇ ਆਇਆ ਸੀ। ਗੀਤ ਵਿੱਚ ਅਦਾਕਾਰ ਮੀਜ਼ਾਨ ਜਾਫ਼ਰੀ ਨੂੰ ਬਿਨਾਂ ਪੱਗ ਦੇ ਕਿਰਪਾਨ ਪਹਿਨੇ ਦਿਖਾਇਆ ਗਿਆ ਸੀ। ਇਸ ਪੇਸ਼ਕਾਰੀ ’ਤੇ ਇਤਰਾਜ਼ ਜਤਾਉਂਦਿਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਦੋਸ਼ ਹੇਠ IPC ਦੀ ਧਾਰਾ 295-A ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਫਿਲਮ ਮੇਕਰਸ ਨੇ ਹਾਈਕੋਰਟ ਵਿੱਚ ਦਲੀਲ ਦਿੱਤੀ ਕਿ ਸਿੱਖ ਧਾਰਮਿਕ ਰੀਤਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਾਰਨ ਇਹ ਪੇਸ਼ਕਾਰੀ ਅਣਜਾਣੇ ਵਿੱਚ ਹੋਈ ਸੀ। ਵਿਵਾਦ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਨੇ ਮੁਆਫ਼ੀ ਮੰਗਦਿਆਂ ਵਿਵਾਦਿਤ ਦ੍ਰਿਸ਼ ਵੀ ਹਟਾ ਦਿੱਤੇ ਸਨ।
ਹਾਈਕੋਰਟ ਨੇ ਕੀ ਕਿਹਾ?
ਹਾਈਕੋਰਟ ਨੇ ਕਿਹਾ ਕਿ IPC ਦੀ ਧਾਰਾ 295-A ਤਹਿਤ ਅਪਰਾਧ ਸਾਬਤ ਕਰਨ ਲਈ ਧਾਰਮਿਕ ਭਾਵਨਾਵਾਂ ਨੂੰ ਜਾਣਬੁੱਝ ਕੇ ਅਤੇ ਬਦਨੀਤੀ ਨਾਲ ਭੜਕਾਉਣ ਦਾ ਇਰਾਦਾ ਹੋਣਾ ਜ਼ਰੂਰੀ ਹੈ। ਅਦਾਲਤ ਮੁਤਾਬਕ ਇਸ ਮਾਮਲੇ ਵਿੱਚ ਅਜਿਹਾ ਕੋਈ ਇਰਾਦਾ ਸਾਹਮਣੇ ਨਹੀਂ ਆਇਆ।
ਅਦਾਲਤ ਨੇ ਇਹ ਵੀ ਕਿਹਾ ਕਿ ਫਿਲਮ ਵਿੱਚ ਹੋਈ ਅਣਜਾਣੇ ਵਿੱਚ ਪੇਸ਼ਕਾਰੀ ਨੂੰ ਜਾਣਬੁੱਝ ਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲੀ ਕਾਰਵਾਈ ਨਹੀਂ ਮੰਨਿਆ ਜਾ ਸਕਦਾ। ਨਾਲ ਹੀ, ਇੱਕ ਵਿਅਕਤੀ ਦੀ ਨਾਰਾਜ਼ਗੀ ਨੂੰ ਪੂਰੇ ਧਾਰਮਿਕ ਭਾਈਚਾਰੇ ਦੀ ਭਾਵਨਾ ਨਹੀਂ ਮੰਨਿਆ ਜਾ ਸਕਦਾ।
2023 ਵਿੱਚ ਦਰਜ ਹੋਈ ਸੀ FIR
ਇਸ ਮਾਮਲੇ ਵਿੱਚ ਹਰਪ੍ਰੀਤ ਸਿੰਘ ਉਰਫ਼ ਨੀਤੂ ਦੀ ਸ਼ਿਕਾਇਤ ’ਤੇ 30 ਅਗਸਤ 2023 ਨੂੰ FIR ਦਰਜ ਕੀਤੀ ਗਈ ਸੀ। ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਸੀ ਕਿ ਗੀਤ ਵਿੱਚ ਕਿਰਪਾਨ ਦੀ ਪੇਸ਼ਕਾਰੀ ਨਾਲ ਉਨ੍ਹਾਂ ਅਤੇ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ।
ਇਸ ਮਾਮਲੇ ’ਤੇ SGPC ਵੱਲੋਂ ਵੀ ਇਤਰਾਜ਼ ਜਤਾਇਆ ਗਿਆ ਸੀ ਅਤੇ ਵਿਵਾਦਿਤ ਦ੍ਰਿਸ਼ਾਂ ਨੂੰ ਲੈ ਕੇ ਕਾਰਵਾਈ ਦੀ ਮੰਗ ਕੀਤੀ ਗਈ ਸੀ। ਹੁਣ ਹਾਈਕੋਰਟ ਦੇ ਫੈਸਲੇ ਨਾਲ ‘ਯਾਰੀਆਂ 2’ ਦੀ ਟੀਮ ਖ਼ਿਲਾਫ਼ ਦਰਜ ਇਹ ਮਾਮਲਾ ਖ਼ਤਮ ਹੋ ਗਿਆ ਹੈ।



















