GMADA ਮਾਮਲੇ ’ਚ ED ਦੀ ਵੱਡੀ ਕਾਰਵਾਈ

20

ਚੰਡੀਗੜ੍ਹ: 23  Sep 2026 AJ DI Awaaj

Chandigarh Desk :   GMADA ਨਾਲ ਜੁੜੀ ਕਥਿਤ ਵਿੱਤੀ ਬੇਨਿਯਮੀਆਂ ਅਤੇ ਮਨੀ ਲਾਂਡਰਿੰਗ ਦੀ ਜਾਂਚ ਨੂੰ ਲੈ ਕੇ ਇਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਪੰਜਾਬ ਸਮੇਤ ਕਈ ਥਾਵਾਂ ’ਤੇ ਤਲਾਸ਼ੀ ਮੁਹਿੰਮ ਚਲਾਈ। ED ਦੀਆਂ ਟੀਮਾਂ ਨੇ ਚੰਡੀਗੜ੍ਹ, ਮੋਹਾਲੀ, ਲੁਧਿਆਣਾ, ਪੰਚਕੂਲਾ ਅਤੇ ਦਿੱਲੀ ਵਿੱਚ ਕਈ ਟਿਕਾਣਿਆਂ ’ਤੇ ਕਾਰਵਾਈ ਕੀਤੀ।

ਰਿਪੋਰਟਾਂ ਮੁਤਾਬਕ, ਜਾਂਚ ਦਾ ਕੇਂਦਰ GMADA ਨਾਲ ਜੁੜੇ ਜ਼ਮੀਨੀ ਸੌਦਿਆਂ, ਨਿਲਾਮੀਆਂ, ਬਿਲਡਰਾਂ ਤੋਂ ਵਸੂਲੇ ਜਾਣ ਵਾਲੇ ਚਾਰਜਾਂ ਅਤੇ ਕਥਿਤ ਵਿੱਤੀ ਲੈਣ-ਦੇਣ ’ਤੇ ਹੈ। ED ਵੱਲੋਂ ਸਬੰਧਤ ਦਸਤਾਵੇਜ਼ਾਂ ਅਤੇ ਰਿਕਾਰਡ ਦੀ ਜਾਂਚ ਕੀਤੀ ਜਾ ਰਹੀ ਹੈ।

ਇਸ ਕਾਰਵਾਈ ਦੌਰਾਨ GMADA ਦਫ਼ਤਰ ਤੋਂ ਇਲਾਵਾ ਪੰਜਾਬ ਦੇ ਹਾਊਸਿੰਗ ਅਤੇ ਅਰਬਨ ਡਿਵੈਲਪਮੈਂਟ ਵਿਭਾਗ ਦੇ ਪ੍ਰਿੰਸੀਪਲ ਸਕੱਤਰ IAS ਅਧਿਕਾਰੀ ਵਿਕਾਸ ਗਰਗ ਨਾਲ ਜੁੜੇ ਦਫ਼ਤਰ ਦੀ ਵੀ ਤਲਾਸ਼ੀ ਲਏ ਜਾਣ ਦੀ ਜਾਣਕਾਰੀ ਹੈ। ਇਸ ਤੋਂ ਇਲਾਵਾ ਸਾਬਕਾ GMADA ਚੀਫ਼ ਐਡਮਿਨਿਸਟ੍ਰੇਟਰ IAS ਅਧਿਕਾਰੀ ਰਾਜੀਵ ਗੁਪਤਾ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ’ਤੇ ਵੀ ED ਦੀ ਕਾਰਵਾਈ ਹੋਣ ਦੀ ਰਿਪੋਰਟ ਹੈ।

ਜਾਂਚ ਦੌਰਾਨ ਅਧਿਕਾਰੀਆਂ ਵੱਲੋਂ ਜ਼ਮੀਨ ਨਾਲ ਸਬੰਧਤ ਰਿਕਾਰਡ, ਜਾਇਦਾਦੀ ਲੈਣ-ਦੇਣ ਅਤੇ GMADA ਤੇ ਨਿੱਜੀ ਡਿਵੈਲਪਰਾਂ ਵਿਚਾਲੇ ਹੋਏ ਸੌਦਿਆਂ ਨਾਲ ਜੁੜੀ ਜਾਣਕਾਰੀ ਖੰਗਾਲੀ ਜਾ ਰਹੀ ਹੈ। ਕੁਝ ਬਿਲਡਰ ਕੰਪਨੀਆਂ ਅਤੇ ਉਨ੍ਹਾਂ ਨਾਲ ਜੁੜੇ ਵਿਅਕਤੀ ਵੀ ਜਾਂਚ ਦੇ ਘੇਰੇ ਵਿੱਚ ਦੱਸੇ ਜਾ ਰਹੇ ਹਨ।

ਹਾਲਾਂਕਿ, ED ਵੱਲੋਂ ਇਸ ਕਾਰਵਾਈ ਦੌਰਾਨ ਕੀਤੀ ਗਈ ਬਰਾਮਦਗੀ ਜਾਂ ਕਿਸੇ ਗ੍ਰਿਫ਼ਤਾਰੀ ਸਬੰਧੀ ਵਿਸਥਾਰਤ ਅਧਿਕਾਰਤ ਜਾਣਕਾਰੀ ਹਾਲੇ ਸਾਹਮਣੇ ਨਹੀਂ ਆਈ। ਮਾਮਲੇ ਦੀ ਜਾਂਚ ਜਾਰੀ ਹੈ ਅਤੇ ਅਗਲੀ ਕਾਰਵਾਈ ਬਾਰੇ ED ਦੀ ਅਧਿਕਾਰਤ ਜਾਣਕਾਰੀ ਦੀ ਉਡੀਕ ਹੈ।