ਫ਼ਿਰੋਜ਼ਪੁਰ 25 Aug 2026 AJ DI Awaaj
Punjab Desk : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਰਹੂਮ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਰਜੀਤ ਸਿੰਘ ਤੂਤ ਦੇ ਪਰਿਵਾਰ ਨਾਲ ਮੁਲਾਕਾਤ ਕਰਕੇ ਵੱਡੇ ਐਲਾਨ ਕੀਤੇ। ਮੁੱਖ ਮੰਤਰੀ ਨੇ ਤੂਤ ਦੀ ਪਤਨੀ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਦੇ ਜੱਦੀ ਪਿੰਡ ਤੂਤ, ਜ਼ਿਲ੍ਹਾ ਫ਼ਿਰੋਜ਼ਪੁਰ ਵਿੱਚ ਆਧੁਨਿਕ ਖੇਡ ਸਟੇਡੀਅਮ ਬਣਾਉਣ ਦੀ ਵੀ ਗੱਲ ਕਹੀ।
ਗੁਰਜੀਤ ਸਿੰਘ ਤੂਤ ਦਾ 11 ਅਗਸਤ 2026 ਨੂੰ 45 ਸਾਲ ਦੀ ਉਮਰ ਵਿੱਚ ਦਿ*ਹਾਂਤ ਹੋ ਗਿਆ ਸੀ। ਉਹ ਲੰਬੇ ਸਮੇਂ ਤੋਂ ਗੁਰਦੇ ਅਤੇ ਜਿਗਰ ਦੀ ਗੰਭੀਰ ਬਿਮਾਰੀ ਨਾਲ ਪੀੜਤ ਸਨ। ਕਰੀਬ 6.5 ਫੁੱਟ ਕੱਦ ਅਤੇ ਸ਼ਾਨਦਾਰ ਖੇਡ ਪ੍ਰਦਰਸ਼ਨ ਕਾਰਨ ਉਨ੍ਹਾਂ ਨੂੰ ਕਬੱਡੀ ਜਗਤ ਵਿੱਚ ‘ਕਬੱਡੀ ਦਾ ਬੁਰਜ ਖ਼ਲੀਫ਼ਾ’ ਕਿਹਾ ਜਾਂਦਾ ਸੀ।
ਤੂਤ ਨੇ 2005 ਵਿੱਚ ਇੰਗਲੈਂਡ ਅਤੇ 2007 ਵਿੱਚ ਟੋਰਾਂਟੋ ਵਿਖੇ ਕੈਨੇਡਾ ਕੱਪ ਵਿੱਚ ਸਰਵੋਤਮ ਰੇਡਰ ਦਾ ਖ਼ਿਤਾਬ ਜਿੱਤਿਆ ਸੀ। ਆਪਣੇ ਕਰੀਅਰ ਦੌਰਾਨ ਉਨ੍ਹਾਂ ਨੇ ਚਾਰ ਟਰੈਕਟਰ, ਪੰਜ ਬੁਲੇਟ ਮੋਟਰਸਾਈਕਲ ਅਤੇ ਕਈ ਚੰਗੀ ਨਸਲ ਦੇ ਘੋੜੇ ਵੀ ਇਨਾਮ ਵਜੋਂ ਜਿੱਤੇ।
ਅਰਜਨ ਢਿੱਲੋਂ ਨੇ ਵੀ ਕੀਤੀ ਪਰਿਵਾਰ ਦੀ ਮਦਦ
ਗਾਇਕ ਅਰਜਨ ਢਿੱਲੋਂ ਨੇ ਵੀ ਮਰਹੂਮ ਕਬੱਡੀ ਖਿਡਾਰੀ ਦੇ ਪਰਿਵਾਰ ਦੀ ਆਰਥਿਕ ਮਦਦ ਲਈ 5.5 ਲੱਖ ਰੁਪਏ ਦਿੱਤੇ। ਉਨ੍ਹਾਂ ਨੇ ਤੂਤ ਦੀ ਧੀ ਦੇ ਨਾਮ ‘ਤੇ 5 ਲੱਖ ਰੁਪਏ ਦੀ ਐੱਫ.ਡੀ. ਕਰਵਾਈ ਅਤੇ 50 ਹਜ਼ਾਰ ਰੁਪਏ ਨਕਦ ਪਰਿਵਾਰ ਨੂੰ ਦਿੱਤੇ।
ਇਸ ਤੋਂ ਇਲਾਵਾ ਅਰਜਨ ਢਿੱਲੋਂ ਨੇ ਪਰਿਵਾਰ ਦੇ ਨਵੇਂ ਘਰ ਦੀ ਉਸਾਰੀ ਲਈ ਵੀ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਅਤੇ ਪਰਿਵਾਰ ਨਾਲ ਹਮੇਸ਼ਾ ਖੜ੍ਹੇ ਰਹਿਣ ਦੀ ਗੱਲ ਕਹੀ।



















