ਮਾਲੇਰਕੋਟਲਾ, 13 ਅਕਤੂਬਰ 2025 AJ DI Awaaj
Punjab Desk : ਪੰਜਾਬ ਸਟੇਟ ਫੂਡ ਕਮਿਸ਼ਨ ਦੇ ਮੈਂਬਰ ਜਸਵੀਰ ਸਿੰਘ ਸੇਖੋਂ ਨੇ ਅੱਜ ਮਾਲੇਰਕੋਟਲਾ ਜ਼ਿਲ੍ਹੇ ਦਾ ਦੌਰਾ ਕਰਦਿਆਂ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮਹੱਤਵਪੂਰਨ ਬੈਠਕ ਕੀਤੀ। ਇਸ ਦੌਰਾਨ ਉਨ੍ਹਾਂ ਰਾਸ਼ਨ ਵੰਡ ਪ੍ਰਕਿਰਿਆ, ਮਿਡ ਡੇ ਮੀਲ ਸਕੀਮ ਅਤੇ ਖਾਣੇ ਦੀ ਸਟੋਰੇਜ ਸਿਸਟਮ ਦੀ ਵਿਸਥਾਰ ਨਾਲ ਸਮੀਖਿਆ ਕੀਤੀ ਅਤੇ ਆਮ ਜਨਤਾ ਤੱਕ ਸਰਕਾਰੀ ਸਕੀਮਾਂ ਦੇ ਲਾਭ ਪੁਜਦਾ ਕਰਨ ਨੂੰ ਯਕੀਨੀ ਬਣਾਉਣ ਲਈ ਸਪੱਸ਼ਟ ਨਿਰਦੇਸ਼ ਜਾਰੀ ਕੀਤੇ।
ਸੇਖੋਂ ਨੇ ਹੁਕਮ ਦਿੱਤਾ ਕਿ ਜ਼ਿਲ੍ਹੇ ਦੇ ਸਾਰੇ ਸਕੂਲਾਂ, ਆਂਗਣਵਾੜੀ ਕੇਂਦਰਾਂ ਅਤੇ ਰਾਸ਼ਨ ਡਿਪੂਆਂ ਦੇ ਬਾਹਰ ਪੰਜਾਬ ਸਟੇਟ ਫੂਡ ਕਮਿਸ਼ਨ ਦਾ ਹੈਲਪਲਾਈਨ ਨੰਬਰ ਅਤੇ ਸੰਪਰਕ ਵੇਰਵੇ ਸਪੱਸ਼ਟ ਤੌਰ ‘ਤੇ ਲਿਖੇ ਜਾਣ, ਤਾਂ ਜੋ ਲੋਕ ਆਪਣੀਆਂ ਸ਼ਿਕਾਇਤਾਂ ਸਿੱਧਾ ਕਮਿਸ਼ਨ ਤੱਕ ਪਹੁੰਚਾ ਸਕਣ। ਉਨ੍ਹਾਂ ਦੱਸਿਆ ਕਿ ਜਨਤਾ ਵੈਬਸਾਈਟ https://psfc.punjab.gov.in ਜਾਂ ਈਮੇਲ punjabfoodcommission@gmail.com ਰਾਹੀਂ ਆਪਣੀ ਸ਼ਿਕਾਇਤ ਦਰਜ ਕਰ ਸਕਦੀ ਹੈ। ਇਸ ਤੋਂ ਇਲਾਵਾ, ਹੈਲਪਲਾਈਨ ਨੰਬਰ 98767-64545 ਉੱਤੇ ਵੀ ਸੰਪਰਕ ਕੀਤਾ ਜਾ ਸਕਦਾ ਹੈ।
ਸੇਖੋਂ ਨੇ ਕਿਹਾ ਕਿ ਨੈਸ਼ਨਲ ਫੂਡ ਸਕਿਊਰਿਟੀ ਐਕਟ–2013 ਅਤੇ ਪੰਜਾਬ ਫੂਡ ਸਕਿਊਰਿਟੀ ਰੂਲਜ਼–2016 ਨੂੰ ਪੂਰੀ ਤਰ੍ਹਾਂ ਲਾਗੂ ਕਰਨਾ ਪ੍ਰਸ਼ਾਸਨ ਦੀ ਜਿੰਮੇਵਾਰੀ ਹੈ ਅਤੇ ਇਸ ਤਹਿਤ ਹਰ ਲਾਭਪਾਤਰੀ ਤੱਕ ਸਹੀ ਸਮੇਂ ਸੇਵਾ ਪਹੁੰਚੇ ਇਹ ਯਕੀਨੀ ਬਣਾਇਆ ਜਾਵੇ।
ਉਨ੍ਹਾਂ ਜ਼ਿਲ੍ਹਾ ਫੂਡ ਸਪਲਾਈ ਕੰਟਰੋਲਰ ਨੂੰ ਹੁਕਮ ਦਿੱਤਾ ਕਿ ਸਮੂਹ ਰਾਸ਼ਨ ਡਿਪੂਆਂ ‘ਤੇ ਸਪੱਸ਼ਟ ਬੋਰਡ ਅਤੇ ਹੈਲਪਲਾਈਨ ਨੰਬਰ ਲਗਾਏ ਜਾਣ। ਇਸ ਤੋਂ ਇਲਾਵਾ ਸਿਹਤ ਵਿਭਾਗ ਨੂੰ ਦੁੱਧ ਅਤੇ ਦੁੱਧ ਉਤਪਾਦਾਂ ਦੀ ਲਗਾਤਾਰ ਜਾਂਚ ਕਰਨ ਅਤੇ ਸਕੂਲਾਂ, ਆਂਗਣਵਾੜੀ ਕੇਂਦਰਾਂ ਵਿੱਚ ਕੂਕਾਂ ਤੇ ਹੈਲਪਰਾਂ ਦੀ ਮੈਡੀਕਲ ਸਕਰੀਨਿੰਗ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
ਸੇਖੋਂ ਨੇ ਸਕੂਲ ਰਾਜਿੰਦਰ ਨਗਰ ਵਿੱਚ ਮਿਡ ਡੇ ਮੀਲ ਦੀ ਤਿਆਰੀ ਅਤੇ ਸਟੋਰੇਜ ਦਾ ਜਾਇਜ਼ਾ ਲਿਆ ਅਤੇ ਖਾਣੇ ਦੀ ਗੁਣਵੱਤਾ ‘ਤੇ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਦੌਰਾਨ ਬਰਸਾਤੀ ਮੌਸਮ ਵਿੱਚ ਰਾਸ਼ਨ ਸਟੋਰੇਜ ਸਬੰਧੀ ਚੌਕਸੀ ਬਰਤਣ ਦੀ ਅਪੀਲ ਕਰਦਿਆਂ ਕਿਹਾ ਕਿ ਖਾਣੇ ਦੀ ਵਰਤੋਂ ਤੋਂ ਪਹਿਲਾਂ ਉਸ ਦੀ ਸਾਫ–ਸਫਾਈ ਅਤੇ ਧੁੱਪ ਲਗਾਉਣ ਦੀ ਪ੍ਰਕਿਰਿਆ ਵਿਸੇ਼ਸ ਤੌਰ ਤੇ ਕੀਤੀ ਜਾਵੇ।
ਇਸ ਉਪਰੰਤ ਉਨ੍ਹਾਂ ਸਰਕਾਰੀ ਪ੍ਰਾਇਮਰੀ ਸਕੂਲ ਰਾਜਿੰਦਰ ਨਗਰ, ਆਂਗਣਵਾੜੀ ਕੇਂਦਰ ਰਾਜਿੰਦਰ ਨਗਰ ਅਤੇ ਗੁਆਰਾ ਦੀ ਵੀ ਅਚਨਚੇਤ ਚੈਕਿੰਗ ਕੀਤੀ । ਉਨ੍ਹਾਂ ਨਿਰਦੇਸ਼ ਦਿੱਤੇ ਕਿ ਮਿਡ ਡੇ ਮੀਲ ਬਣਾਉਣ ਵਾਲੇ ਕੁੱਕ ਸਿਰ ਢੱਕ ਕੇ ਅਤੇ ਹੱਥ ਧੋ ਕੇ ਖਾਣਾ ਬਣਾਉਣ, ਨਾਲ ਹੀ ਉਨ੍ਹਾਂ ਦੀ ਡਾਕਟਰੀ ਜਾਂਚ ਲਾਜ਼ਮੀ ਤੌਰ ‘ਤੇ ਹੋਵੇ। ਉਨ੍ਹਾਂ ਕਿਹਾ ਕਿ ਅਜਿਹੀਆਂ ਮੀਟਿੰਗਾਂ ਅਤੇ ਮੌਕੇ ‘ਤੇ ਚੈਕਿੰਗ ਭਵਿੱਖ ਵਿੱਚ ਵੀ ਲਗਾਤਾਰ ਕੀਤੀਆਂ ਜਾਣਗੀਆਂ ਤਾਂ ਜੋ ਕਿਸੇ ਵੀ ਪੱਧਰ ‘ਤੇ ਐਕਟ ਦੀ ਉਲੰਘਣਾ ਨਾ ਹੋ ਸਕੇ।
ਸੇਖੋਂ ਨੇ ਅਖੀਰ ‘ਚ ਕਿਹਾ ਕਿ ਪੰਜਾਬ ਸਟੇਟ ਫੂਡ ਕਮਿਸ਼ਨ ਆਮ ਜਨਤਾ ਨੂੰ ਵਧੀਆ ਤੇ ਪਾਰਦਰਸ਼ੀ ਸੇਵਾਵਾਂ ਦੇਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਰਿੰਪੀ ਗਰਗ, ਜ਼ਿਲ੍ਹਾ ਪ੍ਰੋਗਰਾਮ ਅਫਸਰ ਰਤਿੰਦਰਪਾਲ ਕੌਰ, ਡੀ.ਆਈ.ਓ ਡਾਕਟਰ ਰਾਜਵੀਰ ਬੈਂਸ, ਬਾਲ ਵਿਕਾਸ ਪ੍ਰੋਜੈਕਟ ਅਫਸਰ ਪਵਨ ਕੁਮਾਰ ਤੇ ਪੁਰਨ ਪੰਕਜ ਸ਼ਰਮਾ, ਡੀ.ਈ.ਓ. (ਐਲੀਮੈਂਟਰੀ) ਕਰਨ ਕੁਮਾਰ, ਪ੍ਰਿੰਸੀਪਲ ਕਮਲੇਸ਼, ਏ.ਐਫ.ਐਸ.ਓ ਚਰਨ ਪਾਲ ਸਿੰਘ, ਸਹਾਇਕ ਕਮਿਸ਼ਨਰ ਫੂਡ ਸੇਫਟੀ ਰਾਖੀ ਵਿਨਾਇਕ, ਫੂਡ ਸੇਫਟੀ ਅਫ਼ਸਰ ਸੰਦੀਪ ਸਿੰਘ ਸੰਧੂ, ਡੀ.ਐਸ.ਈ. ਮੁਹੰਮਦ ਰਿਜਵਾਨ ਸਮੇਤ ਕਈ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।
