ਸ੍ਰੀ ਅਨੰਦਪੁਰ ਸਾਹਿਬ 22 ਨਵੰਬਰ 2025 AJ DI Awaaj
Punjab Desk : ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਸਮਾਗਮਾਂ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਸ਼ਰਧਾਲੂਆਂ ਲਈ ਪੰਜਾਬ ਸਰਕਾਰ ਨੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਵਿਆਪਕ ਪ੍ਰਬ਼ੰਧ ਕੀਤੇ ਹਨ।
ਇਹ ਜਾਣਕਾਰੀ ਮੀਡੀਆ ਸੈਂਟਰ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਸ੍ਰ.ਮਾਲਵਿੰਦਰ ਸਿੰਘ ਕੰਗ ਨੇ ਦਿੱਤੀ। ਉਨ੍ਹਾਂ ਨੇ ਦੱਸਿਆ ਕਿ ਸੰਗਤਾਂ ਦੀ ਸੁਵਿਧਾ ਅਤੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਹਰ ਪੱਧਰ ‘ਤੇ ਵਿਸਥਾਰਪੂਰਵਕ ਕਦਮ ਚੁੱਕੇ ਗਏ ਹਨ।
ਸੰਸਦ ਮੈਂਬਰ ਕੰਗ ਨੇ ਕਿਹਾ ਕਿ ਇਹ ਸਮਾਗਮ ਨਾ ਸਿਰਫ਼ ਸ੍ਰੀ ਅਨੰਦਪੁਰ ਸਾਹਿਬ ਲਈ, ਸਗੋਂ ਪੂਰੇ ਪੰਜਾਬ ਅਤੇ ਸਿੱਖ ਕੌਮ ਲਈ ਬੇਮਿਸਾਲ ਧਾਰਮਿਕ ਮਹੱਤਤਾ ਰੱਖਦਾ ਹੈ। ਇਸੇ ਮਹੱਤਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਟ੍ਰੈਫਿਕ ਪ੍ਰਬੰਧ, ਸੁਰੱਖਿਆ, ਰਹਿਣ-ਸਹਿਣ, ਪਾਰਕਿੰਗ, ਮੈਡੀਕਲ ਸਹੂਲਤਾਂ, ਅਤੇ ਆਵਾਜਾਈ ਲਈ ਕੀਤੇ ਪ੍ਰਬੰਧਾਂ ’ਤੇ ਖਾਸ ਧਿਆਨ ਦਿੱਤਾ ਜਾ ਰਿਹਾ ਹੈ। ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਕਿਸੇ ਵੀ ਕਿਸਮ ਦੀ ਅਸੁਵਿਧਾ ਨਾ ਆਵੇ, ਇਸ ਲਈ ਵਿਭਾਗਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਉਹਨਾਂ ਨੇ ਦੱਸਿਆ ਕਿ ਟ੍ਰੈਫਿਕ ਮੈਨੇਜਮੈਂਟ ਲਈ ਵੱਖ-ਵੱਖ ਸੈਕਟਰ ਬਣਾਏ ਗਏ ਹਨ ਤਾਂ ਜੋ ਵਾਹਨਾਂ ਦਾ ਆਵਾਜਾਈ ਸੁਚਾਰੂ ਰਹੇ। ਇਲਾਕੇ ਦੀਆਂ ਮੁੱਖ ਸੜਕਾਂ ਦੀ ਮੁਰੰਮਤ ਤੇ ਨਵੀਨੀਕਰਨ ਵੀ ਸਮੇਂ ਸਿਰ ਪੂਰਾ ਕੀਤਾ ਗਿਆ ਹੈ। ਹਰ ਇੱਕ ਪਾਰਕਿੰਗ ਸਾਈਟ ਨੂੰ ਸਮਰੱਥਾ ਅਨੁਸਾਰ ਤਿਆਰ ਕੀਤਾ ਗਿਆ ਹੈ ਤਾਂ ਜੋ ਵਾਹਨਾਂ ਦੀ ਵੱਡੀ ਗਿਣਤੀ ਨੂੰ ਆਸਾਨੀ ਨਾਲ ਸੰਭਾਲਿਆ ਜਾ ਸਕੇ। ਸੰਗਤਾਂ ਦੇ ਠਹਿਰਣ ਲਈ ਸਮਾਗਮ ਸਥਾਨਾ ਦੇ ਨੇੜੇ ਟੈਂਟ ਸਿਟੀਆ ਅਤੇ ਆਰਾਮ ਸਥਾਨ ਬਣਾਏ ਗਏ ਹਨ। ਸਾਫ਼ ਪੀਣ ਵਾਲੇ ਪਾਣੀ, ਲੰਗਰ ਵਿਵਸਥਾ ਅਤੇ ਸਿਹਤ ਸਹੂਲਤਾਂ ਲਈ ਵਾਧੂ ਡਿਊਟੀਆਂ ਲਗਾਈਆਂ ਗਈਆਂ ਹਨ। ਮੈਡੀਕਲ ਟੀਮਾਂ, ਐਂਬੂਲੈਂਸਾਂ ਅਤੇ ਐਮਰਜੈਂਸੀ ਯੂਨਿਟਾਂ ਨੂੰ ਵੀ ਵੱਖ-ਵੱਖ ਥਾਵਾਂ ‘ਤੇ ਤਾਇਨਾਤ ਕੀਤਾ ਗਿਆ ਹੈ।
ਸ. ਕੰਗ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਸੁਰੱਖਿਆ ਪ੍ਰਬੰਧਾਂ ਵਿੱਚ ਕੋਈ ਵੀ ਕਮੀ ਨਹੀਂ ਛੱਡੀ ਜਾ ਰਹੀ। ਪੁਲਿਸ ਅਤੇ ਸੁਰੱਖਿਆ ਬਲਾਂ ਨੂੰ 24 ਘੰਟੇ ਡਿਊਟੀ ਤੇ ਰੱਖਿਆ ਗਿਆ ਹੈ ਅਤੇ ਸੀਸੀਟੀਵੀ ਕੈਮਰੇ ਦੀ ਨਿਗਰਾਨੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈ। ਪ੍ਰਬੰਧਾਂ ਦੀ ਮੌਕੇ ’ਤੇ ਲਗਾਤਾਰ ਸਮੀਖਿਆ ਕਰਨ ਲਈ ਸੀਨੀਅਰ ਅਧਿਕਾਰੀ ਖੁਦ ਦੌਰੇ ਕਰ ਰਹੇ ਹਨ।
ਉਹਨਾਂ ਨੇ ਕਿਹਾ ਕਿ “ਪੰਜਾਬ ਸਰਕਾਰ ਅਤੇ ਸਾਰੇ ਅਧਿਕਾਰੀ ਇਹ ਯਕੀਨੀ ਬਣਾਉਣ ਲਈ ਪੂਰੀ ਤਰ੍ਹਾਂ ਤਤਪਰ ਹਨ ਕਿ ਹਰ ਆਉਣ ਵਾਲਾ ਸ਼ਰਧਾਲੂ ਸ਼ਾਂਤੀ ਅਤੇ ਸਹੂਲਤ ਨਾਲ ਦਰਸ਼ਨ ਕਰ ਸਕੇ। 350 ਸਾਲਾ ਸ਼ਹੀਦੀ ਸ਼ਤਾਬਦੀ ਇਤਿਹਾਸਕ ਪਲ ਹੈ ਅਤੇ ਇਸਨੂੰ ਸਫਲ ਬਣਾਉਣ ਲਈ ਕੋਈ ਕਸਰ ਨਹੀਂ ਛੱਡੀ ਜਾਵੇਗੀ।












