ਹੁਸ਼ਿਆਰਪੁਰ, 8 ਸਤੰਬਰ 2026 AJ DI Awaaj
Punjab Desk : ਡਾਇਰੈਕਟਰ, ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਰਹਿਨੁਮਾਈ ਹੇਠ ਪ੍ਰੋਜੈਕਟ ‘ਜੀਵਨਜੋਤ’ ਤਹਿਤ ਜਾਰੀ ਗਾਈਡਲਾਈਨਾਂ ਅਨੁਸਾਰ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਬਾਲ ਭਿਖਿਆ ਦੀ ਰੋਕਥਾਮ ਲਈ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਲੜੀ ਤਹਿਤ 5 ਅਤੇ 8 ਸਤੰਬਰ ਨੂੰ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਹਰਪ੍ਰੀਤ ਕੌਰ ਦੀ ਅਗਵਾਈ ਹੇਠ ਬਾਲ ਭਿਖਿਆ ਰੋਕੂ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵੱਲੋਂ ਵੱਖ-ਵੱਖ ਥਾਵਾਂ ’ਤੇ ਚੈਕਿੰਗ ਅਤੇ ਰੇਡ ਕੀਤੀ ਗਈ।
ਟਾਸਕ ਫੋਰਸ ਵੱਲੋਂ ਹੁਸ਼ਿਆਰਪੁਰ ਸ਼ਹਿਰ ਦੇ ਹਨੂਮਾਨ ਮੰਦਰ, ਸ਼ਨੀ ਮੰਦਰ, ਭੰਗੀ ਚੋਅ, ਫੂਡ ਸਟਰੀਟ ਅਤੇ ਦਸੂਹਾ ਦੇ ਮੇਨ ਬਾਜ਼ਾਰ ਤੇ ਬੱਸ ਸਟੈਂਡ ਵਿਖੇ ਚੈਕਿੰਗ ਕੀਤੀ ਗਈ। ਇਸ ਦੌਰਾਨ ਸ਼ਨੀ ਮੰਦਰ, ਹੁਸ਼ਿਆਰਪੁਰ ਤੋਂ ਇੱਕ ਬੱਚੇ ਅਤੇ ਸਬਜ਼ੀ ਮੰਡੀ, ਪੁਰਹੀਰਾਂ ਤੋਂ ਪੰਜ ਬੱਚਿਆਂ ਨੂੰ ਬਾਲ ਭਿਖਿਆ ਤੋਂ ਮੁਕਤ ਕਰਵਾਇਆ ਗਿਆ। ਇਨ੍ਹਾਂ ਸਾਰੇ ਬੱਚਿਆਂ ਨੂੰ ਬਾਲ ਭਲਾਈ ਕਮੇਟੀ ਦੇ ਸਾਹਮਣੇ ਪੇਸ਼ ਕੀਤਾ ਗਿਆ। ਕਮੇਟੀ ਵੱਲੋਂ ਬੱਚਿਆਂ ਦੀ ਕਾਊਂਸਲਿੰਗ ਕੀਤੀ ਗਈ ਅਤੇ ਉਨ੍ਹਾਂ ਦੀ ਭਲਾਈ ਤੇ ਸੁਰੱਖਿਆ ਨੂੰ ਮੁੱਖ ਰੱਖਦਿਆਂ ਬੱਚਿਆਂ ਨੂੰ ਚਿਲਡਰਨ ਹੋਮ ਵਿੱਚ ਦਾਖਲ ਕਰਵਾਉਣ ਦਾ ਫੈਸਲਾ ਲਿਆ ਗਿਆ।
ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਉਨ੍ਹਾਂ ਨੂੰ ਕੋਈ ਬੱਚਾ ਭੀਖ ਮੰਗਦਾ ਜਾਂ ਬਾਲ ਮਜ਼ਦੂਰੀ ਕਰਦਾ ਨਜ਼ਰ ਆਉਂਦਾ ਹੈ ਤਾਂ ਇਸ ਦੀ ਸੂਚਨਾ ਤੁਰੰਤ ਬਾਲ ਹੈਲਪਲਾਈਨ ਨੰਬਰ 1098 ’ਤੇ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਲੋਕਾਂ ਦੀ ਇੱਕ ਛੋਟੀ ਜਿਹੀ ਪਹਿਲ ਕਿਸੇ ਬੱਚੇ ਦੀ ਜ਼ਿੰਦਗੀ ਬਦਲ ਸਕਦੀ ਹੈ। ਉਨ੍ਹਾਂ ਦੱਸਿਆ ਕਿ 0 ਤੋਂ 18 ਸਾਲ ਤੱਕ ਦੇ ਬੱਚਿਆਂ ਲਈ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਅਤੇ ਸੇਵਾਵਾਂ ਸਬੰਧੀ ਜਾਣਕਾਰੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਹੁਸ਼ਿਆਰਪੁਰ ਜਾਂ ਬਾਲ ਹੈਲਪਲਾਈਨ 1098 ਤੋਂ ਪ੍ਰਾਪਤ ਕੀਤੀ ਜਾ ਸਕਦੀ ਹੈ।
ਉਨ੍ਹਾਂ ਸਪੱਸ਼ਟ ਕੀਤਾ ਕਿ ਬਾਲ ਭਿਖਿਆ ਵਿਰੁੱਧ ਅਜਿਹੀਆਂ ਚੈਕਿੰਗਾਂ ਪਹਿਲਾਂ ਵੀ ਕੀਤੀਆਂ ਜਾ ਰਹੀਆਂ ਹਨ ਅਤੇ ਇਹ ਕਾਰਵਾਈ ਭਵਿੱਖ ਵਿੱਚ ਵੀ ਲਗਾਤਾਰ ਜਾਰੀ ਰਹੇਗੀ। ਜੇਕਰ ਕੋਈ ਮਾਤਾ-ਪਿਤਾ ਆਪਣੇ ਬੱਚੇ ਤੋਂ ਭਿਖਿਆ ਮੰਗਵਾਉਂਦਾ ਪਾਇਆ ਗਿਆ ਤਾਂ ਉਸ ਵਿਰੁੱਧ ਵੀ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਬੱਚਿਆਂ ਦੀ ਸੁਰੱਖਿਆ, ਦੇਖਭਾਲ ਅਤੇ ਸੰਭਾਲ ਸਬੰਧੀ ਜ਼ਿਲ੍ਹਾ ਬਾਲ ਸੁਰੱਖਿਆ ਯੂਨਿਟ, ਰਾਮ ਕਲੋਨੀ ਕੈਂਪ, ਹੁਸ਼ਿਆਰਪੁਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਕਾਰਵਾਈ ਦੌਰਾਨ ਬਾਲ ਸੁਰੱਖਿਆ ਅਫ਼ਸਰ ਹੁਸ਼ਿਆਰਪੁਰ ਜੈਸਮੀਨ ਵਸ਼ਿਸ਼ਟ, ਲੀਗਲ ਅਫ਼ਸਰ ਸੁਖਜਿੰਦਰ ਸਿੰਘ, ਸੋਸ਼ਲ ਵਰਕਰ ਅਮਨ ਅਤੇ ਚਾਈਲਡ ਹੈਲਪਲਾਈਨ ਦੀ ਸੁਪਰਵਾਈਜ਼ਰ ਦੀਕਸ਼ਾ ਸਮੇਤ ਹੋਰ ਸਟਾਫ਼ ਮੌਜੂਦ ਸੀ। ਐਸ.ਐਚ.ਓ. ਸਿਟੀ ਗਗਨ ਸਿੰਘ ਵੱਲੋਂ ਦੋ ਪੁਲਿਸ ਅਧਿਕਾਰੀਆਂ ਨੂੰ ਵੀ ਟਾਸਕ ਫੋਰਸ ਦੀ ਟੀਮ ਨਾਲ ਤਾਇਨਾਤ ਕੀਤਾ ਗਿਆ।



















