ਸੇਫ ਸਕੂਲ ਵਾਹਨਾ ਪਾਲਿਸੀ ਤਹਿਤ ਸਕੂਲੀ ਬੱਸਾਂ ਦੀ ਚੈਕਿੰਗ

1

ਹੁਸ਼ਿਆਰਪੁਰ, 17 ਜੁਲਾਈ 2026 AJ DI Awaaj

Punjab Desk : ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਚਿਆਂ ਦੀ ਸੁਰੱਖਿਆ ਨੂੰ ਮੁੱਖ ਰੱਖਦੇ ਹੋਏ ਸਕੂਲ ਮੁਖੀ ਵੱਲੋ ਬੱਸਾਂ ਵਿਚ ਸਾਰੇ ਨਾਰਮਜ਼/ਸ਼ਰਤਾਂ ਦੀ ਪਾਲਣਾ ਕਰਨੀ ਅਤਿ ਜ਼ਰੂਰੀ ਹੈ। ਇਸ ਸਬੰਧੀ ਮਿਤੀ 166 ਅਤੇ 17 ਜੁਲਾਈ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮੀਸ਼ਨ ਵੱਲੋਂ ਜਾਰੀ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਦੇ ਹੁਕਮਾਂ ਅਨੁਸਾਰ ਸੇਫ ਸਕੂਲ ਵਾਹਨਾ ਪਲਿਸੀ ਤਹਿਤ ਬੱਸਾਂ ਚੈੱਕ ਕੀਤੀਆਂ ਗਈਆਂ। ਜ਼ਿਲ੍ਹਾ ਹੁਸ਼ਿਆਰਪੁਰ ਵਿਖੇ ਮਿਤੀ 16 ਅਤੇ 17 ਜੁਲਾਈ ਨੂੰ ਔਕਸਫੋਰਡ ਇੰਟਰਨੈਸ਼ਨਲ ਸਕੂਲ ਅੱਤੋਵਾਲ, ਬਲਿਸ ਪਬਲਿਕ ਸਕੂਲ ਅਤੇ ਨਵਯੁੱਗ ਮਾਡਲ ਅੱਤੋਵਾਲ ਅਤੇ ਦਿੱਲੀ ਇੰਟਰਨੈਸ਼ਨਲ ਸਕੂਲ ਚੱਬੇਵਾਲ ਵਿਖੇ ਸਕੂਲੀ ਬੱਸਾਂ ਦੀ ਚੈਕਿੰਗ ਕੀਤੀ ਗਈ। ਇਸ ਦੌਰਾਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਕੁੱਲ 29 ਸਕੂਲ ਬੱਸਾਂ ਚੈੱਕ ਕੀਤੀਆਂ ਗਈਆਂ ਅਤੇ 10 ਚਲਾਨ ਕੱਟੇ ਗਏ।

       ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਡਾ. ਹਰਪ੍ਰੀਤ ਕੌਰ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸ਼ਰਤਾਂ ਪੂਰੀਆਂ ਨਾ ਕਰਨ ਵਾਲੀਆਂ ਬੱਸਾਂ ਨਾਲ ਅਕਸਰ ਕੋਈ ਨਾ ਕੋਈ ਹਾਦਸਾ ਵਾਪਰਨ ਦਾ ਖਤਰਾ ਬਣਿਆ ਰਹਿੰਦਾ ਹੈ। ਉਨ੍ਹਾਂ ਦੱਸਿਆ ਕਿ ਇਸ ਮੁਹਿੰਮ ਨੂੰ ਪੂਰੇ ਜ਼ਿਲ੍ਹੇ ਵਿਚ ਲਗਾਤਾਰ ਚੱਲਾਇਆ ਜਾਵੇਗਾ। ਉਨ੍ਹਾਂ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਕਿ ਸਾਰੇ ਡਰਾਇਵਰਾਂ ਦਾ ਸਮੇਂ ਸਿਰ ਮੈਡੀਕਲ ਚੈੱਕਅੱਪ ਕਰਵਾਇਆ ਜਾਵੇ , ਸਾਰੀਆਂ ਬੱਸਾਂ ਦੇ ਡਰਾਈਵਰ ਅਤੇ ਅਟੈਂਡੈਂਟ ਆਪਣੀ ਯੂਨੀਫਾਰਮ ਜ਼ਰੂਰ ਪਾਉਣ, ਬੱਸਾਂ ਵਿਚ ਸਫਰ ਕਰਨ ਵਾਲੇ ਛੋਟੇ ਬੱਚਿਆਂ ਦਾ ਖਾਸ ਧਿਆਨ ਰੱਖਣ ਉਹਨਾਂ ਨੂੰ ਬੱਸ ਤੋਂ ਚੜ੍ਹਨ ਅਤੇ ਉਤਰਨ ਸਮੇਂ ਸਹੀ ਤਰੀਕੇ ਨਾਲ ਰੋਡ ਕਰਾਸ ਕਰਵਾਉਣ ਅਤੇ ਜਿਨ੍ਹਾਂ ਸਕੂਲੀ ਬੱਸਾਂ ਵਿਚ ਜੋ ਵੀ ਕਮੀਆਂ ਪਾਈਆਂ ਗਈਆਂ ਹਨ ਉਨ੍ਹਾਂ ਨੂੰ ਤੁਰੰਤ ਦੂਰ ਕੀਤਾ ਜਾਵੇ।

            ਇਸ ਮੌਕੇ ਸ਼ੋਸ਼ਲ ਵਰਕਰ ਗੁਰਜੋਤ ਸਿੰਘ, ਸੁਪਰਵਾਈਜ਼ਰ ਗੁਰਪ੍ਰੀਤ ਕੌਰ , ਕੇਸ ਵਰਕਰ ਜਸਵਿੰਦਰ ਸਿੰਘ , ਬਾਲ ਭਲਾਈ ਕਮੇਟੀ, ਹੁਸ਼ਿਆਰਪੁਰ ਤੋਂ ਚੇਅਰਪਰਸਨਰ ਹਰਜੀਤ ਕੌਰ , ਮੈਂਬਰ ਜਗਦੀਸ਼ ਮਿੱਤਰ , ਰਿਜ਼ਨਲ ਟਰਾਂਸਪੋਰਟ ਅਥਾਰਟੀ ਵਿਭਾਗ ਤੋਂ  ਕੁਲਦੀਪ ਸਿੰਘ , ਪੁਲਿਸ ਵਿਭਾਗ ਤੋਂ ਮਹੇਸ਼ ਪਾਲ, ਏ.ਐਸ.ਆਈ ਪਰਮਜੀਤ ਸਿੰਘ, ਮਨਪ੍ਰੀਤ ਮਨੀ ਅਤੇ ਸਮੂਹ ਟੀਮ ਹਾਜਰ ਸਨ। ਚੈਕਿੰਗ ਦੌਰਾਨ ਜਿਨ੍ਹਾਂ ਸਕੂਲੀ ਬੱਸਾਂ ਵਿਚ ਮਿਆਦ ਖਤਮ ਹੋ ਚੁੱਕੀਆਂ ਫਸਟ ਏਡ ਕਿੱਟਾਂ, ਬਿਨਾਂ ਲੇਡੀ ਅਟੈਂਡੈਂਟ, ਬਿਨ੍ਹਾਂ ਪਾਸਿੰਗ, ਸਪੀਡ ਗਵਰਨਰ ਦਾ ਨਾ ਹੋਣਾ, ਬੱਸ ਵਿਚ ਐਮਰਜੈਂਸੀ ਐਗਸਜ਼ਿਟ ਦਾ ਨਾ ਹੋਣਾ, ਬਿਨਾ ਅੱਗ ਬੁਝਾਊ ਯੰਤਰ, ਬਿਨ੍ਹਾਂ ਸੀ. ਸੀ. ਟੀ. ਵੀ. ਕੈਮਰਾ, ਬੱਸ ਵਿਚ ਸਿਟਿੰਗ ਕਪੈਸਿਟੀ ਦਾ ਵੱਧ ਹੋਣਾ, ਬਿਨ੍ਹਾਂ ਇੰਸ਼ੋਰੈਨਸ ਆਦਿ ਕਮੀਆਂ ਪਾਈਆਂ ਗਈਆਂ। ਸਮੂਹ ਟੀਮ ਵਲੋਂ ਵੱਖ-ਵੱਖ ਸਕੂਲਾਂ ਵਿੱਚ ਸੇਫ ਸਕੂਲ ਵਾਹਨ ਪਾਲਸੀ ਬਾਰੇ ਜਾਗਰੂਕਤਾ ਵੀ ਕੀਤੀ ਗਈ।