ਹਰਜੋਤ ਸਿੰਘ ਬੈਂਸ ਵੱਲੋਂ ਟੱਪਰੀਆਂ ਬਾਸ ਲਈ 10 ਲੱਖ ਦੀ ਗ੍ਰਾਂਟ

38
ਨੰਗਲ 16 ਜੂਨ 2026 AJ DI Awaaj
Punjab Desk : ਹਲਕਾ ਸ੍ਰੀ ਅਨੰਦਪੁਰ ਸਾਹਿਬ ਦੇ ਅਧੀਨ ਆਉਂਦੇ ਪਿੰਡ ਟੱਪਰੀਆਂ ਬਾਸ ਵਿੱਚ ਵਿਕਾਸੀ ਕਾਰਜਾਂ ਨੂੰ ਨਵੀਂ ਰਫ਼ਤਾਰ ਮਿਲੀ ਹੈ। ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਪਿੰਡ ਲਈ 10 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਗਈ ਹੈ, ਜੋ ਕਿ ਕਮਿਊਨਿਟੀ ਸੈਂਟਰ ਦੇ ਨਿਰਮਾਣ ਲਈ ਪਹਿਲੀ ਕਿਸ਼ਤ ਵਜੋਂ ਦਿੱਤੀ ਗਈ ਹੈ। ਇਸ ਗੱਲ ਦੀ ਜਾਣਕਾਰੀ ਖੱਤਰੀ ਅਰੋੜਾ ਵੈਲਫੇਅਰ ਬੋਰਡ ਦੇ ਚੇਅਰਮੈਨ ਦੀਪਕ ਸੋਨੀ ਸਪੁੱਤਰ ਸ੍ਰੀਮਤੀ ਨੀਲਮ ਸੋਨੀ ਸਰਪੰਚ ਟੱਪਰੀਆਂ ਬਾਸ ਨੇ ਦਿੱਤੀ।
ਚੇਅਰਮੈਨ ਦੀਪਕ ਸੋਨੀ ਨੇ ਦੱਸਿਆ ਕਿ ਪਿੰਡ ਵਿੱਚ ਕਮਿਊਨਿਟੀ ਸੈਂਟਰ ਦੀ ਲੰਮੇ ਸਮੇਂ ਤੋਂ ਲੋੜ ਮਹਿਸੂਸ ਕੀਤੀ ਜਾ ਰਹੀ ਸੀ, ਜਿਸਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਮੰਗ ਕੈਬਨਿਟ ਮੰਤਰੀ ਦੇ ਸਾਹਮਣੇ ਰੱਖੀ ਗਈ ਸੀ। ਉਨ੍ਹਾਂ ਕਿਹਾ ਕਿ ਸ.ਬੈਂਸ ਵੱਲੋਂ ਇਸ ਮੰਗ ਨੂੰ ਤੁਰੰਤ ਮਨਜ਼ੂਰ ਕਰਦੇ ਹੋਏ 10 ਲੱਖ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਹੋਰ ਕਿਸ਼ਤਾਂ ਵੀ ਜਾਰੀ ਕੀਤੀਆਂ ਜਾਣਗੀਆਂ, ਤਾਂ ਜੋ ਇਹ ਪ੍ਰੋਜੈਕਟ ਜਲਦ ਪੂਰਾ ਹੋ ਸਕੇ।
ਉਨ੍ਹਾਂ ਅੱਗੇ ਦੱਸਿਆ ਕਿ ਪਿੰਡ ਵਿੱਚ ਹੋਰ ਵੀ ਕਈ ਮਹੱਤਵਪੂਰਨ ਵਿਕਾਸੀ ਕੰਮ ਕਰਵਾਏ ਗਏ ਹਨ। ਬਾੜੇ ਬਾਸ ਲਈ ਲਗਭਗ 10 ਲੱਖ ਰੁਪਏ ਦੀ ਲਾਗਤ ਨਾਲ ਸੀਵਰੇਜ ਪਾਈਪਲਾਈਨ ਦਾ ਕੰਮ ਮੁਕੰਮਲ ਕੀਤਾ ਗਿਆ ਹੈ, ਜਿਸ ਨਾਲ ਪਿੰਡ ਵਾਸੀਆਂ ਦੀ ਪੁਰਾਣੀ ਸਮੱਸਿਆ ਦਾ ਹੱਲ ਹੋਇਆ ਹੈ। ਇਸ ਤੋਂ ਇਲਾਵਾ 3 ਲੱਖ ਰੁਪਏ ਦੀ ਲਾਗਤ ਨਾਲ ਮਲਟੀਪਰਪਸ ਕਮਰਾ ਅਤੇ ਹਾਲ ਤਿਆਰ ਕਰਵਾਇਆ ਗਿਆ ਹੈ, ਜਦਕਿ ਮਹਿਲਾ ਮੰਡਲ ਨੂੰ 1 ਲੱਖ ਰੁਪਏ ਦੀ ਗਰਾਂਟ ਦੇ ਕੇ ਲੋੜੀਂਦੇ ਸਾਮਾਨ ਦੀ ਸਹੂਲਤ ਮੁਹੱਈਆ ਕਰਵਾਈ ਗਈ ਹੈ।
ਪਿੰਡ ਵਿੱਚ ਹੋਰ ਵਿਕਾਸੀ ਕਾਰਜਾਂ ਤਹਿਤ 5 ਲੱਖ ਰੁਪਏ ਦੀ ਲਾਗਤ ਨਾਲ ਸੋਲਡ ਵੇਸਟ ਮੈਨੇਜਮੈਂਟ ਪਲਾਂਟ ਦਾ ਕੰਮ ਸ਼ੁਰੂ ਕੀਤਾ ਗਿਆ ਹੈ। ਇਸਦੇ ਨਾਲ ਹੀ ਸ੍ਰੀ ਮਾਧਵਾ ਨੰਦ ਆਸ਼ਰਮ ਦੇ ਵਿਕਾਸ ਲਈ ਵੀ 5 ਲੱਖ ਰੁਪਏ ਖਰਚ ਕੀਤੇ ਗਏ ਹਨ। ਪਿੰਡ ਵਿੱਚ ਦੋ ਵੱਡੇ ਡੰਗਿਆਂ ਦਾ ਨਿਰਮਾਣ, ਸਮਸ਼ਾਨ ਘਾਟ ਦਾ ਨਵੀਨੀਕਰਨ ਅਤੇ ਪਾਰਕ ਦੇ ਕੰਮ ਵੀ ਜਾਰੀ ਹਨ। ਇਸ ਪਾਰਕ ਵਿੱਚ ਓਪਨ ਜਿੰਮ ਅਤੇ ਸੈਰ ਕਰਨ ਲਈ ਵਿਸ਼ੇਸ਼ ਸਹੂਲਤਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ, ਜਿਸ ਨਾਲ ਪਿੰਡ ਦੇ ਨੌਜਵਾਨਾਂ ਅਤੇ ਬਜ਼ੁਰਗਾਂ ਨੂੰ ਲਾਭ ਮਿਲੇਗਾ।
ਦੀਪਕ ਸੋਨੀ ਨੇ ਕਿਹਾ ਕਿ ਪਿੰਡ ਵਿੱਚ ਪੰਚਾਇਤ ਘਰ ਦੇ ਨਵੀਨੀਕਰਨ, ਪਬਲਿਕ ਟਾਇਲਟ, ਸਟੇਜ ਅਤੇ ਹੋਰ ਬੁਨਿਆਦੀ ਢਾਂਚੇ ਦੇ ਕੰਮ ਵੀ ਪੂਰੇ ਕੀਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਪਿੰਡ ਦੀਆਂ ਬਾਕੀ ਰਹਿ ਗਈਆਂ ਗਲੀਆਂ ਨੂੰ ਵੀ ਤਰਜੀਹ ਦੇ ਆਧਾਰ ‘ਤੇ ਬਣਾਇਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਦੀ ਰਹਿਨੁਮਾਈ ਹੇਠ ਹਲਕੇ ਵਿੱਚ ਰਿਕਾਰਡ ਤੌਰ ‘ਤੇ ਵਿਕਾਸ ਹੋ ਰਿਹਾ ਹੈ। ਪਿੰਡ ਦੀ ਗ੍ਰਾਮ ਪੰਚਾਇਤ ਅਤੇ ਵਸਨੀਕਾਂ ਵੱਲੋਂ ਕੈਬਨਿਟ ਮੰਤਰੀ ਦਾ ਦਿਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਰਾਹੁਲ ਸੋਨੀ ਪੰਚ, ਮਨੂੰ ਪੁਰੀ ਪੰਚ, ਸ਼ਿਵ ਕੁਮਾਰ ਬਿੱਲਾ ਸਰਪੰਚ ਦੜੋਲੀ ਅਤੇ ਅਗਨੀਹੋਤਰੀ ਸਰਪੰਚ ਭਾਲੋਵਾਲ ਵੀ ਮੌਜੂਦ ਸਨ।