ਆਸ਼ੀਰਵਾਦ ਸਕੀਮ ਦੇ 84 ਲਾਭਪਾਤਰੀਆਂ ਲਈ 42 ਲੱਖ 84 ਹਜ਼ਾਰ ਰੁਪਏ ਦੀ ਵਿੱਤੀ ਸਹਾਇਤ ਜਾਰੀ- ਏ.ਡੀ.ਸੀ

39

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਮਾਲੇਰਕੋਟਲਾ

ਆਸ਼ੀਰਵਾਦ ਸਕੀਮ ਦੇ 84 ਲਾਭਪਾਤਰੀਆਂ ਲਈ 42 ਲੱਖ 84 ਹਜ਼ਾਰ ਰੁਪਏ ਦੀ ਵਿੱਤੀ ਸਹਾਇਤ ਜਾਰੀ- ਏ.ਡੀ.ਸੀ

  •  ਕਿਹਾ, ਜ਼ਿਲ੍ਹਾ ਪ੍ਰਸਾਸ਼ਨ ਲੋਕ ਭਲਾਈ ਸਕੀਮਾਂ ਦਾ ਲਾਭ ਜ਼ਮੀਨੀ ਪੱਧਰ ‘ਤੇ ਪਹੁੰਚਾਉਣ ਲਈ ਵਚਨਬੱਧ
  • ਸਕੀਮ ਅਧੀਨ ਪੰਜਾਬ ਸਰਕਾਰ ਵੱਲੋਂ ਯੋਗ ਲਾਭਪਾਤਰੀਆਂ ਦੀ ਲੜਕੀ ਦੀ ਸ਼ਾਦੀ ਮੌਕੇ 51 ਹਜਾਰ ਰੁਪਏ ਦੀ  ਰਾਸ਼ੀ ਦਿੱਤੀ ਜਾਂਦੀ ਹੈ ਵਿੱਤੀ ਸਹਾਇਤਾ
  •  ਚਾਹਵਾਨ, http://ashirwad.punjab.gov.in ਤੇ ਅਰਜ਼ੀ ਆਨਲਾਈਨ ਭਰਨ- ਬਾਵਾ

ਮਾਲੇਰਕੋਟਲਾ 03 ਜਨਵਰੀ  2025: Aj Di Awaaj

ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਅਤੇ ਸਮਾਜਿਕ ਨਿਆਂ ਤੇ ਅਧਿਕਾਰਤਾ ਅਤੇ ਘੱਟ ਗਿਣਤੀ ਮੰਤਰੀ ਡਾ. ਬਲਜੀਤ ਕੌਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਨੁਸੂਚਿਤ ਜਾਤੀਆਂ, ਈਸਾਈ ਬਰਾਦਰੀ, ਪੱਛੜੀਆਂ ਸ਼੍ਰੇਣੀਆਂ ਤੇ ਆਰਥਿਕ ਤੌਰ ਤੇ ਕਮਜ਼ੋਰ ਪਰਿਵਾਰਾਂ ਦੀਆਂ ਲੜਕੀਆਂ ਨੂੰ ਵਿਆਹ ਮੌਕੇ ਦਿੱਤੀ ਜਾਂਦੀ ਅਸ਼ੀਰਵਾਦ ਸਕੀਮ ਵਰਦਾਨ ਸਾਬਿਤ ਹੋ ਰਹੀ ਹੈ । ਇਸ ਸਕੀਮ ਤਹਿਤ ਯੋਗ ਲਾਭਪਾਤਰੀਆਂ ਦੀ ਲੜਕੀ ਦੀ ਸ਼ਾਦੀ ਮੌਕੇ 51 ਹਜਾਰ ਰੁਪਏ ਦੀ ਦਿੱਤੀ ਜਾ ਰਹੀ ਹੈ । ਇਸ ਗੱਲ ਦੀ ਜਾਣਕਾਰੀ ਦਿੰਦਿਆ ਵਧੀਕ ਡਿਪਟੀ ਕਮਿਸ਼ਨਰ ਸੁਖਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਅਸ਼ੀਰਵਾਦ ਸਕੀਮ ਤਹਿਤ ਜਿਲ੍ਹੇ ਦੇ 84 ਲਾਭਪਾਤਰੀਆਂ ਨੂੰ 42 ਲੱਖ 84 ਹਜ਼ਾਰ ਰੁਪਏ ਦੀ ਵਿੱਤੀ ਸਹਾਇਤਾਂ ਆਸ਼ੀਰਵਾਦ ਸਕੀਮ ਤਹਿਤ ਮੁਹੱਈਆ ਕਰਵਾਈ ਜਾ ਰਹੀ ਹੈ ਤਾਂ ਜੋ ਉਹ ਸਨਮਾਨ ਨਾਲ ਆਪਣੇ ਸਮਾਜਿਕ ਕਾਰਜ ਮੁਕੰਮਲ ਕਰ ਸਕਣ । ਉਨ੍ਹਾਂ ਦੱਸਿਆ ਕਿ ਆਸ਼ੀਰਵਾਦ ਸਕੀਮ ਅਧੀਨ ਦਿੱਤੀ ਜਾਣ ਵਾਲੀ ਰਾਸ਼ੀ ਡੀ.ਬੀ.ਟੀ. ਪ੍ਰਣਾਲੀ ਰਾਹੀਂ ਸਿੱਧੀ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿੱਚ ਭੇਜੀ ਜਾ ਰਹੀ ਹੈ। ਉਨ੍ਹਾਂ ਹੋਰ ਕਿਹਾ ਕਿ ਪੰਜਾਬ ਸਰਕਾਰ ਵਲੋਂ ਅਨੁਸੂਚਿਤ ਜਾਤੀਆਂ, ਪਛੜੀਆਂ ਸ਼੍ਰੇਣੀਆਂ ਅਤੇ ਘੱਟ ਗਿਣਤੀ ਵਰਗ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ  ਲਗਾਤਾਰ ਸਾਰਥਕ ਉਪਰਾਲੇ ਕੀਤੇ ਜਾ ਰਹੇ ਹਨ।

ਜ਼ਿਲ੍ਹਾ ਸਮਾਜਿਕ ਨਿਆਂ ਅਤੇ ਅਧਿਕਾਰਤਾ ਅਫ਼ਸਰ ਸ੍ਰੀ ਮੁਕਲ ਬਾਵਾ ਨੇ ਦੱਸਿਆ ਕਿ ਆਸ਼ੀਰਵਾਦ ਸਕੀਮ ਤਹਿਤ ਅਨੁਸੂਚਿਤ ਜਾਤੀਆਂ/ਈਸਾਈ ਬਰਾਦਰੀ ਦੀਆਂ ਲੜਕੀਆਂ, ਕਿਸੇ ਵੀ ਜਾਤੀ ਦੀਆਂ ਵਿਧਵਾਵਾਂ ਦੀਆਂ ਲੜਕੀਆਂ, ਪੱਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ ਤੇ ਪੱਛੜੇ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਸਮੇਂ ਅਤੇ ਅਨੁਸੂਚਿਤ ਜਾਤੀਆਂ ਦੀਆਂ ਵਿਧਵਾਵਾਂ/ਤਲਾਕਸ਼ੁਦਾ ਔਰਤਾਂ ਨੂੰ ਉਨ੍ਹਾਂ ਦੇ ਮੁੜ ਵਿਆਹ ਸਮੇਂ 51 ਹਜਾਰ ਰੁਪਏ ਦੀ ਵਿੱਤੀ ਸਹਾਇਤਾ ਸ਼ਗਨ ਵਜੋਂ ਦਿੱਤੀ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਇਸ ਸਕੀਮ ਦਾ ਲਾਭ ਲੈਣ ਲਈ ਲੜਕੀ ਦੇ ਵਿਆਹ ਤੋਂ ਪਹਿਲਾਂ ਜਾਂ 30 ਦਿਨਾਂ ਦੇ ਅੰਦਰ ਤਹਿਸੀਲ ਸਮਾਜਿਕ ਨਿਆਂ ਤੇ ਅਧਿਕਾਰਤਾ ਅਫ਼ਸਰ ਦਫ਼ਤਰ ਵਿੱਚ ਅਪਲਾਈ ਕੀਤਾ ਜਾਵੇ। ਉਨ੍ਹਾਂ ਹੋਰ ਦੱਸਿਆ ਕਿ ਹੁਣ ਪੰਜਾਬ ਸਰਕਾਰ ਨੇ ਅਸ਼ੀਰਵਾਦ ਸਕੀਮ ਲਈ ਅਰਜ਼ੀ ਪ੍ਰਕਿਰਿਆ ਨੂੰ ਆਸਾਨ ਕਰਦਿਆਂ ਲਾਭਪਾਤਰੀਆਂ ਲਈ ਆਨਲਾਈਨ ਪੋਰਟਲ ਤੇ ਬਿਨੈ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ, ਚਾਹਵਾਨ http://ashirwad.punjab.gov.in ਤੇ ਅਰਜ਼ੀ ਆਨਲਾਈਨ ਘਰ ਬੈਠਿਆਂ ਵੀ ਅਪਲਾਈ ਕਰ ਸਕਦੇ ਹਨ ।