ਕਿਸਾਨ ਪੱਕੀ ਫ਼ਸਲ ਨੂੰ ਅੱਗ ਦੀਆਂ ਘਟਨਾਵਾਂ ਤੋਂ ਬਚਾਉਣ

28

ਬਰਨਾਲਾ/ਭਦੌੜ, 17 ਅਪ੍ਰੈਲ 2026 AJ DI Awaaj

Punjab Desk :   ਡਿਪਟੀ ਕਮਿਸ਼ਨਰ ਬਰਨਾਲਾ ਸ੍ਰੀ ਹਰਪ੍ਰੀਤ ਸਿੰਘ ਆਈ ਏ ਐੱਸ ਨੇ ਕਣਕ ਦੀ ਵਾਢੀ ਦੇ ਸੀਜ਼ਨ ਦੇ ਮੱਦੇਨਜ਼ਰ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਪੱਕੀ ਹੋਈ ਫ਼ਸਲ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਤੋਂ ਬਚਾਉਣ ਲਈ ਪੂਰੀ ਚੌਕਸੀ ਵਰਤੀ ਜਾਵੇ।
ਉਹਨਾਂ ਕਿਹਾ ਕਿ ਕੱਲ੍ਹ ਭਦੌੜ ਨੇੜੇ ਕੋਠੇ ਖਿਓਣ ਸਿੰਘ ਵਾਲਾ ਵਿੱਚ ਕਣਕ ਦੀ ਪੱਕੀ ਫ਼ਸਲ ਨੂੰ ਅੱਗ ਲੱਗਣ ਦੀ ਘਟਨਾ ਸਾਹਮਣੇ ਆਈ ਹੈ ਜਿਸ ਦੀ ਸੂਚਨਾ ਮਿਲਣ ‘ਤੇ ਮੌਕੇ ਉੱਤੇ ਪੜਤਾਲ ਕਰਨ ਦੇ ਨਿਰਦੇਸ਼ ਦਿੱਤੇ ਗਏ। ਇਸ ਸਬੰਧੀ ਪਟਵਾਰੀ ਵਲੋਂ ਰਿਪੋਰਟ ਕੀਤੀ ਗਈ ਹੈ। ਜਿਸ ਵਿਚ ਸਾਹਮਣੇ ਆਇਆ ਹੈ ਕੋਠੇ ਖਿਓਣ ਸਿੰਘ ਵਾਲਾ ਦੇ ਚਾਰ ਕਿਸਾਨਾਂ ਦੇ ਖੇਤ ਵਿਚ ਅੱਗ ਲੱਗਣ ਨਾਲ ਕਣਕ ਦੀ ਫ਼ਸਲ ਸੜ ਗਈ। ਓਹਨਾਂ ਕਿਹਾ ਕਿ ਇਸ ਸਬੰਧੀ ਐੱਸਡੀਐਮ ਦੀ ਵਿਸਥਾਰਿਤ ਰਿਪੋਰਟ ਮਗਰੋਂ ਸਰਕਾਰ ਨੂੰ ਮੁਆਵਜ਼ੇ ਲਈ ਕੇਸ ਭੇਜਿਆ ਜਾਵੇਗਾ ਅਤੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਮੁਹਈਆ ਕਰਾਇਆ ਜਾਵੇਗਾ ਤਾਂ ਜੋ ਓਹਨਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ।
ਓਹਨਾਂ ਦੱਸਿਆ ਕਿ ਵਾਢੀ ਦੇ ਸੀਜ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਫਾਇਰ ਟੈਂਡਰ ਸਮੇਤ ਸਟਾਫ ਵੱਖ ਵੱਖ ਖੇਤਰਾਂ ਵਿਚ ਤਾਇਨਾਤ ਕੀਤੇ ਹੋਏ ਹਨ। ਇਨ੍ਹਾਂ ਵਿਚ ਹੰਡਿਆਇਆ ਚੌਂਕ ਬਰਨਾਲਾ ਵਿਖੇ, ਵੀ ਆਰ ਸੀ ਮਾਲ ਬਾਜਾਖਾਨਾ ਰੋਡ ਬਰਨਾਲਾ ਵਿਖੇ, ਸੰਘੇੜਾ ਵਿਖੇ, ਤਪਾ ਪੁਲ ਦੇ ਥੱਲੇ, ਮਿਲਨ ਪੈਲੇਸ ਭਦੌੜ ਵਿਖੇ, ਪਿੰਡ ਰੂੜੇਕੇ ਵਿਖੇ ਤੇ ਦਫ਼ਤਰ ਫਾਇਰ ਸਟੇਸ਼ਨ ਬਰਨਾਲਾ ਵਿਖੇ (ਬਰਨਾਲਾ ਸ਼ਹਿਰ ਲਈ) ਫਾਇਰ ਟੈਂਡਰ ਸਮੇਤ ਸਟਾਫ ਤਾਇਨਾਤ ਕੀਤੇ ਹੋਏ ਹਨ। ਜੇਕਰ ਕਿਸੇ ਵੀ ਇਲਾਕੇ ਵਿਚ ਅੱਗ ਲੱਗਣ ਦੀ ਘਟਨਾ ਵਾਪਰਦੀ ਹੈ ਤਾਂ 01679230101, 01679231755, 8427653101 ਨੰਬਰਾਂ ਉੱਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤਾ ਜਾਵੇ।
ਜੇਕਰ ਕਿਤੇ ਵੀ ਬਿਜਲੀ ਦੀਆਂ ਲਾਈਨਾਂ ਵਿੱਚ ਨੁਕਸ ਜਾਂ ਸਪਾਰਕਿੰਗ ਨਜ਼ਰ ਆਉਂਦੀ ਹੈ ਤਾਂ ਬਿਜਲੀ ਵਿਭਾਗ ਦੇ ਕੰਟਰੋਲ ਰੂਮ ਨੰਬਰਾਂ 96461-10672, 96466 98283, 96461-06835 (ਸਟੇਟ ਪੱਧਰ) ‘ਤੇ ਸੂਚਨਾ ਦਿੱਤੀ ਜਾਵੇ। ਇਸ ਤੋਂ ਇਲਾਵਾ ਬਿਜਲੀ ਦੇ ਖੰਭਿਆਂ, ਟਰਾਂਸਫਾਰਮਰਾਂ ਥੱਲੇ ਖੜ੍ਹੀ ਕਣਕ ਨੂੰ ਪਹਿਲਾਂ ਕੱਟ ਲਿਆ ਜਾਵੇ।
ਓਹਨਾਂ ਅਪੀਲ ਕੀਤੀ ਕਿ ਹਾਰਵੈਸਟਰ ਕੰਬਾਈਨਾਂ ਸਿਰਫ਼ ਦਿਨ ਵੇਲੇ ਹੀ ਚਲਾਈਆਂ ਜਾਣ ਅਤੇ ਇਨ੍ਹਾਂ ਦੇ ਪੁਰਜ਼ਿਆਂ ਵਿੱਚੋਂ ਨਿਕਲਣ ਵਾਲੀਆਂ ਚੰਗਿਆੜੀਆਂ ਵੱਲ ਲਗਾਤਾਰ ਧਿਆਨ ਦਿੱਤਾ ਜਾਵੇ। ਉਨ੍ਹਾਂ ਸਪੱਸ਼ਟ ਕੀਤਾ ਕਿ ਕਣਕ ਦੇ ਨਾੜ ਜਾਂ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਮਨਾਹੀ ਹੈ ਅਤੇ ਅਜਿਹਾ ਕਰਨਾ ਖੜ੍ਹੀ ਫ਼ਸਲ ਲਈ ਵੀ ਖ਼ਤਰਨਾਕ ਹੈ।
ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਕਣਕ ਦੀ ਵਾਢੀ ਵੇਲੇ ਪੂਰੀ ਚੌਕਸੀ ਵਰਤਣ।