ਭਾਸ਼ਾ ਵਿਭਾਗ ਵੱਲੋਂ ਕਰਵਾਇਆ ਗਿਆ ਰੂ-ਬ-ਰੂ ਸਮਾਗਮ

22

ਸ੍ਰੀ ਮੁਕਤਸਰ ਸਾਹਿਬ, 27 ਮਈ 2025 AJ Di Awaaj

ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਉਚੇਰੀ ਸਿੱਖਿਆ ਅਤੇ ਭਾਸ਼ਾ ਮੰਤਰੀ ਸ੍ਰੀ ਹਰਜੋਤ ਸਿੰਘ ਬੈਂਸ ਦੇ ਮਾਰਗਦਰਸ਼ਨ ਅਤੇ ਭਾਸ਼ਾ ਵਿਭਾਗ, ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫਰ ਦੀ ਰਹਿਨੁਮਾਈ ਅਧੀਨ ਮਈ ਮਹੀਨੇ ਦੇ ਸਮਾਗਮਾਂ ਦੀ ਲੜੀ ‘ਚ ਕਹਾਣੀਕਾਰ ਹਰਜਿੰਦਰ ਸੂਰੇਵਾਲੀਆ ਨਾਲ ਰੂ-ਬ-ਰੂ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਸ੍ਰੀ ਮੁਕਤਸਰ ਸਾਹਿਬ ਵਿਖੇ ਕਰਵਾਇਆ ਗਿਆ।

ਜ਼ਿਲ੍ਹੇ ਦੇ ਸਾਹਿਤਕਾਰਾਂ ਦੀ ਭਰਵੀਂ ਹਾਜਰੀ ‘ਚ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਵੱਲੋਂ ਹਾਜ਼ਰੀਨ ਨੂੰ ਜੀ ਆਇਆਂ ਨੂੰ ਕਹਿੰਦਿਆਂ ਰਾਜ ਭਾਸ਼ਾ ਐਕਟ ਬਾਰੇ ਅਤੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਦੱਸਿਆ ਗਿਆ।

ਡਾ. ਅਮਨਪ੍ਰੀਤ ਗਿੱਲ ਵੱਲੋਂ ਸੂਰੇਵਾਲੀਆ ਦੇ ਸਾਹਿਤਕ ਸਫਰ ਤੇ ਕਹਾਣੀਆਂ ਬਾਰੇ ਪਰਚਾ ਪੜ੍ਹਿਆ ਗਿਆ। ਸੰਵਾਦ ਦੌਰਾਨ ਕਹਾਣੀਕਾਰ ਭੁਪਿੰਦਰ ਮਾਨ ਵੱਲੋਂ ਸੂਰੇਵਾਲੀਆ ਨੂੰ ਬਹੁਤ ਹੀ ਰੌਚਿਕ ਸਵਾਲ ਪੁੱਛ ਕੇ ਸਮਾਗਮ ਨੂੰ ਦਿਲਚਸਪ ਬਣਾ ਦਿੱਤਾ। ਸੂਰੇਵਾਲੀਆ ਵੱਲੋਂ ਦਰਸ਼ਕਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਗਏ। ਸਮਾਗਮ ਦੌਰਾਨ ਸਕੂਲੀ ਵਿਦਿਆਰਥੀਆਂ ਤੇ ਲੇਖਕਾਂ ਵੱਲੋਂ ਪੁਸਤਕ ਪ੍ਰਦਰਸ਼ਨੀ ਤੋਂ ਸਾਹਿਤਕ ਕਿਤਾਬਾਂ ਖਰੀਦੀਆਂ ਗਈਆਂ। ਰੂ-ਬ-ਰੂ ਸਮਾਗਮ ਵਿੱਚ ਪ੍ਰੋ. ਗੋਪਾਲ ਸਿੰਘ, ਰਮਿੰਦਰ ਬੇਰੀ, ਸਤੀਸ਼ ਬੇਦਾਗ, ਗੁਰਮੇਲ ਸਾਗੂ, ਬੂਟਾ ਸਿੰਘ ਵਾਕਫ,  ਕੁਲਵੰਤ ਗਿੱਲ, ਬਿਮਲਾ ਦੇਵੀ, ਸੁੰਮੀ ਸਾਮਰੀਆ, ਖੁਸ਼ਪ੍ਰੀਤ ਢਿਲੋਂ, ਜਸਵੀਰ ਸ਼ਰਮਾ ਦੱਦਾਹੂਰ, ਬਚਿੱਤਰ ਸਿੰਘ ਜਟਾਣਾ, ਜਸਪਾਲ ਵਧਾਈਆਂ, ਬਸੰਤ ਮਹਿਰਾਜਵੀ, ਕੁਲਵਿੰਦਰ ਸਿੰਘ ਮਲੋਟ, ਮਨਵੀਰ ਭੁੱਲਰ ਅਤੇ ਸ਼ਮਸ਼ੇਰ ਗਾਫਲ ਆਦਿ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ।

ਸਮਾਗਮ ਦੇ ਅੰਤ ਵਿੱਚ ਜ਼ਿਲ੍ਹਾ ਭਾਸ਼ਾ ਅਫ਼ਸਰ ਮਨਜੀਤ ਪੁਰੀ ਵੱਲੋਂ ਸਭਨਾ ਦਾ ਧੰਨਵਾਦ ਕਰਦਿਆਂ ਭਵਿੱਖ ਵਿੱਚ ਵੀ ਸਹਿਯੋਗ ਬਣਾਈ ਰੱਖਣ ਦੀ ਅਪੀਲ ਕੀਤੀ।

ਮੰਚ ਦਾ ਸੰਚਾਲਨ ਖੋਜ ਅਫ਼ਸਰ ਬਲਜਿੰਦਰ ਜੌੜਕੀਆਂ ਵੱਲੋਂ ਕੀਤਾ ਗਿਆ। ਸਮਾਗਮ ਵਿੱਚ ਹਾਜ਼ਰ ਕਵੀਆਂ ਵੱਲੋਂ ਕਵਿਤਾਵਾਂ/ ਗ਼ਜ਼ਲਾਂ ਦਾ ਪਾਠ ਕੀਤਾ ਗਿਆ। ਪ੍ਰਭਾਵਸ਼ਾਲੀ ਰੂ-ਬ-ਰੂ ਸਮਾਗਮ ਆਪਣਾ ਸੁਨੇਹਾ ਦੇਣ ‘ਚ ਸਫਲ ਰਿਹਾ।

ਸਮਾਗਮ ਨੂੰ ਨੇਪਰੇ ਚਾੜਨ ਲਈ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ), ਸ੍ਰੀ ਮੁਕਤਸਰ ਸਾਹਿਬ ਦੇ ਇੰਚਾਰਜ ਪ੍ਰਿੰਸੀਪਲ ਪੂਜਾ ਬੱਤਰਾ ਅਤੇ ਸਮੂਹ ਸਟਾਫ ਦਾ ਸਹਿਯੋਗ ਕਾਬਿਲੇ ਤਾਰੀਫ ਰਿਹਾ।