ਚਸ਼ਮਦੀਦ ਦੀ ਨਵੀਂ ਵੀਡੀਓ ‘ਚ ਰਾਜਵੀਰ ਜਵੰਦਾ ਹਾਦਸੇ ਦੀ ਪੂਰੀ ਕਹਾਣੀ ਸਾਹਮਣੇ

109

Punjab 29 Sep 2025 Aj Di Awaaj

Punjab Desk : ਪੰਜਾਬੀ ਸੰਗੀਤ ਜਗਤ ਦੇ ਚਮਕਦੇ ਸਿਤਾਰੇ ਰਾਜਵੀਰ ਜਵੰਦਾ ਨਾਲ ਹੋਏ ਭਿਆਨਕ ਹਾਦਸੇ ਬਾਰੇ ਇੱਕ ਚਸ਼ਮਦੀਦ ਨੇ ਨਵੀਂ ਵੀਡੀਓ ਜਾਰੀ ਕੀਤੀ ਹੈ। ਇਸ ਵੀਡੀਓ ਵਿੱਚ ਉਸ ਨੇ ਨਾ ਸਿਰਫ਼ ਹਾਦਸੇ ਵਾਲੀ ਜਗ੍ਹਾ ਦਿਖਾਈ, ਸਗੋਂ ਉਹ ਸਾਨ੍ਹ ਵੀ ਵੇਖਾਇਆ ਜਿਸ ਕਾਰਨ ਇਹ ਦੁਖਦਾਈ ਘਟਨਾ ਵਾਪਰੀ।

ਚਸ਼ਮਦੀਦ ਨੇ ਦੱਸਿਆ ਕਿ ਉਸ ਨੇ ਰਾਜਵੀਰ ਜਵੰਦਾ ਅਤੇ ਉਸਦੇ ਪੰਜ ਹੋਰ ਬਾਈਕ ਸਵਾਰ ਦੋਸਤਾਂ ਨੂੰ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਇੱਕ ਸਥਾਨ ‘ਤੇ ਵੇਖਿਆ ਸੀ। ਹਾਦਸੇ ਵਾਲੀ ਥਾਂ ‘ਤੇ ਪਹੁੰਚ ਕੇ, ਉਨ੍ਹਾਂ ਨੇ ਜੋ ਕੁਝ ਆਪਣੀਆਂ ਅੱਖੀਂ ਵੇਖਿਆ, ਉਹ ਵੀ ਵੀਡੀਓ ਰਾਹੀਂ ਸਾਂਝਾ ਕੀਤਾ। ਚਸ਼ਮਦੀਦ ਮੁਤਾਬਕ, ਜਦ ਰਾਜਵੀਰ ਬਾਈਕ ਚਲਾ ਰਹੇ ਸਨ, ਤਦ ਅਚਾਨਕ ਇੱਕ ਪਸ਼ੂ ਰਸਤੇ ‘ਚ ਆ ਗਿਆ, ਜਿਸ ਨਾਲ ਉਨ੍ਹਾਂ ਦੀ ਬਾਈਕ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਹਾਦਸੇ ਦਾ ਸ਼ਿਕਾਰ ਹੋ ਗਏ।

ਹਾਦਸੇ ਤੋਂ ਤੁਰੰਤ ਬਾਅਦ, ਜਵੰਦਾ ਨੂੰ ਗੰਭੀਰ ਹਾਲਤ ਵਿੱਚ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਡਾਕਟਰਾਂ ਅਨੁਸਾਰ, ਉਨ੍ਹਾਂ ਦੇ ਸਿਰ ਅਤੇ ਰੀੜ੍ਹ ਦੀ ਹੱਡੀ ਵਿੱਚ ਗੰਭੀਰ ਸੱਟਾਂ ਹਨ ਅਤੇ ਉਹ ਪਿਛਲੇ 24 ਘੰਟਿਆਂ ਤੋਂ ਵੈਂਟੀਲੇਟਰ ਸਪੋਰਟ ‘ਤੇ ਹਨ। ਨਿਊਰੋਸਰਜਨ ਅਤੇ ਕ੍ਰਿਟੀਕਲ ਕੇਅਰ ਮਾਹਿਰਾਂ ਦੀ ਟੀਮ ਉਨ੍ਹਾਂ ਦੀ ਲਗਾਤਾਰ ਨਿਗਰਾਨੀ ਕਰ ਰਹੀ ਹੈ।

ਇਸ ਮੌਕੇ ‘ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਈ ਕਲਾਕਾਰ ਹਸਪਤਾਲ ਪਹੁੰਚੇ ਹਨ। ਗਾਇਕ ਰਣਜੀਤ ਬਾਵਾ ਨੇ ਮੀਡੀਆ ਨੂੰ ਦੱਸਿਆ ਕਿ ਰਾਜਵੀਰ ਦੀ ਹਾਲਤ ‘ਚ ਕੁਝ ਸੁਧਾਰ ਆਇਆ ਹੈ – ਉਹ ਹੁਣ ਆਪਣੇ ਆਪ ਸਾਹ ਲੈ ਰਹੇ ਹਨ ਅਤੇ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਵੀ ਕੰਟਰੋਲ ਵਿੱਚ ਹੈ। ਤਰਸੇਮ ਜੱਸੜ, ਕੰਵਰ ਗਰੇਵਾਲ, ਰੇਸ਼ਮ ਅਨਮੋਲ ਅਤੇ ਕੁਲਵਿੰਦਰ ਬਿੱਲਾ ਵਰਗੇ ਕਲਾਕਾਰਾਂ ਨੇ ਵੀ ਦੱਸਿਆ ਕਿ ਜਵੰਦਾ ਦੀ ਤਬੀਅਤ ਪਿਛਲੇ ਦਿਨ ਨਾਲੋਂ ਬਿਹਤਰ ਹੈ ਅਤੇ ਉਹ ਹੌਲੀ-ਹੌਲੀ ਠੀਕ ਹੋ ਰਹੇ ਹਨ।

ਕਲਾਕਾਰਾਂ ਅਤੇ ਪਰਿਵਾਰ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਰਾਜਵੀਰ ਜਵੰਦਾ ਬਾਰੇ ਕੋਈ ਗਲਤ ਜਾਂ ਬਿਨਾਂ ਪੁਸ਼ਟੀ ਵਾਲੀ ਜਾਣਕਾਰੀ ਨਾ ਫੈਲਾਈ ਜਾਵੇ ਅਤੇ ਸਾਰੇ ਉਹਨਾਂ ਦੀ ਜਲਦੀ ਚੰਗੀ ਸਿਹਤ ਲਈ ਅਰਦਾਸ ਕਰਨ।

ਫੋਰਟਿਸ ਹਸਪਤਾਲ ਵੱਲੋਂ ਜਾਰੀ ਮੈਡੀਕਲ ਬੁਲੇਟਿਨ ਅਨੁਸਾਰ, ਰਾਜਵੀਰ ਦੀ ਹਾਲਤ ਹਾਲੇ ਵੀ ਗੰਭੀਰ ਹੈ ਪਰ ਡਾਕਟਰੀ ਟੀਮ ਦੀ ਨਿਗਰਾਨੀ ਹੇਠ ਉਨ੍ਹਾਂ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ।