ਹਰ ਫਰਜ਼ੀ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ, ਜੀ.ਐਸ.ਟੀ. ਧੋਖੇਬਾਜ਼ ਰਹਿਣ ਸਾਵਧਾਨ’: ਹਰਪਾਲ ਸਿੰਘ ਚੀਮਾ

1

ਚੰਡੀਗੜ੍ਹ; 1 ਸਤੰਬਰ, 2026 AJ DI Awaaj


Chandigarh Desk :  ਕਾਰੋਬਾਰ ਨੂੰ ਸੁਖਾਲਾ ਬਣਾਉਣ ਅਤੇ ਕਾਨੂੰਨ ਨੂੰ ਸਖ਼ਤੀ ਨਾਲ ਲਾਗੂ ਕਰਨ ਵਿਚਕਾਰ ਸ਼ਾਨਦਾਰ ਸੰਤੁਲਨ ਬਣਾਉਂਦੇ ਹੋਏ, ਪੰਜਾਬ ਨੇ ਇਸ ਅਗਸਤ ਮਹੀਨੇ ਵਿੱਚ ਮਜ਼ਬੂਤ ਆਰਥਿਕ ਸਿਹਤ ਦੀ ਤਸਵੀਰ ਪੇਸ਼ ਕੀਤੀ। ਸੂਬੇ ਨੇ ਨਾ ਸਿਰਫ਼ ਸ਼ੁੱਧ ਜੀ.ਐਸ.ਟੀ. ਮਾਲੀਏ ਵਿੱਚ ਸਾਲ-ਦਰ-ਸਾਲ 11.84% ਦਾ ਪ੍ਰਭਾਵਸ਼ਾਲੀ ਵਾਧਾ ਦਰਜ ਕੀਤਾ, ਸਗੋਂ ਸਟੇਟ ਜੀ.ਐਸ.ਟੀ. ਨਕਦ ਉਗਰਾਹੀ ਵਿੱਚ 18.77% ਦੇ ਸ਼ਾਨਦਾਰ ਵਾਧੇ ਨਾਲ ਭਾਰਤ ਦੇ ਪ੍ਰਮੁੱਖ ਸੂਬਿਆਂ ਦੀ ਅਗਵਾਈ ਵੀ ਕੀਤੀ।

ਅੱਜ ਇੱਥੇ ਜਾਰੀ ਪ੍ਰੈਸ ਬਿਆਨ ਵਿੱਚ ਇਨ੍ਹਾਂ ਪ੍ਰਾਪਤੀਆਂ ਨੂੰ ਸਾਂਝਾ ਕਰਦਿਆਂ, ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਸੂਬੇ ਦੀ ਵਿੱਤੀ ਉਗਰਾਹੀ ਵਿੱਚ ਲਗਾਤਾਰ ਵੱਡਾ ਵਾਧਾ ਹੋ ਰਿਹਾ ਹੈ। ਸੂਬੇ ਨੇ ਅਗਸਤ 2026 ਵਿੱਚ 2,406.33 ਕਰੋੜ ਰੁਪਏ ਦਾ ਸ਼ੁੱਧ ਜੀ.ਐਸ.ਟੀ. ਮਾਲੀਆ ਦਰਜ ਕੀਤਾ ਹੈ, ਜੋ ਕਿ ਅਗਸਤ 2025 ਵਿੱਚ ਇਕੱਠੇ ਕੀਤੇ 2,151.63 ਕਰੋੜ ਰੁਪਏ ਤੋਂ ਕਾਫ਼ੀ ਵੱਧ ਰਿਹਾ। 254.70 ਕਰੋੜ ਰੁਪਏ ਦਾ ਇਹ ਵਾਧਾ 11.84% ਦੇ ਠੋਸ ਵਾਧੇ ਨੂੰ ਦਰਸਾਉਂਦਾ ਹੈ।”

ਐਸ.ਜੀ.ਐਸ.ਟੀ. ਨਕਦ ਉਗਰਾਹੀ ਦੇ ਯੋਗਦਾਨ ਨੂੰ ਉਜਾਗਰ ਕਰਦਿਆਂ, ਉਨ੍ਹਾਂ ਕਿਹਾ, “ਐਸ.ਜੀ.ਐਸ.ਟੀ. ਦੀ ਨਕਦ ਉਗਰਾਹੀ 750.37 ਕਰੋੜ ਰੁਪਏ ਤੋਂ ਵੱਧ ਕੇ 891.24 ਕਰੋੜ ਰੁਪਏ ਹੋ ਗਈ ਹੈ। 140.87 ਕਰੋੜ ਰੁਪਏ ਦਾ ਇਹ ਉਛਾਲ 18.77% ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਇਸ ਮਹੀਨੇ ਲਈ ਦੇਸ਼ ਦੇ ਕਿਸੇ ਵੀ ਪ੍ਰਮੁੱਖ ਸੂਬੇ ਦੁਆਰਾ ਦਰਜ ਕੀਤਾ ਗਿਆ ਸਭ ਤੋਂ ਵੱਧ ਐਸ.ਜੀ.ਐਸ.ਟੀ. ਨਕਦ ਵਾਧਾ ਹੈ।”

ਅਪ੍ਰੈਲ ਤੋਂ ਅਗਸਤ 2026 ਦੇ ਸਮੇਂ ਬਾਰੇ ਗੱਲ ਕਰਦਿਆਂ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਪੰਜਾਬ ਦਾ ਕੁੱਲ ਜੀ.ਐਸ.ਟੀ. ਮਾਲੀਆ 12,861.42 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ, ਜਦੋਂ ਕਿ 2025 ਦੀ ਇਸੇ ਮਿਆਦ ਦੌਰਾਨ ਇਹ 10,971.62 ਕਰੋੜ ਰੁਪਏ ਸੀ। ਇਹ 1,889.80 ਕਰੋੜ ਰੁਪਏ ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ 17% ਦੀ ਸਥਿਰ ਵਿਕਾਸ ਦਰ ਹੈ। ਸਾਂਝੀ ਉਗਰਾਹੀ ਵਿੱਚ 15.74% ਦਾ ਵਾਧਾ ਹੋਇਆ ਹੈ, ਜੋ ਅਗਸਤ 2025 ਦੇ 619.18 ਕਰੋੜ ਰੁਪਏ ਤੋਂ ਵੱਧ ਕੇ ਅਗਸਤ 2026 ਵਿੱਚ 716.66 ਕਰੋੜ ਰੁਪਏ ਹੋ ਗਈ ਹੈ।”

ਇਮਾਨਦਾਰ ਕਰਦਾਤਾਵਾਂ ਦੀ ਭੂਮਿਕਾ ‘ਤੇ ਜ਼ੋਰ ਅਤੇ ਵਿੱਤੀ ਬੇਨਿਯਮੀਆਂ ਵਿਰੁੱਧ ਚੇਤਾਵਨੀ ਦਿੰਦਿਆਂ, ਉਨ੍ਹਾਂ ਕਿਹਾ, “ਟੈਕਸ ਚੋਰੀ ਨੂੰ ਸ਼ੁਰੂ ਵਿੱਚ ਹੀ ਨੱਥ ਪਾਉਣ ਲਈ, ਵਿਭਾਗ ਨੇ ਆਪਣੀਆਂ ਇਨਫੋਰਸਮੈਂਟ ਕਾਰਵਾਈਆਂ ਵਿੱਚ ਕਾਫ਼ੀ ਤੇਜ਼ੀ ਲਿਆਂਦੀ ਹੈ।”

ਇਨਫੋਰਸਮੈਂਟ ਕਾਰਵਾਈਆਂ ਦੇ ਵੇਰਵੇ ਦਿੰਦਿਆਂ ਵਿੱਤ ਮੰਤਰੀ ਨੇ ਕਿਹਾ, “20 ਅਗਸਤ, 2026 ਨੂੰ, ਜੀ.ਐਸ.ਟੀ. ਚੋਰੀ ਲਈ ਭਾਰਤੀ ਨਿਆਏ ਸੰਹਿਤਾ ਦੀ ਧਾਰਾ 318(4) ਤਹਿਤ ਮੰਡੀ ਗੋਬਿੰਦਗੜ੍ਹ ਵਿਖੇ ਤਿੰਨ ਮਾਮਲੇ ਦਰਜ ਕੀਤੇ ਗਏ। ਸਾਹਮਣੇ ਆਏ ਅਪਰਾਧੀਆਂ ਵਿੱਚ ਮੋਤੀਆ ਖਾਨ, ਗੋਬਿੰਦਗੜ੍ਹ ਸਥਿਤ ਮੈਸਰਜ਼ ਐਨ.ਕੇ. ਟਰੇਡਰਜ਼ ਦੇ ਮਾਲਕ ਨਰਿੰਦਰ ਸਿੰਘ (ਐਫ ਆਈ ਆਰ ਨੰਬਰ 277); ਗੋਬਿੰਦਗੜ੍ਹ ਸਥਿਤ ਮੈਸਰਜ਼ ਕੇ.ਐਚ. ਟਰੇਡਰਜ਼ ਦੇ ਮਾਲਕ ਅਤੇ ਮੂਲ ਰੂਪ ਵਿੱਚ ਪੱਤਰੇਵਾਲਾ (ਫਾਜ਼ਿਲਕਾ) ਦੇ ਵਸਨੀਕ ਕਿੰਗਰਾਜ (ਐਫ ਆਈ ਆਰ ਨੰਬਰ 278); ਅਤੇ ਪਿੰਜੌਰ (ਪੰਚਕੂਲਾ) ਦੇ ਰਹਿਣ ਵਾਲੇ ਅਤੇ ਗੋਬਿੰਦਗੜ੍ਹ ਸਥਿਤ ਮੈਸਰਜ਼ ਹਨੀਸ਼ ਐਂਟਰਪ੍ਰਾਈਜ਼ਿਜ਼ ਦੇ ਮਾਲਕ ਹਨੀਸ਼ (ਐਫ ਆਈ ਆਰ ਨੰਬਰ 279) ਸ਼ਾਮਲ ਹਨ।”

ਸਟੇਟ ਜੀ.ਐਸ.ਟੀ. ਮੋਬਾਈਲ ਵਿੰਗ ਦੇ ਇੱਕ ਵੱਖਰੇ ਆਪ੍ਰੇਸ਼ਨ ਦਾ ਵਰਣਨ ਕਰਦਿਆਂ, ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ, “ਇੱਕ ਵੱਖਰੇ ਅਤੇ ਅਹਿਮ ਆਪ੍ਰੇਸ਼ਨ ਵਿੱਚ, ਸਟੇਟ ਜੀ.ਐਸ.ਟੀ. ਮੋਬਾਈਲ ਵਿੰਗ ਨੇ ਮੈਸਰਜ਼ ਏ-ਵਨ ਇੰਟਰਨੈਸ਼ਨਲ ਵਜੋਂ ਪਛਾਣੀ ਗਈ ਇੱਕ ਫਰਮ ਨਾਲ ਜੁੜੇ ਸ਼ੱਕੀ ਜਾਅਲੀ-ਰਿਫੰਡ ਨੈਟਵਰਕ ਦੀ ਸੂਹ ਲਗਾ ਕੇ ਉਸਦਾ ਪਰਦਾਫਾਸ਼ ਕੀਤਾ। ਦੋਸ਼ੀਆਂ ਨੂੰ ਰੰਗੇ ਹੱਥੀਂ ਫੜਦੇ ਹੋਏ, ਇਸ ਫੈਸਲਾਕੁੰਨ ਕਾਰਵਾਈ ਨਾਲ 1 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਗਈ ਅਤੇ ਬੈਂਕ ਖਾਤੇ ਵਿੱਚ ਲਗਭਗ 18 ਲੱਖ ਰੁਪਏ ਦੀ ਰਾਸ਼ੀ ਫ੍ਰੀਜ਼ ਕੀਤੀ ਗਈ। ਇਸ ਤੋਂ ਇਲਾਵਾ, ਤਸਦੀਕ ਹੋਣ ਤੱਕ 5 ਕਰੋੜ ਰੁਪਏ ਦੀਆਂ ਵੱਡੀਆਂ ਰਿਫੰਡ ਅਰਜ਼ੀਆਂ ਨੂੰ ਰੋਕ ਦਿੱਤਾ ਗਿਆ ਹੈ।”
ਉਨ੍ਹਾਂ ਅੱਗੇ ਕਿਹਾ, “ਇਹ ਜਾਂਚ ਫਰਜ਼ੀ ਖਰੀਦਦਾਰੀ, ਇਨਪੁਟ ਟੈਕਸ ਕ੍ਰੈਡਿਟ ਦਾ ਗਲਤ ਲਾਭ ਲੈਣ, ਅਤੇ ਸਰਕਾਰੀ ਖਜ਼ਾਨੇ ਵਿੱਚੋਂ ਰਿਫੰਡ ਹੜੱਪਣ ਆਦਿ ਕੋਸ਼ਿਸ਼ਾਂ ਨਾਲ ਸੰਬੰਧਿਤ ਹੈ। ਇਸ ਰੈਕੇਟ ਦੀ ਤਹਿ ਤੱਕ ਜਾਣ, ਸਾਰੀਆਂ ਸਬੰਧਿਤ ਸੰਸਥਾਵਾਂ ਦੀ ਪਛਾਣ ਕਰਨ ਅਤੇ ਬਕਾਇਆ ਰਾਸ਼ੀ ਦੀ ਇੱਕ-ਇੱਕ ਪਾਈ ਵਸੂਲਣ ਲਈ ਅਗਲੇਰੀ ਜਾਂਚ ਜਾਰੀ ਹੈ।”

ਸੂਬੇ ਦੀ ਦੋਹਰੀ ਪਹੁੰਚ ਦਾ ਸਾਰ ਦਿੰਦਿਆਂ, ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੇ ਇਰਾਦੇ ਨੂੰ ਪੂਰੀ ਤਰ੍ਹਾਂ ਸਪੱਸ਼ਟ ਕੀਤਾ। ਉਨ੍ਹਾਂ ਕਿਹਾ, “ਪੰਜਾਬ ਦਾ ਮਜ਼ਬੂਤ ਮਾਲੀਆ ਪ੍ਰਦਰਸ਼ਨ ਇਮਾਨਦਾਰ ਕਰਦਾਤਾਵਾਂ ਦੇ ਵਧਦੇ ਭਰੋਸੇ, ਨਿਰੰਤਰ ਆਰਥਿਕ ਗਤੀਵਿਧੀ ਅਤੇ ਤਕਨਾਲੋਜੀ-ਸੰਚਾਲਿਤ ਟੈਕਸ ਪ੍ਰਸ਼ਾਸਨ ਨੂੰ ਦਰਸਾਉਂਦਾ ਹੈ। ਇਸਦੇ ਨਾਲ ਹੀ, ਜਾਅਲੀ ਬਿਲਿੰਗ, ਫਰਜ਼ੀ ਇਨਪੁਟ ਟੈਕਸ ਕ੍ਰੈਡਿਟ, ਜਾਂ ਧੋਖੇਬਾਜ਼ ਰਿਫੰਡ ਚੇਨਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਸਾਡਾ ਸੰਦੇਸ਼ ਸਪੱਸ਼ਟ ਹੈ ਕਿ ਅਜਿਹੇ ਹਰ ਨੈੱਟਵਰਕ ਦਾ ਪਤਾ ਲਗਾਇਆ ਜਾਵੇਗਾ, ਜਨਤਕ ਮਾਲੀਏ ਦੀ ਰੱਖਿਆ ਕੀਤੀ ਜਾਵੇਗੀ, ਅਤੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਹ ਵਾਧੂ ਮਾਲੀਆ ਜਨਤਕ ਸੇਵਾਵਾਂ ਅਤੇ ਵਿਕਾਸ ਕਾਰਜਾਂ ਲਈ ਸੂਬੇ ਦੀ ਸਮਰੱਥਾ ਨੂੰ ਮਜ਼ਬੂਤ ਕਰੇਗਾ।”

ਇਸ ਕਾਮਯਾਬੀ ਦਾ ਬਣਦਾ ਸਿਹਰਾ ਦਿੰਦਿਆਂ, ਵਿੱਤ ਮੰਤਰੀ ਨੇ ਨਿਯਮਾਂ ਦੀ ਪਾਲਣਾ ਕਰਨ ਵਾਲੇ ਕਰਦਾਤਾਵਾਂ ਅਤੇ ਆਬਕਾਰੀ ਤੇ ਕਰ ਵਿਭਾਗ ਦੇ ਸਮਰਪਿਤ ਅਧਿਕਾਰੀਆਂ ਦੀ ਸ਼ਾਨਦਾਰ ਉਗਰਾਹੀ ਲਈ ਸ਼ਲਾਘਾ ਕੀਤੀ। ਉਨ੍ਹਾਂ ਸੂਬੇ ਦੇ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਪੰਜਾਬ ਸਰਕਾਰ ਆਪਣੀ ਕਹਿਣੀ ਅਤੇ ਕਰਨੀ ਨੂੰ ਪੂਰਾ ਕਰਦੇ ਹੋਏ, ਕਰਦਾਤਾਵਾਂ ਦੀ ਸਹੂਲਤ ਦੇ ਨਾਲ-ਨਾਲ ਡਾਟਾ-ਅਧਾਰਿਤ ਪੜਤਾਲ, ਫੀਲਡ ਵਿੱਚ ਸਖ਼ਤ ਇਨਫੋਰਸਮੈਂਟ, ਅਤੇ ਸੰਗਠਿਤ ਟੈਕਸ ਧੋਖਾਧੜੀ ਵਿਰੁੱਧ ਤੁਰੰਤ ਕਾਰਵਾਈ ਕਰਨਾ ਜਾਰੀ ਰੱਖੇਗੀ।